ਸਚਿਨ ਪਾਇਲਟ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ : ਪੰਜਾਬ ਦੀ ਤਰਜ ‘ਤੇ ਹੁਣ ਰਾਜਸਥਾਨ ਕਾਂਗਰਸ ‘ਚ ਵੀ ਬਦਲਾਅ ਲਈ ਬਲੂ ਪ੍ਰਿੰਟ ਤਿਆਰ ਹੋ ਰਿਹਾ ਹੈ। ਸਚਿਨ ਪਾਇਲਟ ਨੇ ਲੰਘੀ ਦੇਰ ਰਾਤ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਲੰਘੇ ਸੱਤ ਦਿਨਾਂ ਅੰਦਰ ਰਾਹੁਲ ਗਾਂਧੀ ਨਾਲ ਸਚਿਨ ਪਾਇਲਟ ਦੀ ਇਹ ਦੂਜੀ ਮੁਲਾਕਾਤ ਹੈ। ਇਨ੍ਹਾਂ ਮੁਲਾਕਾਤਾਂ ਨੂੰ ਕਾਂਗਰਸ ‘ਚ ਬਦਲਾਅ ਦੇ ਹਿਸਾਬ ਨਾਲ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਕਾਂਗਰਸੀ ਸੂਤਰਾਂ ਅਨੁਸਾਰ ਇਸ ਮੁਲਾਕਾਤ ‘ਚ ਸਚਿਨ ਪਾਇਲਟ ਨੇ ਰਾਜਸਥਾਨ ‘ਚ ਸੱਤਾ ਅਤੇ ਸੰਗਠਨ ‘ਚ ਹੋਣ ਵਾਲੇ ਬਦਲਾਅ ਸਬੰਧੀ ਆਪਣੇ ਸੁਝਾਅ ਰਾਹੁਲ ਗਾਂਧੀ ਨੂੰ ਦਿੱਤੇ। ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਹੁਣ ਰਾਜਸਥਾਨ ਕਾਂਗਰਸ ਅੰਦਰ ਵੀ ਬਦਲਾਅ ਦੀਆਂ ਸੁਰਾਂ ਤੇਜ਼ ਹੋ ਗਈਆਂ ਹਨ। ਸਚਿਨ ਪਾਇਲਟ ਧੜਾ ਪਿਛਲੇ ਸਾਲ ਬਗਾਵਤ ਤੋਂ ਬਾਅਦ ਸੁਲਹਾ ਦੇ ਸਮੇਂ ਤਹਿ ਹੋਏ ਮੁੱਦਿਆਂ ਦੇ ਹੱਲ ਦੀ ਮੰਗ ਕਰ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਹੁਣ ਰਾਜਸਥਾਨ ਮੰਤਰੀ ਮੰਡਲ ਅਤੇ ਸੰਗਠਨ ਦੀਆਂ ਬਕਾਇਆ ਨਿਯੁਕਤੀਆਂ ਦੀ ਸ਼ੁਰੂਆਤ ਹੋਵੇਗੀ। ਸਚਿਨ ਪਾਇਲਟ ਸਮਰਥਕਾਂ ਨੂੰ ਵੀ ਮੰਤਰੀ ਮੰਡਲ ਵਿਚ ਅਹਿਮ ਥਾਂ ਮਿਲਣ ਦੀ ਸੰਭਾਵਨਾ ਹੈ।