ਪ੍ਰਸ਼ਾਸਨ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਫਿਰ ਰਹੀ ਬੇਨਤੀਜਾ
ਕਰਨਾਲ/ਬਿਊਰੋ ਨਿਊਜ਼
ਕਰਨਾਲ ਵਿਚ ਲੰਘੇ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਮਹਾਂ ਪੰਚਾਇਤ ਹੋਈ ਸੀ, ਜਿਸ ਵਿਚ ਬਹੁਤ ਵੱਡੀ ਗਿਣਤੀ ’ਚ ਕਿਸਾਨ ਪਹੁੰਚੇ। ਇਸੇ ਦੌਰਾਨ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ ਤੇ ਯੋਗੇਂਦਰ ਯਾਦਵ ਸਣੇ ਕਿਸਾਨਾਂ ਦੇ 11 ਮੈਂਬਰੀ ਵਫਦ ਨੇ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਸੀ, ਜੋ ਬੇਨਤੀਜਾ ਰਹੀ ਸੀ ਅਤੇ ਫਿਰ ਕਿਸਾਨਾਂ ਨੇ ਕਰਨਾਲ ਦੇ ਸਕੱਤਰੇਤ ਵੱਲ ਕੂਚ ਕਰ ਦਿੱਤਾ ਸੀ, ਜਿਸ ਦੌਰਾਨ ਪੁਲਿਸ ਨੇ ਕਿਸਾਨਾਂ ’ਤੇ ਪਾਣੀ ਦੀਆਂ ਬੁਛਾਰਾਂ ਵੀ ਮਾਰੀਆਂ। ਇਸ ਸਭ ਦੇ ਬਾਵਜੂਦ ਕਿਸਾਨਾਂ ਨੇ ਸਕੱਤਰੇਤ ਦੇ ਮੂਹਰੇ ਧਰਨਾ ਸ਼ੁਰੂ ਕਰ ਦਿੱਤਾ। ਅੱਜ ਫਿਰ ਕਿਸਾਨ ਆਗੂਆਂ ਦੇ ਵਫਦ ਦੀ ਤਿੰਨ ਘੰਟੇ ਪ੍ਰਸ਼ਾਸਨ ਨਾਲ ਦੁਬਾਰਾ ਮੀਟਿੰਗ ਹੋਈ ਅਤੇ ਇਹ ਮੀਟਿੰਗ ਵੀ ਬੇਸਿੱਟਾ ਹੀ ਰਹੀ ਹੈ। ਮੀਟਿੰਗ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਡਾ ਇਕ ਮੋਰਚਾ ਦਿੱਲੀ ਬਾਰਡਰ ’ਤੇ ਹੈ ਅਤੇ ਦੂਜਾ ਹੁਣ ਕਰਨਾਲ ਵਿਚ ਜਾਰੀ ਰਹੇਗਾ। ਧਿਆਨ ਰਹੇ ਕਿ ਕਿਸਾਨ ਮੰਗ ਕਰ ਰਹੇ ਹਨ ਕਿ ‘ਕਿਸਾਨਾਂ ਦੇ ਸਿਰ ਭੰਨਣ ਦਾ ਹੁਕਮ’ ਦੇਣ ਵਾਲੇ ਐਸਡੀਐਮ ਖਿਲਾਫ ਹੋਵੇ ਕਾਰਵਾਈ ਅਤੇ ਪੁਲਿਸ ਲਾਠੀਚਾਰਜ ਦੌਰਾਨ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …