ਨਵੀਂ ਦਿੱਲੀ/ਬਿਊਰੋ ਨਿਊਜ਼ : ਪਾਕਿਸਤਾਨ ਦੀ ਫ਼ੌਜੀ ਅਦਾਲਤ ਵੱਲੋਂ ਭਾਰਤੀ ਸ਼ਹਿਰੀ ਕੁਲਭੂਸ਼ਣ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਖ਼ਿਲਾਫ਼ ਭਾਰਤ ਨੇ ਸਖ਼ਤ ਸਟੈਂਡ ਲੈਂਦਿਆਂ ਗੁਆਂਢੀ ਮੁਲਕ ਨੂੰ ਖ਼ਬਰਦਾਰ ਕੀਤਾ ਕਿ ਉਹ ਜਾਧਵ ਨੂੰ ਇਨਸਾਫ਼ ਦਿਵਾਉਣ ਲਈ ‘ਕੁਝ ਵੀ ਕਰ’ ਸਕਦਾ ਹੈ। ਪਾਕਿਸਤਾਨ ਨੂੰ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਨਾਲ ਦੋਵਾਂ ਮੁਲਕਾਂ ਦੇ ਦੁਵੱਲੇ ਰਿਸ਼ਤਿਆਂ ਉਤੇ ਮਾੜਾ ਅਸਰ ਪਵੇਗਾ। ਇਸ ਮਾਮਲੇ ਉਤੇ ਸੰਸਦ ਵਿੱਚ ਭਾਰੀ ਸ਼ੋਰ-ਸ਼ਰਾਬਾ ਹੋਇਆ। ਸੰਸਦ ਦੇ ਦੋਵਾਂ ਸਦਨਾਂ ਵਿੱਚ ਸਾਰੀਆਂ ਪਾਰਟੀਆਂ ਨੇ ਇਕਮੁੱਠ ਹੁੰਦਿਆਂ ਇਸ ਕਾਰਵਾਈ ਦੀ ਨਿਖੇਧੀ ਕੀਤੀ ਤੇ ਸਰਕਾਰ ਉਤੇ ਜ਼ੋਰ ਪਾਇਆ ਕਿ ਉਹ ਜਾਧਵ ਦੀ ਮੱਦਦ ਲਈ ਜ਼ਰੂਰੀ ਕਦਮ ਉਠਾਵੇ। ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖ਼ਲ ਦੀ ਅਪੀਲ ਕਰਦਿਆਂ ਕਿਹਾ ਕਿ ਪਾਕਿਸਤਾਨ ਉਤੇ ਸਫ਼ਾਰਤੀ ਦਬਾਅ ਪਾ ਕੇ ਜਾਧਵ ਨੂੰ ਰਿਹਾਅ ਕਰਵਾਇਆ ਜਾਵੇ। ਸਰਕਾਰ ਤੇ ਵਿਰੋਧੀ ਧਿਰ ਦੋਵਾਂ ਨੇ ਇਸ ਕਾਰਵਾਈ ਨੂੰ ਭਾਰਤ ਨੂੰ ਬਦਨਾਮ ਕਰਨ ਅਤੇ ਪਾਕਿਸਤਾਨ ਦੀ ਸ਼ਹਿ-ਪ੍ਰਾਪਤ ਦਹਿਸ਼ਤਗਰਦੀ ਤੋਂ ਆਲਮੀ ਭਾਈਚਾਰੇ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰਾਰ ਦਿੱਤਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੋਵਾਂ ਸਦਨਾਂ ਵਿੱਚ ਬਿਆਨ ਦਿੰਦਿਆਂ ਆਖਿਆ ਕਿ ਇਕ ‘ਅਗਵਾਸ਼ੁਦਾ ਬੇਕਸੂਰ ਭਾਰਤੀ’ ਨੂੰ ਇਨਸਾਫ਼ ਦਿਵਾਉਣ ਲਈ ਭਾਰਤ ‘ਕੁਝ ਵੀ ਕਰਨ’ ਲਈ ਤਿਆਰ ਹੈ।
ਪਾਕਿਸਤਾਨੀ ਫ਼ੌਜ ਕਿਸੇ ਵੀ ਖਤਰੇ ਦਾ ਟਾਕਰਾ ਕਰਨ ਲਈ ਤਿਆਰ : ਸ਼ਰੀਫ਼
ਇਸਲਾਮਾਬਾਦ: ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਸਜ਼ਾ-ਏ-ਮੌਤ ਸੁਣਾਏ ਜਾਣ ਕਾਰਨ ਭਾਰਤ ਨਾਲ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ ਕਿ ਮੁਲਕ ਦੀਆਂ ਫ਼ੌਜਾਂ ਦੇਸ਼ ਨੂੰ ਕਿਸੇ ਵੀ ਖ਼ਤਰੇ ਦਾ ਟਾਕਰਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਾਰੇ ਮੁਲਕਾਂ ਖ਼ਾਸਕਰ ਆਪਣੇ ਗੁਆਂਢੀਆਂ ਨਾਲ ਚੰਗੇ ਰਿਸ਼ਤੇ ਚਾਹੁੰਦਾ ਹੈ ਪਰ ਇਸ ਦੇ ਬਾਵਜੂਦ ‘ਆਪਣੀ ਪ੍ਰਭੂਸੱਤਾ ਤੇ ਆਜ਼ਾਦੀ ઠਨਾਲ ਕੋਈ ਸਮਝੌਤਾ’ ਨਹੀਂ ਕਰੇਗਾ। ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਕਿਹਾ ਕਿ ਜਾਧਵ ਨੂੰ 60 ਦਿਨਾਂ ਦੌਰਾਨ ਸਜ਼ਾ ਖ਼ਿਲਾਫ਼ ਅਪੀਲ ਕਰਨ ઠਦਾ ਹੱਕ ਹੈ। ਉਨ੍ਹਾਂ ਸੁਣਾਈ ਗਈ ਸਜ਼ਾ ਨੂੰ ਸਹੀ ਕਰਾਰ ਦਿੱਤਾ।
Check Also
ਹਰੇਕ ਜੋੜੇ ਨੂੰ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਨੇ: ਭਾਗਵਤ
ਨਾਗਪੁਰ (ਮਹਾਰਾਸ਼ਟਰ)/ਬਿਊਰੋ ਨਿਊਜ਼ : ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਆਬਾਦੀ …