ਜਲੰਧਰ, ਲੁਧਿਆਣਾ ਅਤੇ ਅੰਮਿ੍ਰਤਸਰ ’ਚ ਪ੍ਰੋਗਰਾਮਾਂ ਨੂੰ ਕਰਨਗੇ ਸੰਬੋਧਨ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕੇ ਸ਼ਨੀਵਾਰ ਤੋਂ ਆਪਣੇ ਦੋ ਦਿਨਾ ਦੌਰੇ ’ਤੇ ਪੰਜਾਬ ਆਉਣਗੇ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਦੇ ਨਾਲ ਮੌਜੂਦ ਰਹਿਣਗੇ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੇਜਰੀਵਾਲ ਦਾ ਇਹ ਦੋ ਦਿਨਾ ਦੌਰਾ ਲੋਕ ਸਭਾ ਚੋਣਾਂ ’ਤੇ ਕੇਂਦਰਿਤ ਰਹੇਗਾ। ਜਾਣਕਾਰੀ ਇਹ ਵੀ ਪ੍ਰਾਪਤ ਹੋਈ ਹੈ ਕਿ ਕਈ ਪ੍ਰੋਗਰਾਮਾਂ ਨੂੰ ਸੰਬੋਧਨ ਕਰਨ ਦੇ ਨਾਲ-ਨਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਸਬੰਧੀ ਚਰਚਾ ਵੀ ਕੀਤੀ ਜਾਵੇਗੀ। ਮੀਡੀਆ ਰਿਪੋਰਟਾਂ ਅਨੁਸਾਰ ਅਰਵਿੰਦ ਕੇਜਰੀਵਾਲ ਭਲਕੇ ਸ਼ਨੀਵਾਰ ਨੂੰ ਜਲੰਧਰ ਵਿਖੇ ਪਹੁੰਚਣਗੇ ਅਤੇ ਇਥੇ ਉਹ ਪੰਜਾਬ ਦੇ 150 ਮੁਹੱਲਾ ਕਲੀਨਿਕਾਂ ਨੂੰ ਪੰਜਾਬੀਆਂ ਦੇ ਹਵਾਲੇ ਕਰਨਗੇ। ਇਸ ਦੌਰਾਨ ਇਕ ਵਿਸ਼ਾਲ ਰੈਲੀ ਦਾ ਆਯੋਜਨ ਵੀ ਰੱਖਿਆ ਗਿਆ, ਜਿਸ ਨੂੰ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਸੰਬੋਧਨ ਕਰਦੇ ਹੋਏ ਵਿਰੋਧੀਆਂ ’ਤੇ ਸਿਆਸੀ ਨਿਸ਼ਾਨੇ ਸਾਧਣਗੇ। ਇਹ ਦੋਵੇਂ ਆਗੂ ਲੁਧਿਆਣਾ ’ਚ ਹੋਣ ਵਾਲੀ ਵਪਾਰ ਮਿਲਣੀ ਸਮਾਰੋਹ ’ਚ ਵੀ ਹਿੱਸਾ ਲੈਣਗੇ ਅਤੇ ਤਿੰਨ ਐਮੀਨੈਂਸ ਸਕੂਲਾਂ ਨੂੰ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਨਗੇ।