Breaking News
Home / ਭਾਰਤ / ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਸਾਂਝੇ ਉਮੀਦਵਾਰ ਲਈ ਪੇਸ਼ਬੰਦੀਆਂ

ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਸਾਂਝੇ ਉਮੀਦਵਾਰ ਲਈ ਪੇਸ਼ਬੰਦੀਆਂ

ਰਾਜਨਾਥ ਸਿੰਘ ਨੇ ਪਵਾਰ, ਮਮਤਾ, ਪਟਨਾਇਕ ਤੇ ਅਖਿਲੇਸ਼ ਸਣੇ ਹੋਰਨਾਂ ਨਾਲ ਕੀਤਾ ਰਾਬਤਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਚੋਣਾਂ ਵਿੱਚ ਐੱਨਡੀਏ ਦੇ ਟਾਕਰੇ ਲਈ ਸਾਂਝਾ ਉਮੀਦਵਾਰ ਉਤਾਰਨ ਲਈ ਸ਼ੁਰੂ ਕੀਤੀ ਪੇਸ਼ਬੰਦੀ ਦਰਮਿਆਨ ਸੱਤਾਧਾਰੀ ਭਾਜਪਾ ਨੇ ਸਿਖਰਲੇ ਸੰਵਿਧਾਨਕ ਅਹੁਦੇ ਬਾਰੇ ਉਮੀਦਵਾਰ ਦੀ ਚੋਣ ਲਈ ਸਹਿਮਤੀ ਬਣਾਉਣ ਦੇ ਇਰਾਦੇ ਨਾਲ ਸ਼ਰਦ ਪਵਾਰ, ਮਲਿਕਾਰਜੁਨ ਖੜਗੇ, ਮਮਤਾ ਬੈਨਰਜੀ, ਅਖਿਲੇਸ਼ ਯਾਦਵ ਤੇ ਨਵੀਨ ਪਟਨਾਇਕ ਜਿਹੇ ਆਗੂਆਂ ਨਾਲ ਰਾਬਤਾ ਕੀਤਾ ਹੈ। ਸੀਨੀਅਰ ਭਾਜਪਾ ਆਗੂ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਨ੍ਹਾਂ ਤੋਂ ਇਲਾਵਾ ਜੇਡੀਯੂ ਆਗੂ ਨਿਤੀਸ਼ ਕੁਮਾਰ, ਬੀਐੱਸਪੀ ਸੁਪਰੀਮੋ ਮਾਇਆਵਤੀ ਤੇ ਵਾਈਐੱਸਆਰ ਕਾਂਗਰਸ ਆਗੂ ਜਗਨ ਰੈੱਡੀ ਨਾਲ ਵੀ ਇਸ ਮੁੱਦੇ ‘ਤੇ ਗੱਲਬਾਤ ਕੀਤੀ। ਰਾਜਨਾਥ ਸਿੰਘ ਨੇ ਫੋਨ ਕਰਕੇ ਇਨ੍ਹਾਂ ਆਗੂਆਂ ਤੋਂ ਅਗਲੇ ਰਾਸ਼ਟਰਪਤੀ ਵਜੋਂ ਉਨ੍ਹਾਂ ਦੀ ਤਰਜੀਹ ਬਾਰੇ ਪੁੱਛਿਆ। ਇਸ ਦੌਰਾਨ ਵਿਰੋਧੀ ਧਿਰ ਨੇ ਮੁੰਬਈ ਵਿੱਚ 20-21 ਜੂਨ ਨੂੰ ਮੁੜ ਮੀਟਿੰਗ ਸੱਦ ਲਈ ਹੈ, ਜਿਸ ਦੀ ਅਗਵਾਈ ਸ਼ਰਦ ਪਵਾਰ ਕਰਨਗੇ। ਇਤਫਾਕਵੱਸ ਖੜਗੇ, ਬੈਨਰਜੀ, ਪਵਾਰ ਤੇ ਯਾਦਵ ਵਿਰੋਧੀ ਧਿਰ ਵੱਲੋਂ ਦਿੱਲੀ ਵਿੱਚ ਸੱਦੀ ਉਸ ਮੀਟਿੰਗ ਵਿੱਚ ਵੀ ਸ਼ਾਮਲ ਸਨ, ਜਿਸ ਵਿੱਚ ਰਾਸ਼ਟਰਪਤੀ ਚੋਣਾਂ ਲਈ ਸੰਭਾਵੀ ਸਾਂਝੇ ਉਮੀਦਵਾਰ ਵਜੋਂ ਸਹਿਮਤੀ ਬਣਾਈ ਜਾਣੀ ਸੀ। ਮੀਟਿੰਗ ਦੌਰਾਨ ਐੱਨਸੀਪੀ ਮੁਖੀ ਸ਼ਰਦ ਪਵਾਰ ਦੇ ਨਾਮ ਬਾਰੇ ਭਾਵੇਂ ਸਹਿਮਤੀ ਬਣੀ, ਪਰ ਉਨ੍ਹਾਂ ਇਸ ਪੇਸ਼ਕਸ਼ ਤੋਂ ਮੁੜ ਨਾਂਹ ਕਰ ਦਿੱਤੀ।
ਭਾਜਪਾ ਨੇ ਰਾਸ਼ਟਰਪਤੀ ਉਮੀਦਵਾਰ ਬਾਰੇ ਸਹਿਮਤੀ ਬਣਾਉਣ ਬਾਰੇ ਹੋਰਨਾਂ ਪਾਰਟੀਆਂ ਨਾਲ ਸਲਾਹ ਮਸ਼ਵਰੇ ਲਈ ਰਾਜਨਾਥ ਸਿੰਘ ਤੇ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਦੀ ਜ਼ਿੰਮੇਵਾਰੀ ਲਾਈ ਹੈ। ਪਾਰਟੀ ਸੂਤਰਾਂ ਨੇ ਕਿਹਾ ਕਿ ਨੱਢਾ ਵੀ ਹੋਰਨਾਂ ਪਾਰਟੀਆਂ ਦੇ ਆਗੂਆਂ ਦੇ ਸੰਪਰਕ ਵਿਚ ਹਨ। ਇਸ ਤੋਂ ਪਹਿਲਾਂ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਵਿਰੋਧੀ ਪਾਰਟੀਆਂ ਦਾ ਸਾਂਝਾ ਉਮੀਦਵਾਰ ਬਣਨ ਦੀ ਪੇਸ਼ਕਸ਼ ਨੂੰ ਮੁੜ ਨਾਂਹ ਕਰ ਦਿੱਤੀ। ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਦੇ ਸੱਦੇ ‘ਤੇ ਇਥੇ ਕੌਂਸਟੀਚਿਊਸ਼ਨ ਕਲੱਬ ਵਿੱਚ ਹੋਈ ਵਿਰੋਧੀ ਪਾਰਟੀਆਂ ਦੀ ਮੀਟਿੰਗ ਦੌਰਾਨ ਬੈਨਰਜੀ ਨੇ ਮਗਰੋਂ ਸੰਭਾਵੀ ਉਮੀਦਵਾਰਾਂ ਵਜੋਂ ਨੈਸ਼ਨਲ ਕਾਨਫਰੰਸ ਮੁਖੀ ਫਾਰੂਕ ਅਬਦੁੱਲਾ ਤੇ ਮਹਾਤਮਾ ਗਾਂਧੀ ਦੇ ਪੋਤਰੇ ਗੋਪਾਲਕ੍ਰਿਸ਼ਨ ਗਾਂਧੀ ਦੇ ਨਾਂ ਸੁਝਾਏ। ਮੀਟਿੰਗ ਵਿੱਚ ਘੱਟੋ-ਘੱਟ 17 ਪਾਰਟੀਆਂ ਦੇ ਆਗੂ ਸ਼ਾਮਲ ਹੋਏ। ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ) ਤੇ ਬੀਜੂ ਜਨਤਾ ਦਲ (ਬੀਜੇਡੀ) ਦੇ ਆਗੂ ਮੀਟਿੰਗ ‘ਚੋਂ ਗੈਰਹਾਜ਼ਰ ਰਹੇ। ਰਾਸ਼ਟਰਪਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਅਮਲ ਸ਼ੁਰੂ ਹੋ ਗਿਆ ਹੈ ਜਦੋਂਕਿ ਚੋਣ 18 ਜੁਲਾਈ ਨੂੰ ਹੋਣੀ ਹੈ। ਮੀਟਿੰਗ ਉਪਰੰਤ ਡੀਐੱਮਕੇ ਆਗੂ ਟੀ.ਆਰ.ਬਾਲੂ ਨੇ ਮੀਡੀਆ ਨੂੰ ਦੱਸਿਆ ਕਿ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਸ਼ਰਦ ਪਵਾਰ ਨੂੰ ਅਪੀਲ ਕੀਤੀ ਕਿ ਉਹ ਸਾਂਝੇ ਉਮੀਦਵਾਰ ਵਜੋਂ ਰਾਸ਼ਟਰਪਤੀ ਦੀ ਚੋਣ ਲੜਨ, ਪਰ ਉਨ੍ਹਾਂ ਇਸ ਪੇਸ਼ਕਸ਼ ਨੂੰ ਨਾਂਹ ਕਰ ਦਿੱਤੀ। ਬਾਲੂ ਨੇ ਕਿਹਾ ਕਿ ਕੁਝ ਆਗੂਆਂ ਨੇ ਮਲਿਕਾਰਜੁਨ ਖੜਗੇ, ਸ਼ਰਦ ਪਵਾਰ ਤੇ ਬੈਨਰਜੀ ਨੂੰ ਅਪੀਲ ਕੀਤੀ ਕਿ ਉਹ ਸਾਂਝੇ ਉਮੀਦਵਾਰ ਬਾਰੇ ਸਹਿਮਤੀ ਬਣਾਉਣ ਲਈ ਗੈਰ-ਭਾਜਪਾ ਪਾਰਟੀਆਂ ਨਾਲ ਗੱਲਬਾਤ ਕਰਨ। ਰਾਸ਼ਟਰੀ ਜਨਤਾ ਦਲ ਦੇ ਮਨੋਜ ਝਾਅ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਆਗੂ ਸ਼ਰਦ ਪਵਾਰ ਨੂੰ ਅਪੀਲ ਕਰਨਗੇ ਕਿ ਉਹ ਇਸ ਪੇਸ਼ਕਸ਼ ‘ਤੇ ਮੁੜ ਗੌਰ ਕਰਨ ਕਿਉਂਕਿ ਉਹ ਇਸ ਸਿਖਰਲੇ ਸੰਵਿਧਾਨਕ ਅਹੁਦੇ ਲਈ ਸਹੀ ਉਮੀਦਵਾਰ ਹਨ। ਸੀਪੀਆਈ ਦੇ ਬਿਨੋਏ ਵਿਸਵਮ ਨੇ ਕਿਹਾ ਕਿ ਮੀਟਿੰਗ ਦੌਰਾਨ ਸਾਰੀਆਂ ਧਿਰਾਂ ਇਸ ਗੱਲੋਂ ਸਹਿਮਤ ਸਨ ਕਿ ਇਕੋ ਇਕ ਉਮੀਦਵਾਰ ਹੋਵੇ, ਜੋ ਸਾਰਿਆਂ ਨੂੰ ਸਵੀਕਾਰ ਹੋਵੇ। ਆਗੂ ਨੇ ਕਿਹਾ ਕਿ ਮੀਟਿੰਗ ਦੌਰਾਨ ਸਿਰਫ਼ ਸ਼ਰਦ ਪਵਾਰ ਦਾ ਨਾਂ ਹੀ ਆਇਆ। ਹਾਲਾਂਕਿ ਆਰਐੱਸਪੀ ਦੇ ਐੱਨ.ਕੇ.ਪ੍ਰੇਮਚੰਦਰਨ ਨੇ ਕਿਹਾ ਕਿ ਬੈਨਰਜੀ ਨੇ ਮਗਰੋਂ ਵਿਰੋਧੀ ਧਿਰਾਂ ਦੇ ਸਾਂਝੇ ਸੰਭਾਵੀ ਉਮੀਦਵਾਰਾਂ ਵਜੋਂ ਫਾਰੂਕ ਅਬਦੁੱਲਾ ਤੇ ਗੋਪਾਲਕ੍ਰਿਸ਼ਨ ਗਾਂਧੀ ਦਾ ਨਾਮ ਵੀ ਸੁਝਾਇਆ। ਮੀਟਿੰਗ ਵਿੱਚ ਕਾਂਗਰਸ, ਸਮਾਜਵਾਦੀ ਪਾਰਟੀ, ਐੱਨਸੀਪੀ, ਡੀਐੱਮਕੇ, ਆਰਜੇਡੀ, ਖੱਬੀਆਂ ਪਾਰਟੀਆਂ, ਸ਼ਿਵ ਸੈਨਾ, ਨੈਸ਼ਨਲ ਕਾਨਫਰੰਸ, ਪੀਡੀਪੀ, ਜੇਡੀ(ਐੱਸ), ਆਰਐੱਸਪੀ, ਆਈਯੂਐੱਮਐੱਲ ਤੇ ਜੇਐੱਮਐੱਮ ਦੇ ਆਗੂਆਂ ਨੇ ਹਾਜ਼ਰੀ ਭਰੀ। ਮੀਟਿੰਗ ਵਿੱਚ ਐੱਨਸੀਪੀ ਦੇ ਸ਼ਰਦ ਪਵਾਰ ਤੇ ਪ੍ਰਫੁੱਲ ਪਟੇਲ, ਕਾਂਗਰਸ ਦੇ ਜੈਰਾਮ ਰਮੇਸ਼ ਤੇ ਰਣਦੀਪ ਸੁਰਜੇਵਾਲਾ, ਜੇਡੀ(ਐੱਸ) ਦੇ ਐੱਚ.ਡੀ.ਦੇਵੇਗੌੜਾ ਤੇ ਐੱਚ.ਡੀ.ਕੁਮਾਰਸਵਾਮੀ, ਸਪਾ ਦੇ ਅਖਿਲੇਸ਼ ਯਾਦਵ, ਪੀਡੀਪੀ ਦੀ ਮਹਿਬੂਬਾ ਮੁਫ਼ਤੀ ਤੇ ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਸਣੇ ਹੋਰ ਕਈ ਪ੍ਰਮੁੱਖ ਆਗੂ ਸ਼ਾਮਲ ਸਨ।
ਕੌਂਸਟੀਚਿਊਸ਼ਨ ਕਲੱਬ ਵਿੱਚ ਹੋਈ ਮੀਟਿੰਗ ‘ਚ ਆਪ, ਟੀਆਰਐੱਸ ਤੇ ਬੀਜੇਡੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੀ ਗ਼ੈਰਹਾਜ਼ਰ ਰਿਹਾ। ਮੀਟਿੰਗ ਬੁੱਧਵਾਰ ਨੂੰ 3 ਵਜੇ ਦੇ ਕਰੀਬ ਸ਼ੁਰੂ ਹੋਈ ਤੇ ਢਾਈ ਘੰਟੇ ਦੇ ਕਰੀਬ ਚੱਲੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਿਛਲੇ ਹਫ਼ਤੇ ਸੱਤ ਮੁੱਖ ਮੰਤਰੀਆਂ ਸਣੇ 19 ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕੌਮੀ ਰਾਜਧਾਨੀ ਵਿੱਚ ਮੀਟਿੰਗ ਲਈ ਸੱਦਾ ਦਿੱਤਾ ਸੀ।

Check Also

ਰਾਹੁਲ ਗਾਂਧੀ ਅਚਾਨਕ ਪਹੁੰਚੇ ਹਰਿਆਣਾ ਦੇ ਪਿੰਡ ਘੋਘੜੀਪੁਰ

    ਅਮਰੀਕਾ ’ਚ ਹਾਦਸੇ ਦੌਰਾਨ ਜ਼ਖਮੀ ਹੋਏ ਨੌਜਵਾਨ ਦੇ ਪਰਿਵਾਰ ਨੂੰ ਮਿਲੇ ਰਾਹੁਲ ਕਰਨਾਲ/ਬਿਊੂਰੋ …