Breaking News
Home / ਰੈਗੂਲਰ ਕਾਲਮ / ਮੇਰੀ ਆਖਰੀ ਪੋਸਟ

ਮੇਰੀ ਆਖਰੀ ਪੋਸਟ

ਜਰਨੈਲ ਸਿੰਘ
(ਕਿਸ਼ਤ 25ਵੀਂ)
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਆਮ ਜਹਾਜ਼ਾਂ ਦੇ ਇੰਜਣ ਜ਼ਮੀਨ ਦੇ ਸਮਾਨਾਂਤਰ ਹੁੰਦੇ ਹਨ ਤੇ ‘ਨੋਜ਼ ਸੈਕਸ਼ਨ’ ਮੂਹਰਲੇ ਪਾਸੇ ਹੁੰਦਾ ਹੈ। ਪਰ ਹੈਲੀਕਾਪਟਰ ਦਾ ਇੰਜਣ ਖੜਵੇਂ ਰੁਖ ਹੋਣ ਕਰਕੇ ‘ਨੋਜ਼ ਸੈਕਸ਼ਨ’ ਸਭ ਤੋਂ ਉੱਪਰ ਹੁੰਦਾ ਹੈ। ਇਸ ਸੈਕਸ਼ਨ ਦੇ ਮਕੈਨਿਜ਼ਮ ਰਾਹੀਂ ਹੈਲੀਕਾਪਟਰ ਉੱਪਰਲਾ ਪੱਖਾ ਵੱਖ-ਵੱਖ ਸਪੀਡਾਂ ‘ਤੇ ਚਲਦਾ ਹੈ। ਸੈਂਟਰ ਸੈਕਸ਼ਨ ‘ਚ ਕਰੈਂਕਸ਼ਾਫਟ ਤੇ ਹੋਰ ਵੱਡੇ ਪੁਰਜੇ ਹੁੰਦੇ ਹਨ ਤੇ ਰੀਅਰ ਸੈਕਸ਼ਨ ਵਿਚ ਜਹਾਜ਼ ਦੇ ਆਇਲ ਪੰਪ, ਵਾਇਰਲੈੱਸ ਸੈੱਟ, ਜਨਰੇਟਰ ਆਦਿ ਸਹਾਇਕ ਪੁਰਜੇ।’ਨੋਜ਼ ਸੈਕਸ਼ਨ’ ‘ਚ ਅਸੀਂ ਤਿੰਨ ਜਣੇ ਸਾਂ। ਇੰਚਾਰਜ ਸਾਰਜੈਂਟ ਕੁਲਕਰਨੀ (ਮਰਾਠੀ) ਕਾਰਪੋਰਲ ਯਾਦਵ (ਹਰਿਆਣਵੀ) ਤੇ ਮੈਂ।
ਤਿੰਨਾਂ ਭਾਗਾਂ ਦੀਆਂ ਅੱਡ-ਅੱਡ ਸਰਵਿਸਾਂ ਮੁਕੰਮਲ ਕਰਕੇ ਉਨ੍ਹਾਂ ਨੂੰ ਆਪਸ ‘ਚ ਜੋੜ ਦਿੱਤਾ ਜਾਂਦਾ ਸੀ। ਉਸ ਤੋਂ ਬਾਅਦ ਤਕਨੀਸ਼ਨਾਂ ਦੀ ਵੱਖਰੀ ਟੀਮ ਇੰਜਣ ਨੂੰ ਟੈਸਟ-ਬੈੱਡ ‘ਤੇ ਫਿੱਟ ਕਰਕੇ ਉਸਦਾ ਨਿਭਾਅ ਚੈੱਕ ਕਰਦੀ ਸੀ। ਟੈਸਟ-ਬੈੱਡ ਦੀ ਬਣਤਰ, ਜਹਾਜ਼ ਦੀ ਬਣਤਰ ਦੇ ਅਨੁਕੂਲ ਹੁੰਦੀ ਹੈ। ਸੋ ਟੈਸਟ-ਬੈੱਡ ‘ਤੇ ਚੈੱਕ ਕੀਤੇ ਇੰਜਣ ਦਾ ਨਿਭਾਅ, ਜਹਾਜ਼ ‘ਤੇ ਫਿੱਟ ਕੀਤੇ ਇੰਜਣ ਦੇ ਬਰਾਬਰ ਹੁੰਦਾ ਹੈ।
ਓਵਰਹਾਲਿੰਗ ਦੌਰਾਨ ਤਕਨੀਸ਼ਨਾਂ ਵੱਲੋਂ ਕੀਤੇ ਹਰ ਕੰਮ ਦੇ ਵੇਰਵੇ, ਰਿਕਾਰਡ ਵਜੋਂ ਸੰਬੰਧਿਤ ਫਾਰਮਾਂ ‘ਚ ਦਰਜ ਕੀਤੇ ਜਾਂਦੇ ਹਨ।
ਬਾਹਰਲੇ ਦੇਸ਼ਾਂ ਤੋਂ ਖ਼ਰੀਦੇ ਜਹਾਜ਼ਾਂ ਦੇ ਨਿਰਮਾਤਾ, ਵੱਧ ਪੁਰਜੇ ਵੇਚਣ ਦੇ ਲਾਲਚ ‘ਚ, ਆਪਣੀਆਂ ਏਅਰ ਪਬਲੀਕੇਸ਼ਨਜ਼ ਵਿਚ ਕਿਤੇ-ਕਿਤੇ ਤਰਕਹੀਣ ਹਦਾਇਤਾਂ ਵੀ ਲਿਖ ਦੇਂਦੇ ਹਨ। MI- D ਹੈਲੀਕਾਪਟਰ ਰੂਸ ਤੋਂ ਖ਼ਰੀਦੇ ਹੋਏ ਸਨ। ਇਸ ਜਹਾਜ਼ ਦੀ ਕਰੈਂਕਸ਼ਾਫਟ ਤਿੰਨ ਹਿੱਸਿਆਂ ਦਾ ਜੋੜ ਸੀ। ਹਦਾਇਤ ਇਹ ਸੀ ਕਿ ਤਿੰਨ੍ਹਾਂ ਵਿਚੋਂ ਜੇ ਇਕ ਹਿੱਸਾ ਕਰੈਕ ਹੋ ਜਾਏ ਜਾਂ ਜ਼ਿਆਦਾ ਘਸ ਜਾਏ, ਤਿੰਨੇ ਹਿੱਸੇ ਬਦਲੇ ਜਾਣ। ਸੈਂਟਰ ਸੈਕਸ਼ਨ ਦੇ ਤਕਨੀਸ਼ਨਾਂ ਨੇ ਆਪਣੇ ਤੌਰ ‘ਤੇ ਨਾਪ-ਤੋਲ ਕਰਕੇ ਵੇਖ ਲਿਆ ਸੀ ਕਿ ਜੇ ਸਿਰਫ਼ ਕਰੈਕ ਜਾਂ ਘਸਿਆ ਹੋਇਆ ਹਿੱਸਾ ਹੀ ਬਦਲਿਆ ਜਾਵੇ ਤਾਂ ਵੀ ਤਿੰਨਾਂ ਹਿੱਸਿਆਂ ਦੀ ਇਕਜੁਟਤਾ ਬਣ ਸਕਦੀ ਸੀ। ਉਨ੍ਹਾਂ ਨੇ ਇੰਜਨੀਅਰਿੰਗ ਅਫਸਰ ਸੁਕਆਡਰਨ ਲੀਡਰ ਔਜਲਾ ਨਾਲ਼ ਗੱਲ ਕੀਤੀ। ਉਸਨੇ ਇਕ ਇੰਜਣ- ਜਿਸਦੀ ਕਰੈਂਕਸ਼ਾਫਟ ਦਾ ਸਿਰਫ਼ ਇਕ ਹਿੱਸਾ ਹੀ ਬਦਲਿਆ ਗਿਆ ਸੀ-ਨੂੰ ਟੈਸਟ-ਬੈੱਡ ‘ਤੇ ਚੈੱਕ ਕਰਨ ਵਾਸਤੇ, ਚੀਫ ਟੈਕਨੀਕਲ ਅਫਸਰ ਕੋਲ਼ੋਂ ਇਜਾਜ਼ਤ ਲੈ ਲਈ। ਟੈਸਟ-ਬੈੱਡ ਤੇ ਵਿਸ਼ੇਸ਼ ਸਾਵਧਾਨੀ ਵਰਤੀ ਗਈ। ਇੰਜਣ ਦਾ ਨਿਭਾਅ ਠੀਕ ਰਿਹਾ। ਕੁਝ ਦਿਨਾਂ ਦੇ ਵਕਫੇ ਬਾਅਦ ਇੰਜਣ ਦੂਜੀ ਵਾਰ ਟੈਸਟ ਕੀਤਾ ਗਿਆ। ਨਿਭਾਅ ਸੌ ਫੀ ਸਦੀ ਠੀਕ ਸੀ। ਹਦਾਇਤਾਂ ‘ਚ ਤਰਮੀਮ ਕਰ ਦਿੱਤੀ ਗਈ। ਭਾਰਤ ਸਰਕਾਰ ਦੇ ਖਜਾਨੇ ‘ਤੇ ਪੈਂਦਾ ਕੁਝ ਬੋਝ ਘਟ ਗਿਆ।
ਕਹਾਣੀ ਨਾਲ਼ ਨਾਤਾ : ਐਮ.ਏ ਪੰਜਾਬੀ ਦੇ ਪਹਿਲੇ ਭਾਗ ਦੇ ਸਿਲੇਬਸ ਵਿਚ ਤਿੰਨ ਕਹਾਣੀ ਸੰਗ੍ਰਹਿ ਲੱਗੇ ਹੋਏ ਸਨਂ ਸੁਜਾਨ ਸਿੰਘ ਦਾ ‘ਦੁੱਖ ਸੁੱਖ’ ਕਰਤਾਰ ਸਿੰਘ ਦੁੱਗਲ ਦਾ ‘ਪਾਰੇ ਮੈਰੇ’ ਤੇ ਕੁਲਵੰਤ ਸਿੰਘ ਵਿਰਕ ਦਾ ‘ਨਵੇਂ ਲੋਕ’। ਉਦੋਂ ਤੱਕ ਮੈਂ ਨਾਵਲ ਤਾਂ ਬਹੁਤ ਪੜ੍ਹੇ ਸਨ ਪਰ ਕਹਾਣੀਆਂ ਬਹੁਤ ਹੀ ਘੱਟ। ਉਹ ਵੀ ਐਵੇਂ ਹਲਕੀਆਂ-ਫੁਲਕੀਆਂ ਜਿਹੀਆਂ ਤੇ ਮੇਰੀ ਇਹ ਧਾਰਨਾ ਬਣੀ ਹੋਈ ਸੀ ਕਿ ਕਹਾਣੀ ਅਹਿਮ ਤੇ ਗੰਭੀਰ ਵਿਸ਼ਿਆਂ ਦੀ ਵਾਹਕ ਨਹੀਂ ਬਣ ਸਕਦੀ। ਪਰ ਇਨ੍ਹਾਂ ਤਿੰਨ੍ਹਾਂ ਸੰਗ੍ਰਿਹਾਂ ਦੀ ਪੜ੍ਹਤ ਨੇ ਮੇਰੀ ਧਾਰਨਾ ਨੂੰ ਗਲਤ ਸਾਬਤ ਕਰ ਦਿੱਤਾ।
ਐਮ.ਏ ਦੇ ਚਾਰੇ ਪੇਪਰਾਂ ਬਾਰੇ ਯੂਨੀਵਰਸਿਟੀ ਵੱਲੋਂ ਭੇਜੇ ਜਾਂਦੇ ਲੈਸਨਾਂ ਵਿਚ ਕਹਾਣੀ ਦੇ ਵਿਦਵਾਨਾਂ ਦੇ ਲੇਖ ਵੀ ਹੁੰਦੇ ਸਨ। ਉਨ੍ਹਾਂ ਲੇਖਾਂ ਵਿਚ ਕਹਾਣੀ ਦੇ ਰੂਪ, ਟੈਕਨੀਕ, ਬਣਤਰ ਆਦਿ ਬਾਰੇ ਪੜ੍ਹਦਿਆਂ ਮੈਂ ਕਹਾਣੀ ਦੀ ਵਿਧਾ ਵੱਲ ਖਿੱਚਿਆ ਗਿਆ।
ਯੂਨੀਵਰਸਿਟੀ ਵੱਲੋਂ ਸਾਲ ਵਿਚ ਦੋ ‘ਪਰਸਨਲ ਕਾਂਟੈਕਟ ਪ੍ਰੋਗਰਾਮ’ ਕੀਤੇ ਜਾਂਦੇ ਸਨ। ਵਿਦਿਆਰਥੀਆਂ ਨੂੰ ਯੂਨੀਵਰਸਿਟੀ ‘ਚ ਸੱਦ ਕੇ ਹੋਸਟਲਾਂ ਵਿਚ ਠਹਿਰਾਇਆ ਜਾਂਦਾ। ਦੱਸ-ਬਾਰਾਂ ਦਿਨ ਦੇ ਉਨ੍ਹਾਂ ਪ੍ਰੋਗਰਾਮਾਂ ਵਿਚ ਬਾਕਾਇਦਾ ਕਲਾਸਾਂ ਲਗਦੀਆਂ। ਪ੍ਰੋਫੈਸਰ ਆਪੋ ਆਪਣੇ ਸਬਕ ਪੜ੍ਹਾਉਂਦੇ। ਸਿਲੇਬਸ ਦੀਆਂ ਕਹਾਣੀਆਂ ਬਾਰੇ ਲੈਕਚਰ ਸੁਣ ਕੇ ਮੈਨੂੰ ਕਹਾਣੀ ਦੀ ਹੁਨਰਮੰਦੀ ਦੀ ਸਮਝ ਆ ਗਈ… ਕਹਾਣੀ ਦੀ ਵਿਧਾ ਮੈਨੂੰ ਆਪਣੀ ਲਿਖਣ-ਰੁਚੀ ਦੇ ਵਧੇਰੇ ਅਨੁਕੂਲ ਲੱਗੀ… ਤੇ ਮੈਂ ਯੂਨੀਵਰਸਿਟੀ ‘ਚ ਹੀ ਆਪਣੀ ਪਹਿਲੀ ਕਹਾਣੀ ਲਿਖ ਮਾਰੀ। ਡਾ.ਤ੍ਰਿਲੋਕ ਆਨੰਦ ਨੂੰ ਦਿਖਾਈ। ”ਇਹ ਤੁਹਾਡੀ ਪਹਿਲੀ ਕਹਾਣੀ ਹੈ?” ਉਸਨੇ ਪੁੱਛਿਆ।
ਮੇਰੇ ਵੱਲੋਂ ‘ਹਾਂ’ ਕਹਿਣ ‘ਤੇ ਉਹ ਬੋਲਿਆ, ”ਇਹ ਕਹਾਣੀ ਬਣ ਗਈ ਹੈ। ਤੁਹਾਡੇ ‘ਚ ਸੰਭਾਵਨਾਵਾਂ ਹੈਗੀਆਂ ਨੇ, ਲਿਖਣਾ ਜਾਰੀ ਰੱਖੋ।”
ਕਹਾਣੀ ਦਾ ਨਾਂ ਹੈ ‘ਚਾਬੀ’। ਅਕਤੂਬਰ 1974 ਦੀ ਗੱਲ ਹੈ ਇਹ। 30 ਸਾਲ ਦੀ ਉਮਰ ਸੀ ਉਦੋਂ ਮੇਰੀ। ਮੈਂ ਨਾਵਲਕਾਰੀ ਦੀਆਂ ਸਕੀਮਾਂ ਤਿਆਗ ਦਿੱਤੀਆਂ ਤੇ ਕਹਾਣੀ ਨਾਲ਼ ਨਾਤਾ ਬਣਾ ਲਿਆ। ਪਹਿਲਾਂ ਲਿਖੇ ਨਾਵਲ ਨੂੰ ਸੋਧਣ ਦਾ ਵਿਚਾਰ ਵੀ ਛੱਡ ਦਿੱਤਾ।’ਚਾਬੀ’ ਕਹਾਣੀ ਦਾ ਮੁੱਖ ਪਾਤਰ ਮੈਂ ਆਪ ਹੀ ਹਾਂ। ਵਿਸ਼ਾ ਸੀ ਮੇਰੇ ਲਿਵਰ ਦੀ ਬਿਮਾਰੀ ਜਿਹੜੀ ਮੈਂ ਮਨ ਨੂੰ ਲਾ ਕੇ ਨਿਰਾਸ਼ਤਾ ਸਹੇੜ ਲਈ ਸੀ। ਪਰ ਕਹਾਣੀ ਵਿਚ ਗੁੰਝਲ, ਵੱਖਰੀ ਸਥਿਤੀ ਰਾਹੀਂ ਪੈਦਾ ਕੀਤੀ ਹੈ। ਉਹ ਸਥਿਤੀ ਅਤੇ ਪਤਨੀ ਵੱਲੋਂ ਮਿਲ਼ੇ ਧੀਰਜ ਨੂੰ ਪੱਲੇ ਬੰਨ੍ਹਣ ਦੀ ਪ੍ਰੇਰਨਾ ਮੁੱਖ ਪਾਤਰ ਦੀ ਸੋਚ ਨੂੰ ਹਾਂ-ਪੱਖੀ ਬਣਾਉਣ ਵਿਚ ਸਹਾਈ ਹੁੰਦੀ ਹੈ। ਸੰਕੇਤਕ ਰੂਪ ‘ਚ ਕਹਾਣੀ ਵਿਚਲਾ ਸੁਨੇਹਾ ਇਹ ਹੈ ਕਿ ਹਾਂ-ਪੱਖੀ ਸੋਚ ਦੀ ਚਾਬੀ ਮਨੁੱਖ ਦੇ ਅੰਦਰ ਹੀ ਪਈ ਹੁੰਦੀ ਹੈ। ਇਸਦੀ ਹੋਂਦ ਤੋਂ ਦੂਰ ਨਹੀਂ ਜਾਣਾ ਚਾਹੀਦਾ।
ਭਾਰਤ ਦੇ ਅਨੇਕਾਂ ਇਲਾਕਿਆਂ ਅਤੇ ਉੱਥੋਂ ਦੇ ਲੋਕਾਂ ਬਾਰੇ ਅਨੁਭਵ ਹੋਣ ਦੇ ਬਾਵਜੂਦ ਮੇਰਾ ਕਹਾਣੀ ਰਚਣ ਦਾ ਕਾਰਜ ਸਵੈ ਅਤੇ ਘਰ-ਪਰਿਵਾਰ ਤੋਂ ਸ਼ੁਰੂ ਹੋਇਆ।
‘ਚਾਬੀ ‘ਤੋਂ ਅਗਲੀਆਂ ਕਹਾਣੀਆਂ ‘ਬੂਸਟਰ’ ‘ਬੁਰਜ ਦੀ ਇੱਟ’, ‘ਸਿਆਹੀ ਫ਼ੈਲ ਗਈ’ ਵਿਚ ਮੈਂ ਸਵੈ, ਪਤਨੀ ਤੇ ਬੇਟਿਆਂ ਨੂੰ ਪਾਤਰ ਬਣਾਇਆ। ਇਨ੍ਹਾਂ ਕਹਾਣੀਆਂ ਵਿਚ ਮੈਂ ਮਰਦ ਪਾਤਰਾਂ ਨੂੰ ਆਪਣੀਆਂ ਪਤਨੀਆਂ ਤੇ ਬੱਚਿਆਂ ਵੱਲੋਂ ਮਿਲ਼ਦੇ ਸਨੇਹ, ਸਹਿਯੋਗ ਅਤੇ ਹੌਸਲੇ ਸਦਕਾ ਜ਼ਿੰਦਗੀ ਦੀਆਂ ਔਕੜਾਂ-ਮੁਸ਼ਕਲਾਂ ਨਾਲ਼ ਜੂਝਦੇ ਵਿਖਾਇਆ ਹੈ।
ਕਹਾਣੀਆਂ ਸੈਰ ਕਰਦਿਆਂ ਜਾਂ ਆਪਣੇ ਕੁਆਟਰ ਦੀ ਬਾਲਕੋਨੀ ‘ਚ ਬੈਠਿਆਂ ਫੁਰਦੀਆਂ ਸਨ। ਦੁਮੰਜਲੇ ਕੁਆਟਰਾਂ ਵਿਚ ਸਾਡਾ ਕੁਆਟਰ ਉੱਪਰ ਸੀ। ਦੋ ਉੱਪਰਲੇ ਤੇ ਦੋ ਹੇਠਲੇ ਕੁਆਟਰਾਂ ਦੇ ਦਰਵਾਜ਼ੇ ਆਹਮੋ ਸਾਹਮਣੇ ਸਨ। ਦੋ ਗਵਾਂਢੀਆਂ ਬਾਲਾ ਸੁਬਰਾਮਨੀਅਮ (ਤਾਮਿਲ) ਤੇ ਦਿਵਿਆ ਗਹਿਲੋਤ (ਰਾਜਸਥਾਨੀ) ਨਾਲ਼ ਸਾਡੀ ਵਧੀਆ ਬੋਲਚਾਲ ਸੀ। ਤੀਜਾ ਗਵਾਂਢੀ ਕੋਕੜੂ ਮੋਠ ਸੀ। ਬਾਲਾ ਸੁਬਰਾਮਨੀਅਮ ਨਾਲ਼ ਤਾਂ ਸਾਡੀ ਪਰਿਵਾਰਕ ਸਾਂਝ ਸੀ। ਅਸੀਂ ਆਪਸ ਵਿਚ ਪਕਵਾਨ ਸਾਂਝੇ ਕਰ ਲੈਂਦੇ ਸਾਂ। ਉਨ੍ਹਾਂ ਨੂੰ ਕੜ੍ਹੀ ਅਤੇ ਆਲੂਆਂ ਵਾਲ਼ੇ ਪਰਾਂਠੇ ਪਸੰਦ ਸਨ, ਸਾਨੂੰ ਡੋਸੇ ਅਤੇ ਉਪਮਾ। ਉਨ੍ਹਾਂ ਦੇ ਬੱਚੇ ਦੋ-ਦੋ, ਤਿੰਨ-ਤਿੰਨ ਸਾਲ ਦੇ ਫ਼ਰਕ ਨਾਲ਼ ਸਾਡੇ ਬੱਚਿਆਂ ਦੇ ਹਾਣੀ ਸਨ। ਉਹ ਰਲ਼ਮਿਲ਼ ਕੇ ਖੇਡ ਲੈਂਦੇ। ਬਾਲਾ ਸੁਬਰਾਮਨੀਅਮ ਪ੍ਰਾਈਵੇਟਲੀ ਬੀ.ਕਾਮ ਦੀ ਪੜ੍ਹਾਈ ਕਰ ਰਿਹਾ ਸੀ। ਗਵਾਂਢੀਆਂ ਤੋਂ ਸਿਵਾ ਅਸੈਂਬਲੀ ਹਾਲ ਦੇ ਮਾਧਵ ਰਾਓ (ਤੇਲਗੂ), ਰਾਕੇਸ਼ ਸੂਦ (ਹਿਮਾਚਲੀ) ਕਾਨੂੰ ਸਨਿਆਲ (ਬੰਗਾਲੀ) ਤੇ ਡਿੰਜਨ ਦੇ ਪੁਰਾਣੇ ਸਾਥੀ ਬੰਤਾ ਸਿੰਘ ਨਾਲ਼ ਵੀ ਸਾਂਝ ਬਣੀ ਹੋਈ ਸੀ।
ਘੁੰਮਣ-ਫਿਰਨ ਦੇ ਪ੍ਰੋਗਰਾਮ ਘੱਟ ਹੀ ਹੁੰਦੇ ਸਨ। ਸੈਕ੍ਰੇਟਰੀਏਟ, ਲੈਜਿਸਲੇਟਿਵ ਅਸੈਂਬਲੀ ਹਾਊਸ ਤੇ ਹਾਈਕੋਰਟ ਦੀਆਂ ਬਿਲਡਿੰਗਾਂ ਇਕ ਵਾਰ ਦੇਖ ਚੁੱਕੇ ਸਾਂ। ਉਨ੍ਹਾਂ ਵਿਚ ਵਾਰ-ਵਾਰ ਖਿੱਚ ਪਾਉਣ ਵਾਲ਼ੀ ਕੋਈ ਵਿਸ਼ੇਸ਼ਤਾ ਨਹੀਂ ਸੀ। ਗਰਮੀਆਂ ਵਿਚ ‘ਸੁਖਨਾ ਲੇਕ’ ਤੇ ਬਸੰਤ ਰੁੱਤ ਵਿਚ ‘ਰੋਜ਼ ਗਾਰਡਨ’ ਘੁੰਮ ਆਉਂਦੇ ਸਾਂ।
ਚੰਡੀਗੜ੍ਹ ਦੇ ਸਵੈ-ਸਿੱਖਿਅਤ ਅਜ਼ੀਮ ਕਲਾਕਾਰ ਨੇਕ ਚੰਦ ਵੱਲੋਂ ਗੁਪਤ ਤੌਰ ‘ਤੇ ਬਣਾਏ ‘ਰੌਕ ਗਾਰਡਨ’ ਬਾਰੇ 1975 ਜਾਂ ਸ਼ਾਇਦ 1976 ‘ਚ ਪਤਾ ਲੱਗਾ। ਕੂੜੇ-ਕਰਕਟ, ਰਹਿੰਦ-ਖੂੰਹਦ ਤੇ ਰੱਦੀ ਚੀਜ਼ਾਂ ਵਿਚੋਂ ਸਿਰਜੇ ਬੁੱਤ ਅਤੇ ਪ੍ਰਤੀਕਮਈ ਦ੍ਰਿਸ਼ਾਂ ਦੀ ਕਲਾਤਮਿਕਤਾ ਹੈਰਾਨ ਕਰਨ ਵਾਲ਼ੀ ਹੈ।
ਐਮ.ਏ ਭਾਗ ਪਹਿਲਾ ਮੈਂ ਪਾਸ ਕਰ ਲਿਆ ਸੀ। ਉਦੋਂ ਕੁ ਹੀ ਮੇਰੀ ਸਾਰਜੈਂਟ ਵਜੋਂ ਪ੍ਰਮੋਸ਼ਨ ਹੋ ਗਈ। ਮੈਨੂੰ ‘ਨੋਜ਼ ਸੈਕਸ਼ਨ’ ਦਾ ਇੰਚਾਰਜ ਬਣਾ ਦਿੱਤਾ ਗਿਆ। ਕੁਲਕਰਨੀ ਟੈਸਟ-ਬੈੱਡ ਟੀਮ ‘ਚ ਚਲਾ ਗਿਆ।
ਭਾਰਤੀ ਹਵਾਈ ਸੈਨਿਕਾਂ ਦੀ ਰੀਟਾਇਰਮੈਂਟ ਉਮਰ 55 ਸਾਲ ਹੈ। ਪਰ ਜੇ ਕੋਈ ਪਹਿਲਾਂ ਛੱਡਣੀ ਚਾਹੇ, ਉਹ 15 ਸਾਲ ਪੂਰੇ ਕਰਕੇ ਛੱਡ ਸਕਦਾ ਹੈ। ਨੌਕਰੀ ਛੱਡਣ ਤੋਂ ਇਕ ਸਾਲ ਪਹਿਲਾਂ ਜਦੋਂ ਮੈਂ ਅਣ-ਇੱਛਾ (unwillingness) ਭਰੀ ਤਾਂ ਸਾਡਾ ਅਫਸਰ ਸੁਕਆਡਰਨ ਲੀਡਰ ਔਜਲਾ, ਜੋ ਹੈਂਕੜ ਦੀ ਬਜਾਇ ਹਲੀਮ ਸੁਭਾਅ ਦਾ ਮਾਲਕ ਸੀ, ਮੈਨੂੰ ਕਹਿਣ ਲੱਗਾ, ”ਤੁਸੀਂ ਨੌਕਰੀ ਕਿਉਂ ਛੱਡ ਰਹੇ ਹੋ? ਸਾਰਜੈਂਟ ਬਣ ਗਏ ਓ, ਕਮਿਸ਼ਨ ਲਈ ਟਰਾਈ ਕਰੋ। ਬਾਹਰ ਕੀ ਪਤੈ, ਕਿੱਦਾਂ ਦੀ ਨੌਕਰੀ ਮਿਲ਼ੇ। ਛੋਟੇ-ਛੋਟੇ ਬੱਚੇ ਆ ਤੁਹਾਡੇ ਰਿਸਕ ਨਹੀਂ ਲੈਣਾ ਚਾਹੀਦਾ।”
”ਸਰ! ਮੈਨੂੰ ਪੂਰੀ ਉਮੀਦ ਐ ਕੋਈ ਦਰਮਿਆਨੀ ਜਿਹੀ ਨੌਕਰੀ ਮੈਂ ਲੱਭ ਹੀ ਲੈਣੀ ਆਂ।” ਮੈਂ ਵਿਸ਼ਵਾਸ਼ ਨਾਲ਼ ਆਖਿਆ। ਵੈਸੇ ਔਜਲਾ ਸਾਹਿਬ ਦੀ ਆਖੀ ‘ਰਿਸਕ’ ਵਾਲ਼ੀ ਗੱਲ ਗਲਤ ਨਹੀਂ ਸੀ। ਮੇਰਾ ਵੱਡਾ ਬੇਟਾ 8 ਸਾਲ ਦਾ ਸੀ ਤੇ ਛੋਟਾ 5 ਸਾਲ ਦਾ। ਪੈਨਸ਼ਨ ਸਿਰਫ਼ 130 ਰੁਪਏ ਪ੍ਰਤੀ ਮਹੀਨਾ ਲੱਗਣੀ ਸੀ।

(ਚਲਦਾ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …