Breaking News
Home / ਭਾਰਤ / ਔਰਤਾਂ ਦੇ ਕੱਪੜਿਆਂ ‘ਤੇ ਟਿੱਪਣੀ ਨੂੰ ਲੈ ਕੇ ਰਾਮਦੇਵ ਨੇ ਮੰਗੀ ਮਾਫੀ

ਔਰਤਾਂ ਦੇ ਕੱਪੜਿਆਂ ‘ਤੇ ਟਿੱਪਣੀ ਨੂੰ ਲੈ ਕੇ ਰਾਮਦੇਵ ਨੇ ਮੰਗੀ ਮਾਫੀ

ਕਿਹਾ : ਗਲਤ ਢੰਗ ਨਾਲ ਟਿੱਪਣੀ ਨੂੰ ਕੀਤਾ ਗਿਆ ਪੇਸ਼
ਮੁੰਬਈ/ਬਿਊਰੋ ਨਿਊਜ਼ : ਯੋਗ ਗੁਰੂ ਰਾਮਦੇਵ ਨੇ ਪਿਛਲੇ ਦਿਨੀਂ ਦਿੱਤੇ ਆਪਣੇ ਉਸ ਬਿਆਨ ‘ਤੇ ਮਾਫੀ ਮੰਗ ਲਈ ਹੈ, ਜਿਸ ‘ਚ ਉਸ ਨੇ ਇਕ ਯੋਗਾ ਸਿਖਲਾਈ ਪ੍ਰੋਗਰਾਮ ‘ਚ ਕਿਹਾ ਸੀ ਕਿ ਔਰਤਾਂ ਸਾੜ੍ਹੀਆਂ ‘ਚ ਚੰਗੀਆਂ ਲੱਗਦੀਆਂ ਹਨ, ਉਹ ਸਲਵਾਰ ਸੂਟ ‘ਚ ਵੀ ਚੰਗੀਆਂ ਲੱਗਦੀਆਂ ਹਨ ਤੇ ਮੇਰੇ ਹਿਸਾਬ ਨਾਲ ਉਹ ਬਿਨਾਂ ਕੁਝ ਪਹਿਨੇ ਵੀ ਚੰਗੀਆਂ ਲੱਗਦੀਆਂ ਹਨ। ਰਾਮਦੇਵ ਦੇ ਇਸ ਬਿਆਨ ‘ਤੇ ਸਿਆਸੀ, ਸਮਾਜਿਕ ਖੇਤਰ ਤੋਂ ਇਲਾਵਾ ਔਰਤਾਂ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਸੀ। ਕਈਆਂ ਨੇ ਉਨ੍ਹਾਂ ਨੂੰ ਥੱਪੜ ਮਾਰਨ, ਲੱਤਾਂ ਮਾਰਨ ਦੀ ਗੱਲ ਵੀ ਕਹੀ ਤੇ ਕਈਆਂ ਨੇ ਕਿਹਾ ਕਿ ਔਰਤਾਂ ‘ਤੇ ਇਸ ਤਰ੍ਹਾਂ ਦੀਆਂ ਅਪਮਾਨਜਨਕ ਟਿੱਪਣੀਆਂ ਲਈ ਉਨ੍ਹਾਂ ਨੂੰ ਮੁੰਨ ਦੇਣਾ ਚਾਹੀਦਾ ਸੀ। ਇਸ ਸਬੰਧੀ ਮਹਾਰਾਸ਼ਟਰ ਮਹਿਲਾ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਅਤੇ ਰਾਮਦੇਵ ਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਸੀ। ਇਸ ‘ਤੇ ਰਾਮਦੇਵ ਨੇ ਮਹਾਰਾਸ਼ਟਰ ਸੂਬਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੂਪਾਲੀ ਚਾਕਣਕਰ ਨੂੰ ਈਮੇਲ ਭੇਜੀ। ਰੂਪਾਲੀ ਨੇ ਦੱਸਿਆ ਕਿ ਰਾਮਦੇਵ ਨੇ ਉਨ੍ਹਾਂ ਨੂੰ ਜਵਾਬ ਭੇਜਿਆ ਹੈ ਤੇ ਟਿੱਪਣੀ ‘ਤੇ ਅਫਸੋਸ ਪ੍ਰਗਟ ਕੀਤਾ ਹੈ ਤੇ ਮਾਫ਼ੀ ਮੰਗੀ ਹੈ ਪਰ ਇਸ ਦੇ ਨਾਲ ਹੀ ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਦੀ ਟਿੱਪਣੀ ਨੂੰ ਕਥਿਤ ਤੌਰ ‘ਤੇ ਤੋੜਿਆ-ਮਰੋੜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਾਨੂੰ ਨੋਟਿਸ ਦਾ ਜਵਾਬ ਜ਼ਰੂਰ ਮਿਲ ਗਿਆ ਹੈ ਪਰ ਜੇਕਰ ਕੋਈ ਹੋਰ ਇਤਰਾਜ਼ ਜਾਂ ਸ਼ਿਕਾਇਤ ਮਿਲਦੀ ਹੈ ਤਾਂ ਅਸੀਂ ਉਸ ਦੀ ਬਾਰੀਕੀ ਨਾਲ ਜਾਂਚ ਕਰਾਂਗੇ ਤੇ ਪਿਛਲੇ ਹਫਤੇ ਹੋਏ ਪ੍ਰੋਗਰਾਮ ਦੀ ਪੂਰੀ ਵੀਡੀਓ ਰਿਕਾਰਡਿੰਗ ਹਾਸਲ ਕਰਾਂਗੇ।

 

Check Also

ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ਼ ਹੱਤਿਆ ਦੇ ਆਰੋਪ ਹੋਏ ਤੈਅ

ਟਾਈਟਲਰ ’ਤੇ ਸਿੱਖ ਕਤਲੇਆਮ ਦੌਰਾਨ ਲੋਕਾਂ ਨੂੰ ਭੜਕਾਉਣ ਦਾ ਲੱਗਿਆ ਸੀ ਆਰੋਪ ਨਵੀਂ ਦਿੱਲੀ /ਬਿਊਰੋ …