ਗੁਜਰਾਤ ਚੋਣਾਂ ਦੌਰਾਨ ਭਾਜਪਾ ਨੂੰ ਸਿਆਸੀ ਝਟਕਾ
ਅਹਿਮਦਾਬਾਦ : ਗੁਜਰਾਤ ਦੇ ਸਾਬਕਾ ਮੰਤਰੀ ਅਤੇ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਰਹਿੰਦਿਆਂ ਟੀਵੀ ਬਹਿਸਾਂ ‘ਚ ਭਾਜਪਾ ਸਰਕਾਰ ਦਾ ਚਿਹਰਾ ਰਹੇ ਜੈਨਾਰਾਇਣ ਵਿਆਸ ਕਾਂਗਰਸ ‘ਚ ਸ਼ਾਮਲ ਹੋ ਗਏ। ਤਿੰਨ ਦਹਾਕਿਆਂ ਤੱਕ ਭਾਜਪਾ ‘ਚ ਰਹਿਣ ਮਗਰੋਂ ਪਾਰਟੀ ਨੂੰ ਛੱਡਣ ਦੇ ਫ਼ੈਸਲੇ ਬਾਰੇ ਵਿਆਸ ਨੇ ਕਿਹਾ, ”ਮੈਂ ਵੱਡੇ ਬੋਹੜ ਨੂੰ ਫੈਲਦਾ ਦੇਖਿਆ ਹੈ ਅਤੇ ਤੁਸੀਂ ਜਾਣਦੇ ਹੋ ਕਿ ਬੋਹੜ ਹੇਠਾਂ ਹੋਰ ਕੁਝ ਵਿਕਸਤ ਨਹੀਂ ਹੁੰਦਾ ਹੈ।”
ਵਿਆਸ ਨੇ ਇਸ ਮਹੀਨੇ ਦੇ ਸ਼ੁਰੂ ‘ਚ ਹੀ ਭਾਜਪਾ ਛੱਡ ਦਿੱਤੀ ਸੀ ਅਤੇ ਹੁਣ ਉਹ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਹਾਜ਼ਰੀ ‘ਚ ਕਾਂਗਰਸ ‘ਚ ਸ਼ਾਮਲ ਹੋ ਗਏ। ਰਾਜਸਥਾਨ ਦੇ ਮੁੱਖ ਮੰਤਰੀ ਅਤੇ ਕਾਂਗਰਸ ਆਗੂ ਅਸ਼ੋਕ ਗਹਿਲੋਤ ਨੇ ਉਨ੍ਹਾਂ ਦਾ ਪਾਰਟੀ ‘ਚ ਸਵਾਗਤ ਕੀਤਾ। ਉਨ੍ਹਾਂ ਦਾ ਪੁੱਤਰ ਸਮੀਰ ਵਿਆਸ ਵੀ ਕਾਂਗਰਸ ‘ਚ ਸ਼ਾਮਲ ਹੋਇਆ ਹੈ। ਮੀਡੀਆ ਨੂੰ ਸੰਬੋਧਨ ਕਰਦਿਆਂ ਵਿਆਸ ਨੇ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਅੰਦਰੂਨੀ ਜਮਹੂਰੀਅਤ ਦੀ ਸ਼ਲਾਘਾ ਕੀਤੀ। ਆਈਆਈਟੀ ਬੰਬੇ ਤੋਂ ਪੜ੍ਹੇ ਵਿਆਸ, ਮੋਦੀ ਦੇ ਮੁੱਖ ਮੰਤਰੀ ਰਹਿੰਦਿਆਂ 2007 ਤੋਂ 2012 ਤੱਕ ਗੁਜਰਾਤ ‘ਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਰਹੇ ਸਨ। ਉਹ 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਹਾਰ ਗਏ ਸਨ।
ਵਿਆਸ ਨੇ ਕਿਹਾ ਕਿ ਮੁੱਖ ਮੰਤਰੀਆਂ ਨੂੰ ਬਦਲਣਾ ਸੂਬੇ ਦੇ ਹਿੱਤ ‘ਚ ਨਹੀਂ ਹੁੰਦਾ ਹੈ ਅਤੇ ਭਾਜਪਾ ਦੇ ਜਿਹੜੇ ਆਗੂ ਗੁਜਰਾਤ ਦੀ ਫਿਕਰ ਕਰਦੇ ਹਨ, ਉਨ੍ਹਾਂ ਨੂੰ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ ਹੈ।
Check Also
ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਪਈਆਂ ਵੋਟਾਂ
ਹਿਸਾਰ ’ਚ ਕਾਂਗਰਸੀ ਅਤੇ ਭਾਜਪਾ ਵਰਕਰ ਆਪਸ ਵਿਚ ਭਿੜੇ ਚੰਡੀਗੜ੍ਹ/ਬਿਊਰੋ ਨਿਊਜ਼ : 90 ਸੀਟਾਂ ਵਾਲੀ …