Breaking News
Home / ਪੰਜਾਬ / ਐਫ.ਸੀ.ਆਈ. ‘ਚ ਭ੍ਰਿਸ਼ਟਾਚਾਰ ਦਾ ਮਾਮਲਾ

ਐਫ.ਸੀ.ਆਈ. ‘ਚ ਭ੍ਰਿਸ਼ਟਾਚਾਰ ਦਾ ਮਾਮਲਾ

ਸੀ.ਬੀ.ਆਈ. ਵਲੋਂ ਪੰਜਾਬ ‘ਚ 50 ਥਾਵਾਂ ‘ਤੇ ਛਾਪੇਮਾਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਸੀ.ਬੀ.ਆਈ. ਨੇ ਵਪਾਰੀਆਂ ਤੇ ਚੌਲ ਮਿੱਲਰਾਂ ਨੂੰ ਫਾਇਦਾ ਪਹੁੰਚਾਉਣ ਲਈ ਘਟੀਆ ਅਨਾਜ ਖਰੀਦਣ ਵਾਲੇ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਦੇ ਅਧਿਕਾਰੀਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੇ ਹਿੱਸੇ ਵਜੋਂ ਮੰਗਲਵਾਰ ਨੂੰ ਪੰਜਾਬ ‘ਚ 50 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ ਸਬੰਧੀ ਅਧਿਕਾਰੀਆਂ ਨੇ ਕਿਹਾ ਕਿ ਸੀ. ਬੀ. ਆਈ. ਦੀਆਂ ਟੀਮਾਂ ਨੇ ‘ਆਪ੍ਰੇਸ਼ਨ ਕਣਕ 2’ ਤਹਿਤ ਅਨਾਜ ਵਪਾਰੀਆਂ, ਚੌਲ ਮਿੱਲ ਮਾਲਕਾਂ ਤੇ ਐਫ.ਸੀ.ਆਈ. ਦੇ ਮੌਜੂਦਾ ਤੇ ਸੇਵਾਮੁਕਤ ਅਧਿਕਾਰੀਆਂ ਦੇ ਟਿਕਾਣਿਆਂ ‘ਤੇ ਤਾਲਮੇਲ ਨਾਲ ਛਾਪੇਮਾਰੀ ਸ਼ੁਰੂ ਕੀਤੀ।
ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਮਾਨਸਾ, ਹੁਸ਼ਿਆਰਪੁਰ, ਮੁਕੇਰੀਆਂ, ਰੂਪਨਗਰ, ਪਟਿਆਲਾ, ਸਰਹਿੰਦ, ਫਤਿਹਗੜ੍ਹ ਸਾਹਿਬ, ਮੁਹਾਲੀ, ਮੋਗਾ, ਫਿਰੋਜ਼ਪੁਰ, ਲੁਧਿਆਣਾ, ਸੰਗਰੂਰ ਆਦਿ ‘ਚ ਐਫ.ਸੀ.ਆਈ. ਅਧਿਕਾਰੀਆਂ, ਪ੍ਰਾਈਵੇਟ ਰਾਈਸ ਮਿੱਲਰਾਂ ਤੇ ਅਨਾਜ ਵਪਾਰੀਆਂ ਦੇ ਟਿਕਾਣਿਆਂ ‘ਤੇ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਇਸ ਕਾਰਵਾਈ ਦੌਰਾਨ ਅਵਤਾਰ ਸਿੰਘ, ਦੀਪਕ ਤੇਅ, ਨਰੇਸ਼ ਕੁਮਾਰ ਪ੍ਰਧਾਨ, ਜਸਵਿੰਦਰ ਸਿੰਘ ਰਾਣਾ, ਵਿਜੇ ਕਾਲੜਾ, ਹਰਬੰਸ ਸਿੰਘ ਰੋਸ਼ਾ, ਸਾਧੂਰਾਮ ਭੱਟ, ਸਤਨਾਮ ਸਿੰਘ ਬਹਿਰੂ ਤੇ ਹਰਿੰਦਰ ਸਿੰਘ ਲੱਖੋਵਾਲ ਸਮੇਤ ਕਈ ਪ੍ਰਭਾਵਸ਼ਾਲੀ ਅਨਾਜ ਵਪਾਰੀਆਂ ਤੇ ਆੜ੍ਹਤੀ ਏਜੰਟਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ। ਇਸ ਸਬੰਧੀ ਸੀ.ਬੀ.ਆਈ. ਦੇ ਬੁਲਾਰੇ ਨੇ ਕਿਹਾ ਕਿ ਤਲਾਸ਼ੀ ਦੌਰਾਨ ਹੁਣ ਤੱਕ ਇਤਰਾਜ਼ਯੋਗ ਦਸਤਾਵੇਜ਼ ਤੇ ਡਿਜੀਟਲ ਉਪਕਰਨ ਬਰਾਮਦ ਕੀਤੇ ਗਏ ਹਨ। ਤਲਾਸ਼ੀ ਦੌਰਾਨ ਪਤਾ ਲੱਗਾ ਹੈ ਕਿ ਇਹ ਲੋਕ ਕਥਿਤ ਤੌਰ ‘ਤੇ ਪ੍ਰਾਈਵੇਟ ਮਿੱਲ ਮਾਲਕਾਂ ਤੋਂ 1 ਤੋਂ 4 ਹਜ਼ਾਰ ਰੁਪਏ ਪ੍ਰਤੀ ਫ਼ਸਲੀ ਸੀਜ਼ਨ ਦੇ ਹਿਸਾਬ ਨਾਲ ਰਿਸ਼ਵਤ ਲੈ ਕੇ ਐਫ.ਸੀ.ਆਈ. ਦੇ ਗੋਦਾਮਾਂ ‘ਚ ਅਣਲੋਡ ਕੀਤੇ ਗਏ ਘਟੀਆ ਅਨਾਜ ਨੂੰ ਢਕਣ ਤੇ ਹੋਰ ਮਨਮਰਜ਼ੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦਾ ਪਹਿਲਾ ਦੌਰ 13 ਜਨਵਰੀ ਨੂੰ ਸ਼ੁਰੂ ਹੋਇਆ ਸੀ। ਐਫ.ਆਈ.ਆਰ. ਦੇ ਪੰਜਾਬ ਭਰ ‘ਚ ਕਈ ਡਿਪੂਆਂ ‘ਚ ਅਜਿਹੀ ਰਿਸ਼ਵਤ ਵਸੂਲੀ ਦੇ ਵੇਰਵੇ ਦਿੱਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਤਕਨੀਕੀ ਸਹਾਇਕਾਂ ਤੋਂ ਲੈ ਕੇ ਕਾਰਜਕਾਰੀ ਡਾਇਰੈਕਟਰਾਂ ਤੱਕ ਦੇ ਅਧਿਕਾਰੀ ਕਥਿਤ ਤੌਰ ‘ਤੇ ਪ੍ਰਾਈਵੇਟ ਮਿੱਲਰਾਂ ਤੋਂ ਰਿਸ਼ਵਤ ਲੈ ਰਹੇ ਸਿੰਡੀਕੇਟ ਦਾ ਹਿੱਸਾ ਹਨ। ਸੀ.ਬੀ.ਆਈ. ਨੇ ਐਫ. ਆਈ. ਆਰ. ‘ਚ ਇਲਜ਼ਾਮ ਲਗਾਇਆ ਹੈ ਕਿ ਐਫ.ਸੀ.ਆਈ. ਦੇ ਅਧਿਕਾਰੀਆਂ ਵਲੋਂ ਅਨਾਜ ਭੰਡਾਰਨ ਦੌਰਾਨ ਐਫ.ਸੀ.ਆਈ. ਦੇ ਡਿਪੂਆਂ ‘ਚ ਅਣਲੋਡ ਕੀਤੇ ਗਏ ਪ੍ਰਤੀ ਟਰੱਕ ਦੇ ਆਧਾਰ ‘ਤੇ ਡਿਪੂ ਪੱਧਰ ‘ਤੇ ਰਿਸ਼ਵਤ ਦੀ ਰਕਮ ਇਕੱਠੀ ਕੀਤੀ ਜਾਂਦੀ ਹੈ। ਰਿਸ਼ਵਤ ਦਾ ਇਹ ਪੈਸਾ ਫਿਰ ਐਫ.ਸੀ.ਆਈ. ਦੇ ਵੱਖ-ਵੱਖ ਰੈਂਕਾਂ ‘ਚ ਵੰਡਿਆ ਜਾਂਦਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਏਜੰਸੀ ਨੇ ਐਫ.ਆਈ.ਆਰ. ‘ਚ ਕੁੱਲ 74 ਮੁਲਜ਼ਮਾਂ ਦੇ ਨਾਂਅ ਦਰਜ ਕੀਤੇ ਹਨ, ਜਿਨ੍ਹਾਂ ‘ਚ ਐਫ.ਸੀ.ਆਈ. ਦੇ ਕਾਰਜਕਾਰੀ ਨਿਰਦੇਸ਼ਕ ਸੁਦੀਪ ਸਿੰਘ, ਅਧਿਕਾਰੀ, ਚੌਲ ਮਿੱਲ ਮਾਲਕ ਤੇ ਵਿਚੋਲੇ ਸ਼ਾਮਿਲ ਹਨ, ਜੋ ਕਥਿਤ ਤੌਰ ‘ਤੇ ਭ੍ਰਿਸ਼ਟਾਚਾਰ ‘ਚ ਸ਼ਾਮਲ ਸਨ। ਐਫ.ਸੀ.ਆਈ. ਨੂੰ ਆਊਟਸੋਰਸ ਕੀਤੇ ‘ਬੇਨਾਮੀ’ ਗੁਦਾਮ ਚਲਾਉਣ ਲਈ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ‘ਚ ਹੈ। ਅਧਿਕਾਰੀਆਂ ਨੇ ਦੱਸਿਆ ਕਿ 74 ਮੁਲਜ਼ਮਾਂ ‘ਚੋਂ 34 ਮੌਜੂਦਾ ਅਧਿਕਾਰੀ, ਤਿੰਨ ਸੇਵਾਮੁਕਤ, 17 ਨਿੱਜੀ ਲੋਕ ਤੇ 20 ਸੰਸਥਾਵਾਂ ਸ਼ਾਮਿਲ ਹਨ।
ਲੱਖੋਵਾਲ ਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਦੇ ਟਿਕਾਣਿਆਂ ‘ਤੇ ਛਾਪੇ
ਸੀ.ਬੀ.ਆਈ. ਵਲੋਂ ਖੰਨਾ ‘ਚ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਦੀ ਦੁਕਾਨ ਤੇ ਘਰ ਅਤੇ ਸਾਹਨੇਵਾਲ ‘ਚ ਬੀ.ਕੇ.ਯੂ. ਲੱਖੋਵਾਲ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੇ ਪੈਟਰੋਲ ਪੰਪ ਅਤੇ ਘਰ, ਜਦਕਿ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਦੇ ਮੋਹਾਲੀ ਸਥਿਤ ਘਰ ‘ਚ ਵੀ ਛਾਪੇ ਮਾਰੇ ਗਏ। ਉਧਰ ਸੀ.ਬੀ.ਆਈ. ਨੇ ਇਸ ਸੰਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

 

Check Also

ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਨੂੰ ਪੁੱਛੇ ਜਾਣ ਵਾਲੇ ਸਵਾਲਾਂ ਸਬੰਧੀ ਪੋਸਟਰ ਕੀਤਾ ਜਾਵੇਗਾ ਜਾਰੀ

32 ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ’ਚ ਹੋਈ ਮੀਟਿੰਗ ਦੌਰਾਨ ਲਿਆ ਗਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ : …