7.8 C
Toronto
Tuesday, October 28, 2025
spot_img
Homeਪੰਜਾਬਸੰਤ ਸੀਚੇਵਾਲ ਨੇ ਸ਼ਾਹਕੋਟ 'ਚ 100, ਸੁਲਤਾਨਪੁਰ ਲੋਧੀ 'ਚ 90 ਪੰਚਾਇਤਾਂ ਸਰਬਸੰਮਤੀਆਂ...

ਸੰਤ ਸੀਚੇਵਾਲ ਨੇ ਸ਼ਾਹਕੋਟ ‘ਚ 100, ਸੁਲਤਾਨਪੁਰ ਲੋਧੀ ‘ਚ 90 ਪੰਚਾਇਤਾਂ ਸਰਬਸੰਮਤੀਆਂ ਨਾਲ ਬਣਵਾਈਆਂ, ਨਾਂ ਦਿੱਤਾ-ਹਰੀ ਪੰਚਾਇਤਾਂ

ਪੰਚ-ਸਰਪੰਚ ਬਣਾਏ ਗਏ ਨੌਜਵਾਨਾਂ ਨੂੰ ਵਾਤਾਵਰਣ ਬਚਾਉਣ ਤੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਦੀ ਚੁਕਾਈ ਸਹੁੰ
ਕਪੂਰਥਲਾ/ਬਿਊਰੋ ਨਿਊਜ਼ : ਇਕ ਪਾਸੇ ਜਿੱਥੇ ਪੰਚਾਇਤ ਚੋਣਾਂ ‘ਚ ਜਿੱਤ ਦੇ ਲਈ ਹਿੰਸਾ ਹੋ ਰਹੀ ਹੈ, ਉਥੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਇਸ ਦੇ ਉਲਟ ਪਿੰਡਾਂ ‘ਚ ਜਾ ਕੇ ਲੋਕਾਂ ਨੂੰ ਸਰਵਸੰਮਤੀ ਨਾਲ ਪੰਚਾਇਤ ਦੀ ਚੋਣ ਕਰਨ ਦੇ ਲਈ ਜਾਗਰੂਕ ਕਰ ਰਹੇ ਹਨ। ਇਸ ਦਾ ਨਤੀਜਾ ਇਹ ਹੈ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਹੁਣ ਤੱਕ ਦੋ ਜ਼ਿਲ੍ਹਿਆਂ ਜਲੰਧਰ ਅਤੇ ਕਪੂਰਥਲਾ ‘ਚ ਲਗਭਗ 190 ਪੰਚਾਇਤਾਂ ਸਰਵਸੰਮਤੀ ਨਾਲ ਬਣਵਾ ਚੁੱਕੇ ਹਨ। ਇਨ੍ਹਾਂ ‘ਚ ਸ਼ਾਹਕੋਟ ‘ਚ 100 ਤੇ ਕਪੂਰਥਲਾ ‘ਚ 90 ਪੰਚਾਇਤਾਂ ਬਣਵਾਈਆਂ। ਇਨ੍ਹਾਂ ਪਿੰਡਾਂ ‘ਚ ਜ਼ਿਆਦਾਤਰ ਨੌਜਵਾਨਾਂ ਨੂੰ ਸਰਪੰਚ ਅਤੇ ਪੰਚ ਦੀ ਕਮਾਂਡ ਦਿੱਤੀ ਗਈ। ਸਰਪੰਚਾਂ ਅਤੇ ਪੰਚਾਂ ਨੂੰ ਪਿੰਡ ਨੂੰ ਨਸ਼ਾ ਮੁਕਤ ਕਰਨ ਅਤੇ ਵਾਤਾਵਰਣ ਨੂੰ ਸੁਰੱਖਿਅਤ ਬਣਾਉਣ ਦੀ ਸਹੁੰ ਚੁਕਾਈ ਗਈ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਨ੍ਹਾਂ ਪੰਚਾਇਤਾਂ ਨੂੰ ‘ਹਰੀ ਪੰਚਾਇਤ’ ਦਾ ਨਾਂ ਦਿੱਤਾ। ਇਸ ਦੀ ਸ਼ੁਰੂਆਤ ਪਿੰਡ ਸੀਚੇਵਾਲ ਤੋਂ ਗਤਕਾ ਖਿਡਾਰੀ ਅਤੇ ਵਾਤਾਵਰਣ ਪ੍ਰੇਮੀ ਨੌਜਵਾਨ ਤਜਿੰਦਰ ਸਿੰਘ ਨੂੰ ਸਰਪੰਚ ਬਣਾ ਕੇ ਕੀਤੀ ਗਈ। ਹੌਲੀ-ਹੌਲੀ ਦੂਜੇ ਪਿੰਡਾਂ ‘ਚ ਵੀ ਕਾਫਲਾ ਜੁੜ ਗਿਆ ਅਤੇ ਸਰਵਸੰਮਤੀ ਨਾਲ ਪੰਚਾਇਤਾਂ ਬਣਾਈਆਂ ਗਈਆਂ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਵੀਆਂ ਬਣੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤੀ ਅਤੇ ਵਾਤਾਵਰਨ ਦੀ ਬੇਹਤਰੀ ਲਈ ਕੰਮ ਕਰਨ।
ਪਿੰਡ-ਪਿੰਡ ‘ਚ ਪਹੁੰਚਾਵਾਂਗੇ ਮੁਹਿੰਮ : ਸੀਚੇਵਾਲ
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਿੰਡਾਂ ‘ਚ ਸਰਵਸੰਮਤੀ ਨਾਲ ਪੰਚਾਇਤਾਂ ਬਣਾਉਣ ਦੇ ਲਈ ਕਈ ਦਿਨਾਂ ਤੋਂ ਮੁਹਿੰਮ ਚਲਾ ਰੱਖੀ ਹੈ। ਸੀਚੇਵਾਲ ਨੇ ਕਿਹਾ ਕਿ ਉਹ ਇਸ ਮੁਹਿੰਮ ਨੂੰ ਪਿੰਡ-ਪਿੰਡ ‘ਚ ਪਹੁੰਚਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਈ ਪਿੰਡਾਂ ‘ਚ ਲੋਕਾਂ ਨੂੰ ਖੁਦ ਜਾ ਕੇ ਜਾਗਰੂਕ ਕੀਤਾ। ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਹਲਕੇ ‘ਚ ਲਗਭਗ 100 ਪਿੰਡਾਂ ‘ਚ ਸਰਵਸੰਮਤੀ ਨਾਲ ਪੰਚਾਇਤਾਂ ਬਣਾਈਆਂ ਜਦਕਿ ਸੁਲਤਾਨਪੁਰ ਲੋਧੀ ‘ਚ 147 ‘ਚੋਂ 90 ਪੰਚਾਇਤਾਂ ਨੂੰ ਸਰਵਸੰਮਤੀ ਨਾਲ ਚੁਣਿਆ ਗਿਆ। ਇਨ੍ਹਾਂ ‘ਚ ਪਿੰਡ ਫੈਸਲਾਬਾਦ, ਘਣੀਏਕੇ, ਮੰਡ ਸੰਗੋਜਲਾ, ਬਲੇਰਖਾਨਪੁਰਾ, ਰਤੜਾ ਆਦਿ ਪਿੰਡ ਸ਼ਾਮਲ ਹਨ।
ਕਾਲੇ ਤਿੱਤਰ ਨੇ ਫਿਰ ਫਸਾਇਆ ਸਿੱਧੂ ਨੂੰ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਵਿਵਾਦਾਂ ‘ਚ ਫਸਦੇ ਹੀ ਜਾ ਰਹੇ ਹਨ। ਹੁਣ ਉਹ ਪਾਕਿਸਤਾਨ ਤੋਂ ਕਾਲੇ ਤਿੱਤਰ ਦੀ ਟਰਾਫੀ ਲਿਆ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਂਟ ਕਰਨ ਨਾਲ ਵਿਵਾਦਾਂ ‘ਚ ਫਸ ਗਏ ਹਨ, ਕਿਉਂਕਿ ਕਾਲੇ ਤਿੱਤਰ ਦਾ ਕੋਈ ਵੀ ਅੰਗ ਆਪਣੇ ਕੋਲ ਰੱਖਣਾ ਕਾਨੂੰਨੀ ਜੁਰਮ ਹੈ। ਹਾਲਾਂਕਿ ਮੁੱਖ ਮੰਤਰੀ ਨੇ ਇਸ ਨੂੰ ਲੈਣ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਉਹ ਵਣ ਜੀਵ ਵਿਭਾਗ ਨਾਲ ਸਲਾਹ ਕਰਨ ਤੋਂ ਬਾਅਦ ਹੀ ਇਸ ਤੋਹਫ਼ੇ ਨੂੰ ਕਬੂਲ ਕਰਨਗੇ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਾਜਪੋਸ਼ੀ ਸਮਾਰੋਹ ‘ਚ ਪਾਕਿਸਤਾਨੀ ਫੌਜ ਮੁਖੀ ਬਾਜਵਾ ਨੂੰ ਜੱਫੀ ਪਾਉਣ, ਕਰਤਾਰਪੁਰ ਕੋਰੀਡੋਰ ਦਾ ਨੀਂਹ ਪੱਥਰ ਰੱਖਣ ਦੇ ਮੌਕੇ ਕੈਪਟਨ ਦੀ ਸਹਿਮਤੀ ਤੋਂ ਬਿਨਾ ਪਾਕਿਸਤਾਨ ਜਾਣ ਵਾਲੇ ਅਤੇ ਉਥੋਂ ਵਾਪਸ ਆਉਂਦੇ ਹੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਿਆਨਬਾਜ਼ੀ ਕਰਕੇ ਸਿੱਧੂ ਵਿਵਾਦਾਂ ‘ਚ ਘਿਰੇ ਰਹੇ।
ਰਿਟਾਇਰ ਅਫ਼ਸਰਾਂ ਦੀ ਸਲਾਹ ਲੈ ਰਹੇ ਨੇ ਸੁਖਬੀਰ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਨ੍ਹੀਂ ਦਿਨੀਂ ਪੁਲਿਸ ਅਤੇ ਪ੍ਰਸ਼ਾਸਨ ਤੋਂ ਰਿਟਾਇਰ ਹੋ ਚੁੱਕੇ ਅਫ਼ਸਰਾਂ ਨਾਲ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਦੀ ਰਾਏ ਲੈ ਰਹੇ ਹਨ। ਅਫ਼ਸਰ ਉਨ੍ਹਾਂ ਦੇ ਲਈ ਅਜਿਹੇ ਮੁੱਦੇ ਲੱਭਣ ‘ਚ ਜੁਟੇ ਹਨ, ਜਿਨ੍ਹਾਂ ਲੈ ਕੇ ਮੌਜੂਦਾ ਕਾਂਗਰਸ ਸਰਕਾਰ ਨੂੰ ਘੇਰਿਆ ਜਾ ਸਕੇ। ਇਸ ਲਈ ਅਫ਼ਸਰ ਸਰਕਾਰ ਦੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਹੋਰ ਆਗੂਆਂ ਦੇ ਰਿਕਾਰਡ ਨੂੰ ਲੱਭਣ ‘ਚ ਲੱਗੇ ਹੋਏ ਹਨ ਅਤੇ ਅਜਿਹੇ ਮਾਮਲਿਆਂ ਨੂੰ ਦੁਬਾਰਾ ਖੰਗਾਲਿਆ ਜਾ ਰਿਹਾ ਹੈ। ਜੋ ਕਈ ਸਾਲ ਪਹਿਲਾਂ ਦੱਬੇ ਜਾ ਚੁੱਕੇ ਹਨ, ਹੁਣ 1984 ਦੇ ਸਿੱਖ ਕਤਲੇਆਮ ਦੇ ਦੋਸ਼ਾਂ ‘ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਮਿਲਣ ਤੋਂ ਬਾਅਦ ਸਿੱਖ ਕਤਲੇਆਮ ਨਾਲ ਜੁੜੇ ਮਸਲਿਆਂ ਨੂੰ ਚੁੱਕ ਕੇ ਵੀ ਕਾਂਗਰਸ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ ਰਿਹਾ ਹੈ।
ਫਾਈਬਰ ਵਾਲਾ ਜੂਸ
ਗਲਤ ਖਾਣ-ਪੀਣ ਦੇ ਕਾਰਨ ਫੈਟੀ ਲੀਵਰ ਅਤੇ ਹੋਰ ਸਰੀਰਕ ਕਮੀਆਂ ਦੀ ਵਜ੍ਹਾ ਨਾਲ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਪੰਜਾਬ ਦੇ ਲਗਭਗ ਸਾਰੇ ਵਿਧਾਇਕ ਇਨ੍ਹੀਂ ਦਿਨੀਂ ਫਾਈਬਰ ਵਾਲਾ ਜੂਸ ਪੀ ਰਹੇ ਹਨ। ਇਨ੍ਹਾਂ ‘ਚ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਅਜਿਹੇ ਵਿਧਾਇਕ ਸ਼ਾਮਲ ਹਨ, ਜੋ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਮੋਟਾਪੇ, ਫੈਟੀ ਲੀਵਰ, ਪੇਟ ਦੀ ਖਰਾਬੀ ਅਤੇ ਹੋਰ ਕਿਸੇ ਨਾ ਕਿਸੇ ਬਿਮਾਰੀ ਨਾਲ ਜੂਝ ਰਹੇ ਹਨ। ਡਾਕਟਰਾਂ ਦੀ ਸਲਾਹ ‘ਤੇ ਉਹ ਫਾਈਬਰ ਵਾਲਾ ਜੂਸ ਪੀ ਕੇ ਇਨ੍ਹਾਂ ਬਿਮਾਰੀਆਂ ਨੂੰ ਦੂਰ ਕਰਨ ਦੇ ਯਤਨ ਕਰ ਰਹੇ ਹਨ।
ਪਾਰਟੀ ਛੱਡ ਨਹੀਂ ਰਹੇ ਸੁਖਪਾਲ ਖਹਿਰਾ
ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਪਾਰਟੀ ਨੂੰ ਆਪਣੇ ਬਗਾਵਤੀ ਸੁਰ ਦਿਖਾ ਚੁੱਕੇ ਹਨ। ਉਨ੍ਹਾਂ ਨੇ ਪਾਰਟੀ ਦੇ ਕੁਝ ਵਿਧਾਇਕਾਂ ਨੂੰ ਨਾਲ ਲੈ ਕੇ ਲੋਕ ਇਨਸਾਫ ਪਾਰਟੀ ਅਤੇ ਪੰਜਾਬ ਡੈਮੋਕ੍ਰੇਟਿਕ ਪਾਰਟੀ ਨਾਲ ਮਿਲ ਕੇ ਅਲਾਂਇੰਸ ਵੀ ਬਣਾ ਲਿਆ ਹੈ। ਪ੍ਰੰਤੂ ਨਵੀਂ ਪਾਰਟੀ ਦੇ ਬਾਰੇ ‘ਚ ਅਜੇ ਉਹ ਕੋਈ ਐਲਾਨ ਨਹੀਂ ਕਰ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਸਮਰਥਕ ਵਿਧਾਇਕਾਂ ਦੇ ਨਾਲ ਸਲਾਹ-ਮਸ਼ਵਰਾ ਕਰਕੇ ਨਵੇਂ ਸਾਲ ‘ਚ ਆਪਣੀ ਨਵੀਂ ਪਾਰਟੀ ਦੇ ਬਾਰੇ ‘ਚ ਕੋਈ ਐਲਾਨ ਕਰਨਗੇ।

RELATED ARTICLES
POPULAR POSTS