ਰਾਹੁਲ ‘ਤੇ ਕੀਤੀ ਟਿੱਪਣੀ, ਕਾਂਗਰਸ ਹਾਫਿਜ਼ ਸਈਦ ਦੇ ਰਿਹਾਅ ਹੋਣ ‘ਤੇ ਕਿਉਂ ਵਜਾ ਰਹੀ ਹੈ ਤਾੜੀਆਂ
ਭੁੱਜ (ਗੁਜਰਾਤ)/ਬਿਊਰੋ ਨਿਊਜ਼ : ਗੁਜਰਾਤ ਵਿੱਚ ਭਾਜਪਾ ਦੀ ਪ੍ਰਚਾਰ ਮੁਹਿੰਮ ਨੂੰ ਟੌਪ ਗੀਅਰ ਵਿੱਚ ਪਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਚਾਹ ਵੇਚਣ ਲਈ ਤਿਆਰ ਹਨ ਪਰ ਕਦੇ ਵੀ ਦੇਸ਼ ਨਹੀਂ ਵੇਚਣਗੇ। ਉਨ੍ਹਾਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਉਨ੍ਹਾਂ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਦੀ ਰਿਹਾਈ ਦੀ ਸ਼ਲਾਘਾ ਕਿਉਂ ਕੀਤੀ। ਉਨ੍ਹਾਂ ਜ਼ਿਲ੍ਹਾ ਕੱਛ ਦੇ ਭੁੱਜ, ਰਾਜਕੋਟ ਦੇ ਜਾਸਦਾਂ, ਅਮਰੇਲੀ ਦੇ ਚਲਾਲਾ ਅਤੇ ਸੂਰਤ ਨੇੜੇ ਕਡੋਦਰਾ ਵਿੱਚ ਰੈਲੀਆਂ ਕੀਤੀਆਂ।
ਮੋਦੀ ਨੇ ਕਿਹਾ ਕਿ ”ਜਦੋਂ ਡੋਕਲਾਮ ਵਿੱਚ ਸਾਡੇ ਫੌਜੀ ਚੀਨੀ ਫੌਜੀਆਂ ਦੇ ਸਾਹਮਣੇ ਡਟੇ ਹੋਏ ਸਨ ਤਾਂ ਤੁਸੀਂ ਚੀਨੀ ਸਫ਼ੀਰ ਨੂੰ ਜੱਫੀ ਪਾ ਕੇ ਖ਼ੁਸ਼ ਹੋ ਰਹੇ ਸੀ, ਤੁਸੀਂ ਹਾਫ਼ਿਜ਼ ਸਈਦ ਦੀ ਰਿਹਾਈ ਉਤੇ ਤਾੜੀਆਂ ਮਾਰ ਰਹੇ ਹੋ, ਤੁਸੀਂ ਭਾਰਤੀ ਥਲ ਸੈਨਾ ਦੀ ਸਰਜੀਕਲ ਸਟਰਾਈਕ ਦਾ ਸਤਿਕਾਰ ਨਹੀਂ ਕਰ ਸਕੇ।” ਉਨ੍ਹਾਂ ਆਪਣੇ ਗ੍ਰਹਿ ਰਾਜ ਵਿੱਚ ਹੋ ਰਹੀ ਚੋਣ ਨੂੰ ਵਿਕਾਸ ਉਤੇ ਭਰੋਸੇ ਅਤੇ ਖ਼ਾਨਦਾਨੀ ਸਿਆਸਤ ਵਿਚਾਲੇ ਮੁਕਾਬਲਾ ਦੱਸਿਆ। ਉਨ੍ਹਾਂ ਚੋਣ ਰੈਲੀ ਦੌਰਾਨ ਕਿਹਾ ਕਿ ”ਪਾਕਿਸਤਾਨੀ ਅਦਾਲਤ ਨੇ ਹੁਣੇ ਇਕ ਅੱਤਵਾਦੀ ਨੂੰ ਰਿਹਾਅ ਕੀਤਾ। ਮੈਨੂੰ ਸਮਝ ਨਹੀਂ ઠਆਉਂਦੀ ਕਿ ਇੱਥੇ ਇਹ ਕਾਂਗਰਸੀ ਤਾੜੀਆਂ ਕਿਉਂ ਮਾਰ ਰਹੇ ਹਨ।” ਉਨ੍ਹਾਂ ਸਵਾਲ ਪੁੱਛਿਆ ਕਿ ਇਕ ਸਰਕਾਰ ਤੇ ਦੂਜੀ ਅਤੇ ਇਕ ਆਗੂ ਤੇ ਦੂਜੇ ਵਿਚਾਲੇ ਕੀ ਫਰਕ ਹੈ। ਇਸ ਦੇ ਜਵਾਬ ਨਾਲ ਹੀ ਦੇਸ਼ ਲਈ ਜਿਊਣ ਅਤੇ ਮਰਨ ਦਾ ਮਤਲਬ ਪਤਾ ਲੱਗ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਉੜੀ ਵਿੱਚ ਸਾਡੇ ਫੌਜੀ ਮਾਰੇ, ਸਾਡੇ ਫੌਜੀ ਉਨ੍ਹਾਂ ਦੇ ਇਲਾਕੇ ਵਿੱਚ ਗਏ ਅਤੇ ਸਰਜੀਕਲ ਸਟਰਾਈਕ ਕਰ ਕੇ ਵਾਪਸ ਆਏ। ਅਗਲੇ ਦਿਨ ਅਖ਼ਬਾਰਾਂ ਨੇ ਕਿਹਾ ਕਿ ਉਹ (ਪਾਕਿਸਤਾਨ ਵਿੱਚ) ਟਰੱਕਾਂ ਵਿੱਚ ਲਾਸ਼ਾਂ ਲੈ ਕੇ ਗਏ।
ਉਨ੍ਹਾਂ ਦੋਸ਼ ਲਾਇਆ ਕਿ ”ਉਹ ਸਵਾਲ ਪੁੱਛ ਰਹੇ ਹਨ ਕਿ ਸਾਡਾ ਕੋਈ ਫੌਜੀ ਜ਼ਖ਼ਮੀ ਨਹੀਂ ਹੋਇਆ?ਕੋਈ ਮਰਿਆ ਨਹੀਂ?ਕੀ ਤੁਹਾਡੇ ਕੋਲ ਕੋਈ ਫੋਟੋ ਜਾਂ ਵੀਡੀਓ ਪ੍ਰਮਾਣ ਹੈ? ਕੀ ਸੈਨਿਕ ਪਾਕਿਸਤਾਨ ਵਿੱਚ ਫਿਲਮ ਦੀ ਸ਼ੂਟਿੰਗ ਲਈ ਗਏ ਸਨ?”ઠ ઠ ઠ ઠ
ਮੋਦੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ: ਕਾਂਗਰਸ
ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਦੋਸ਼ ਲਾਇਆ ਕਿ ਉਹ ਜਵਾਹਰਲਾਲ ਨਹਿਰੂ ਦੇ ਯੋਗਦਾਨ ਬਾਰੇ ਝੂਠੇ ਬਿਆਨਾਂ ਨਾਲ ਗੁਜਰਾਤ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਸ ਤੋਂ ਉਨ੍ਹਾਂ ਦੀ ਬਿਮਾਰ ਮਾਨਸਿਕਤਾ ਝਲਕਦੀ ਹੈ। ਪਾਰਟੀ ਦੇ ਸੀਨੀਅਰ ਬੁਲਾਰੇ ਆਨੰਦ ਸ਼ਰਮਾ ਨੇ ਕਿਹਾ ਕਿ ਮੋਦੀ ਨੂੰ ਭੁੱਲ ਗਿਆ ਹੈ ਕਿ ਕਾਂਗਰਸ ਨੇ ਲਾਲ ਬਹਾਦਰ ਸ਼ਾਸਤਰੀ ਅਤੇ ਡਾ. ਮਨਮੋਹਨ ਸਿੰਘ ਵਰਗੇ ਪ੍ਰਧਾਨ ਮੰਤਰੀ ਦਿੱਤੇ, ਜਿਹੜੇ ਸਾਦਗੀ ਵਾਲੇ ਪਿਛੋਕੜ ਵਿੱਚੋਂ ਆਏ।