
ਡੋਨਾਲਡ ਟਰੰਪ ਨੇ ਚੀਨ ’ਤੇ ਟੈਰਿਫ 10 ਫੀਸਦੀ ਘਟਾਇਆ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵਿਚਕਾਰ ਸਾਊਥ ਕੋਰੀਆ ਦੇ ਬੁਸਾਨ ਵਿਚ ਏਅਰਪੋਰਟ ’ਤੇ ਹੋਈ ਬੈਠਕ ਵਿਚ ਟਰੇਡ ਡੀਲ ਪੂਰੀ ਹੋ ਗਈ ਹੈ। ਹਾਲਾਂਕਿ ਇਸ ਡੀਲ ’ਤੇ ਦਸਤਖਤ ਹੋਣੇ ਬਾਕੀ ਹਨ। ਟਰੰਪ ਨੇ ਇਹ ਜਾਣਕਾਰੀ ਸਾਊਥ ਕੋਰੀਆ ਤੋਂ ਅਮਰੀਕਾ ਜਾਂਦੇ ਸਮੇਂ ਜਹਾਜ਼ ਵਿਚ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਚੀਨ ’ਤੇ 10 ਫੀਸਦੀ ਟੈਰਿਫ ਘੱਟ ਕਰ ਦਿੱਤਾ ਗਿਆ ਹੈ। ਬਦਲੇ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਮਰੀਕਾ ਤੋਂ ਵੱਡੀ ਮਾਤਰਾ ਵਿਚ ਸੋਇਆਬੀਨ ਖਰੀਦਣ ’ਤੇ ਤਿਆਰ ਹੋਏ ਹਨ। ਟਰੰਪ ਨੇ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਸਾਊਥ ਕੋਰੀਆ ਦੇ ਬੁਸਾਨ ਵਿਚ ਕਰੀਬ ਡੇਢ ਘੰਟਾ ਮੀਟਿੰਗ ਹੋਈ ਹੈ। ਮੁਲਾਕਾਤ ਦੌਰਾਨ ਟਰੰਪ ਅਤੇ ਜਿਨਪਿੰਗ ਨੇ ਹੱਥ ਮਿਲਾ ਕੇ ਇਕ ਦੂਜੇ ਦਾ ਸਵਾਗਤ ਕੀਤਾ। ਦੱਸਣਯੋਗ ਹੈ ਕਿ ਟਰੰਪ ਅਤੇ ਜਿਨਪਿੰਗ 6 ਸਾਲਾਂ ਬਾਅਦ ਮਿਲੇ ਹਨ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਦੀ ਮੁਲਾਕਾਤ 2019 ਵਿਚ ਹੋਈ ਸੀ।

