ਸ਼ਹੀਦਾਂ ਵਿਚ ਤਰਨਤਾਰਨ ਜ਼ਿਲ੍ਹੇ ਦਾ ਗੁਰਸੇਵਕ ਵਿਚ ਸ਼ਾਮਲ
ਜੰਮੂ/ਬਿਊਰੋ ਨਿਊਜ਼ : ਪਾਕਿਸਤਾਨ ਸਰਹੱਦ ਪਾਰ ਤੋਂ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਸਰਹੱਦ ਪਾਰ ਤੋਂ ਦਹਿਸ਼ਤਗਰਦਾਂ ਨੂੰ ਭਾਰਤੀ ਇਲਾਕੇ ਵਿਚ ਦਾਖ਼ਲ ਕਰਾਉਣ ਮੌਕੇ ਪਾਕਿਸਤਾਨੀ ਸੈਨਾ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਭਾਰਤੀ ਫ਼ੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਵਿਚੋਂ ਇਕ 22 ਸਿੱਖ ਰੈਜਮੈਂਟ ਦਾ ਸਿਪਾਹੀ ਗੁਰਸੇਵਕ ਸਿੰਘ (23) ਸ਼ਾਮਲ ਹੈ ਜੋ ਤਰਨਤਾਰਨ ਜ਼ਿਲ੍ਹੇ ਦੇ ਲਾਲਪੁਰ ਵਿਚ ਵਰਾਨਾ ਪਿੰਡ ਦਾ ਵਸਨੀਕ ਸੀ। ਉਂਜ ਕੰਟਰੋਲ ਰੇਖਾ ‘ਤੇ ਚੌਕਸ ਜਵਾਨਾਂ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਬਣਾ ਦਿੱਤਾ। ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਦੌਰਾਨ ਪੰਜ ਹੋਰ ਜਣੇ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿਚ ਦੋ ਫ਼ੌਜੀ, ਦੋ ਮਹਿਲਾ ਅਤੇ ਬੀਐਸਐਫ ਦਾ ਇਕ ਅਫ਼ਸਰ ਸ਼ਾਮਲ ਹਨ। ਭਾਰਤੀ ਜਵਾਨਾਂ ਨੇ ਵੀ ਜਵਾਬੀ ਫਾਇਰਿੰਗ ਕਰਕੇ ਪੁਣਛ ਸੈਕਟਰ ਵਿਚ ਕੰਟਰੋਲ ਰੇਖਾ ਪਾਰ ਪਾਕਿਸਤਾਨ ਦੀਆਂ ਕਈ ਚੌਕੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਸੀਨੀਅਰ ਫ਼ੌਜੀ ਅਧਿਕਾਰੀ ਨੇ ਦੱਸਿਆ ਕਿ ਗੁਰਸੇਵਕ ਸਿੰਘ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਕੁਰਬਾਨ ਹੋ ਗਿਆ। ਜਦਕਿ ਦੂਜਾ ਜਵਾਨ ਪੁਣਛ ਸੈਕਟਰ ਵਿਚ ਸ਼ਹੀਦ ਹੋਇਆ ਹੈ। ਉਸ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ ਹੈ। ਪੁਣਛ ਸੈਕਟਰ ਵਿਚ ਹੀ ਸਰਹੱਦ ਪਾਰ ਤੋਂ ਹੋਈ ਗੋਲੀਬਾਰੀ ਵਿਚ ਦੋ ਜਵਾਨ ਜ਼ਖ਼ਮੀ ਵੀ ਹੋ ਗਏ। ਜ਼ਖ਼ਮੀ ਮਹਿਲਾ ਦੀ ਪਛਾਣ ਸਲੀਮਾ ਅਖ਼ਤਰ ਵਜੋਂ ਹੋਈ ਹੈ ਜੋ ਪੁਣਛ ਦੀ ਵਸਨੀਕ ਹੈ। ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਸਥਿਰ ਦੱਸੀ ਗਈ ਹੈ। ਫ਼ੌਜੀ ਅਧਿਕਾਰੀ ਨੇ ਕਿਹਾ ਕਿ ਪੁਣਛ ਸੈਕਟਰ ਵਿਚ ਬਿਨਾਂ ਭੜਕਾਹਟ ਦੇ ਗੋਲੀਬਾਰੀ ਦੀ ਉਲੰਘਣਾ ਲਗਾਤਾਰ ਜਾਰੀ ਹੈ। ਉਸ ਮੁਤਾਬਕ ਜਵਾਨਾਂ ਵੱਲੋਂ ਪਾਕਿਸਤਾਨੀ ਫ਼ੌਜ ਨੂੰ ਢੁੱਕਵਾਂ ਜਵਾਬ ਦਿੱਤਾ ਜਾ ਰਿਹਾ ਹੈ ਅਤੇ ਕਈ ਪਾਕਿਸਤਾਨੀ ਚੌਕੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਫ਼ੌਜ ਦੇ ਤਰਜਮਾਨ ਨੇ ਕਿਹਾ ਕਿ ਕ੍ਰਿਸ਼ਨਾ ਘਾਟੀ ਸੈਕਟਰ ਵਿਚ 5 ਅਤੇ 6 ਨਵੰਬਰ ਦੀ ਦਰਮਿਆਨੀ ਰਾਤ ਨੂੰ ਜਵਾਨਾਂ ਨੇ ਘੁਸਪੈਠ ਦੀਆਂ ਦੋ ਵਾਰਦਾਤਾਂ ਨੂੰ ਨਾਕਾਮ ਕੀਤਾ। ਘੁਸਪੈਠੀਆਂ ਨੇ ਪਾਕਿਸਤਾਨ ਮਕਬੂਜ਼ਾ ਕਸ਼ਮੀਰ ਵੱਲ ਭੱਜਦੇ ਹੋਏ ਜਵਾਨਾਂ ‘ਤੇ ਗੋਲੀਬਾਰੀ ਕੀਤੀ ਜਿਸ ਦੌਰਾਨ ਸਿਪਾਹੀ ਗੁਰਸੇਵਕ ਸਿੰਘ ਨੂੰ ਵੀ ਗੋਲੀਆਂ ਲੱਗੀਆਂ ਅਤੇ ਉਹ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਗਿਆ।
ਪਾਕਿਸਤਾਨ ਨੇ ਚਾਰ ਥਾਵਾਂ ‘ਤੇ ਸਿਵਲ ਅਤੇ ਸੁਰੱਖਿਆ ਟਿਕਾਣਿਆਂ ਉਪਰ ਅੰਨ੍ਹੇਵਾਹ ਗੋਲੇ ਦਾਗ਼ੇ ਗਏ ਅਤੇ ਫਾਇਰਿੰਗ ਕੀਤੀ। ਤਰਜਮਾਨ ਨੇ ਕਿਹਾ ਕਿ ਪਾਕਿਸਤਾਨ ਫ਼ੌਜ ਨੇ ਰਾਤ ਸਵਾ 10 ਵਜੇ ਤੋਂ 120 ਤੇ 82 ਐਮਐਮ ਦੇ ਮੋਰਟਾਰ ਦਾਗ਼ੇ ਅਤੇ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਕੀਤੀ।
ਸ਼ਹੀਦ ਗੁਰਸੇਵਕ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਤਰਨਤਾਰਨ : ਸ਼ਹੀਦ ਗੁਰਸੇਵਕ ਸਿੰਘ ਦਾ ਸੋਮਵਾਰ ਨੂੰ ਉਸ ਦੇ ਜੱਦੀ ਪਿੰਡ ਵਰਾਨਾ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। 22 ਸਿੱਖ ਰੈਜਮੈਂਟ ਦਾ ਜਵਾਨ ਗੁਰਸੇਵਕ ਸਿੰਘ ਦੋ ਦਿਨ ਪਹਿਲਾਂ ਜੰਮੂ-ਕਸ਼ਮੀਰ ਵਿੱਚ ਸਰਹੱਦ ਪਾਰੋਂ ਹੋਈ ਗੋਲੀਬਾਰੀ ਵਿਚ ਸ਼ਹੀਦ ਹੋ ਗਿਆ ਸੀ। ਸ਼ਹੀਦ ਨੂੰ ਵੱਡੀ ਗਿਣਤੀ ਲੋਕਾਂ ਸਮੇਤ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ, ਭਾਰਤੀ ਫ਼ੌਜ ਦੇ ਅਧਿਕਾਰੀਆਂ ਦੇ ਨਾਲ-ਨਾਲ ਸਿਵਲ ਤੇ ਪੁਲਿਸ ਅਧਿਕਾਰੀਆਂ ਨੇ ਸ਼ਰਧਾਂਜਲੀਆਂ ਦਿੱਤੀਆਂ। ਇਸ ਮੌਕੇ ਸ਼ਹੀਦ ਦੇ ਪਿਤਾ ਬਲਵਿੰਦਰ ਸਿੰਘ ਆਪਣੇ ਪੁੱਤਰ ‘ਤੇ ਮਾਣ ਕਰਨ ਦੀ ਗੱਲ ਆਖ਼ ਕੇ ਰੋ ਰਹੇ ਲੋਕਾਂ ਨੂੰ ਚੁੱਪ ਕਰਵਾ ਰਹੇ ਸਨ ਤੇ ਗੁਰਸੇਵਕ ਸਿੰਘ ਦੀ ਮੰਗੇਤਰ ਹਰਮੀਤ ਕੌਰ ਵੀ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਆਈ ਸੀ। ਗੁਰਸੇਵਕ ਸਿੰਘ ਦਾ ਵਿਆਹ ਅਗਲੇ ਸਾਲ 13 ਫਰਵਰੀ ਨੂੰ ਹੋਣਾ ਸੀ। ਸ਼ਹੀਦ ਦੀ ਚਿਖ਼ਾ ਨੂੰ ਅੱਗ ਉਸ ਦੇ ਪਿਤਾ ਬਲਵਿੰਦਰ ਸਿੰਘ ਨੇ ਦਿਖਾਈ। ਇਸ ਮੌਕੇ ਫ਼ੌਜ ਦੀ ਟੁਕੜੀ ਨੇ ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ।
ਸ਼ਹੀਦ ਦੇ ਪਰਿਵਾਰ ਨੂੰ 5 ਲੱਖ ਰੁਪਏ ਤੇ ਨੌਕਰੀ ਦੇਣ ਦਾ ਐਲਾਨ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫ਼ੌਜੀ ਗੁਰਸੇਵਕ ਸਿੰਘ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰ ਦੇਸ਼ ਵਾਸੀ ਨੂੰ ਇਸ ਜਵਾਨ ‘ਤੇ ਫਖ਼ਰ ਹੈ। ਸਰਕਾਰ ਨੇ ਸ਼ਹੀਦ ਗੁਰਸੇਵਕ ਸਿੰਘ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਐਕਸਗਰੇਸ਼ੀਆ ਗਰਾਂਟ ਅਤੇ ਇੱਕ ਪਲਾਟ ਦੇ ਬਦਲੇ ਪੰਜ ਲੱਖ ਰੁਪਏ ਤੋਂ ਇਲਾਵਾ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।
Check Also
ਚੀਨ ਭਾਰਤ ਦਾ ਦੁਸ਼ਮਣ ਨਹੀਂ, ਸਾਨੂੰ ਕਰਨਾ ਚਾਹੀਦਾ ਮਿਲ ਕੇ ਕੰਮ : ਸੈਮ ਪਿਤਰੋਦਾ
ਨਵੀਂ ਦਿੱਲੀ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਸੈਮ ਪਿਤਰੋਦਾ …