2.5 C
Toronto
Saturday, November 15, 2025
spot_img
Homeਭਾਰਤਕੇਂਦਰ ਸਰਕਾਰ ਅਗਲੇ ਡੇਢ ਸਾਲ 'ਚ ਦਸ ਲੱਖ ਨੌਕਰੀਆਂ ਦੇਵੇਗੀ

ਕੇਂਦਰ ਸਰਕਾਰ ਅਗਲੇ ਡੇਢ ਸਾਲ ‘ਚ ਦਸ ਲੱਖ ਨੌਕਰੀਆਂ ਦੇਵੇਗੀ

ਪ੍ਰਧਾਨ ਮੰਤਰੀ ਵੱਲੋਂ ਵੱਖ-ਵੱਖ ਵਿਭਾਗਾਂ ਤੇ ਮੰਤਰਾਲਿਆਂ ਨੂੰ ਭਰਤੀ ਦੇ ਹੁਕਮ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਮੰਤਰਾਲਿਆਂ ਨੂੰ ਕਿਹਾ ਹੈ ਕਿ ਉਹ ‘ਮਿਸ਼ਨ ਮੋਡ’ ਉਤੇ ਕੰਮ ਕਰਦਿਆਂ ਅਗਲੇ ਡੇਢ ਸਾਲ ਦੌਰਾਨ ਦਸ ਲੱਖ ਲੋਕਾਂ ਦੀ ਭਰਤੀ ਕਰਨ। ਪ੍ਰਧਾਨ ਮੰਤਰੀ ਦਫਤਰ (ਪੀਐਮਓ) ਨੇ ਦੱਸਿਆ ਕਿ ਸਾਰੇ ਸਰਕਾਰੀ ਵਿਭਾਗਾਂ ਤੇ ਮੰਤਰਾਲਿਆਂ ਵਿਚ ਮਨੁੱਖੀ ਸਰੋਤ ਦੀ ਸਥਿਤੀ ਦੀ ਸਮੀਖਿਆ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇਹ ਆਦੇਸ਼ ਦਿੱਤਾ ਹੈ। ਦੱਸਣਯੋਗ ਹੈ ਕਿ ਬੇਰੁਜ਼ਗਾਰੀ ਦੇ ਮਸਲੇ ‘ਤੇ ਵਿਰੋਧੀ ਧਿਰਾਂ ਵੱਲੋਂ ਸਰਕਾਰ ਦੀ ਲਗਾਤਾਰ ਕੀਤੀ ਜਾ ਰਹੀ ਆਲੋਚਨਾ ਵਿਚਾਲੇ ਪ੍ਰਧਾਨ ਮੰਤਰੀ ਦਾ ਇਹ ਫ਼ੈਸਲਾ ਆਇਆ ਹੈ। ਵੱਖ-ਵੱਖ ਸਰਕਾਰੀ ਖੇਤਰਾਂ ਵਿਚ ਖਾਲੀ ਪਏ ਅਹੁਦਿਆਂ ਦਾ ਮੁੱਦਾ ਪਿਛਲੇ ਕੁਝ ਸਾਲਾਂ ਤੋਂ ਸੁਰਖੀਆਂ ਵਿਚ ਰਿਹਾ ਹੈ। ਅਗਲੇ 18 ਮਹੀਨਿਆਂ ਵਿਚ 10 ਲੱਖ ਅਹੁਦਿਆਂ ਨੂੰ ਭਰੇ ਜਾਣ ਦਾ ਮਤਲਬ ਹੈ ਕਿ ਭਾਜਪਾ ਕੋਲ 2024 ਦੀਆਂ ਆਗਾਮੀ ਲੋਕ ਸਭਾ ਚੋਣਾਂ ਵਿਚ ਬੇਰੁਜ਼ਗਾਰੀ ਦੇ ਮੁੱਦੇ ਉਤੇ ਵਿਰੋਧੀ ਧਿਰ ਦੀ ਹਰ ਆਲੋਚਨਾ ਨੂੰ ਕੱਟਣ ਲਈ ਠੋਸ ਜਵਾਬ ਰਹੇਗਾ। ਸਰਕਾਰੀ ਸੂਤਰਾਂ ਮੁਤਾਬਕ ਵੱਖ-ਵੱਖ ਵਿਭਾਗਾਂ ਤੇ ਮੰਤਰਾਲਿਆਂ ਤੋਂ ਖਾਲੀ ਅਸਾਮੀਆਂ ਦੀ ਜਾਣਕਾਰੀ ਮੰਗੀ ਗਈ ਸੀ, ਤੇ ਇਸ ਦੀ ਪੂਰੀ ਸਮੀਖਿਆ ਤੋਂ ਬਾਅਦ ਪ੍ਰਧਾਨ ਮੰਤਰੀ ਨੇ 10 ਲੱਖ ਭਰਤੀਆਂ ਦੇ ਹੁਕਮ ਦਿੱਤੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਨੌਜਵਾਨਾਂ ਵਿਚ ਨਵੀਂ ਉਮੀਦ ਤੇ ਭਰੋਸਾ ਜਾਗੇਗਾ। ਸੰਸਦ ਮੈਂਬਰ ਵਰੁਣ ਗਾਂਧੀ ਨੇ ਵੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।
ਕੇਂਦਰ ਸਰਕਾਰ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ‘ਚੋਂ 21.75 ਪ੍ਰਤੀਸ਼ਤ ਖਾਲੀ
ਹਾਲ ਦੇ ਸਰਕਾਰੀ ਅੰਕੜਿਆਂ ਮੁਤਾਬਕ ਵਰਤਮਾਨ ‘ਚ ਕੇਂਦਰ ਸਰਕਾਰ ਅਧੀਨ 31.91 ਲੱਖ ਮੁਲਾਜ਼ਮ ਕੰਮ ਕਰ ਰਹੇ ਹਨ ਜਦਕਿ ਮਨਜ਼ੂਰਸ਼ੁਦਾ ਅਸਾਮੀਆਂ 40.78 ਲੱਖ ਹਨ। ਲਗਭਗ 21.75 ਪ੍ਰਤੀਸ਼ਤ ਅਸਾਮੀਆਂ ਖਾਲੀ ਪਈਆਂ ਹਨ। ਤਨਖ਼ਾਹ ਤੇ ਭੱਤਿਆਂ ਉਤੇ ਖ਼ਰਚ ਦੇ ਵਿਭਾਗ ਮੁਤਾਬਕ 92 ਪ੍ਰਤੀਸ਼ਤ ਮੁਲਾਜ਼ਮ ਰੇਲਵੇ, ਰੱਖਿਆ (ਸਿਵਿਲ), ਗ੍ਰਹਿ ਮਾਮਲਿਆਂ, ਡਾਕ ਤੇ ਰੈਵੇਨਿਊ ਵਿਭਾਗ-ਮੰਤਰਾਲਿਆਂ ਵਿਚ ਕੰਮ ਕਰ ਰਹੇ ਹਨ।

RELATED ARTICLES
POPULAR POSTS