Breaking News
Home / ਪੰਜਾਬ / ਸਰਕਾਰਾਂ ਹੋਈਆਂ ਬੁੱਤ ਤਾਂ ਜਾਗੇ ਸ਼ਹੀਦਾਂ ਦੇ ਪੁੱਤ

ਸਰਕਾਰਾਂ ਹੋਈਆਂ ਬੁੱਤ ਤਾਂ ਜਾਗੇ ਸ਼ਹੀਦਾਂ ਦੇ ਪੁੱਤ

ਕਰਜ਼ਾ ਚੁੱਕ ਕੇ ਲਗਾਏ ਸ਼ਹੀਦਾਂ ਦੇ ਬੁੱਤ, ਲੀਡਰ ਵਾਅਦੇ ਕਰਕੇ ਮੁੱਕਰੇ
ਬਠਿੰਡਾ/ਬਿਊਰੋ ਨਿਊਜ਼ : ਜਦੋਂ ਸਰਕਾਰਾਂ ਬੁੱਤ ਹੋ ਜਾਣ ਤਾਂ ਪਰਿਵਾਰਾਂ ਨੂੰ ਦਿਹਾੜੀਆਂ ਕਰਕੇ ਸ਼ਹੀਦਾਂ ਦੇ ਬੁੱਤ ਲਾਉਣੇ ਪੈਂਦੇ ਹਨ। ਬਰਨਾਲਾ ਦੇ ਪਿੰਡ ਘੁੰਨਸ ਦੇ ਸ਼ਹੀਦ ਸਿਪਾਹੀ ਦਲੀਪ ਸਿੰਘ ਦੇ ਪਰਿਵਾਰ ਨੂੰ ਲੀਡਰਾਂ ਨੇ ਜਦੋਂ ਠਿੱਠ ਕੀਤਾ ਤਾਂ ਉਨ੍ਹਾਂ ਖ਼ੁਦ ਬੁੱਤ ਲਾਉਣ ਦੀ ਠਾਣ ਲਈ। ਇਕ ਮੁੱਖ ਸੰਸਦੀ ਸਕੱਤਰ ਨੇ ਸ਼ਹੀਦ ਦੇ ਬੁੱਤ ਦਾ ਕੰਮ ਸ਼ੁਰੂ ਕਰਾ ਦਿੱਤਾ ਅਤੇ ਬੁੱਤ ਦਾ ਆਰਡਰ ਕਰ ਦਿੱਤਾ। ਜਦੋਂ ਪੈਸੇ ਦੇਣ ਦੀ ਗੱਲ ਆਈ ਤਾਂ ਪਾਸਾ ਵੱਟ ਲਿਆ। ਘੁੰਨਸ ਦਾ ਦਲੀਪ ਸਿੰਘ 12 ਦਸੰਬਰ, 1971 ਨੂੰ ਸ਼ਹੀਦ ਹੋਇਆ ਸੀ। ਸ਼ਹੀਦ ਦਾ ਭਤੀਜਾ ਮੰਦਰ ਸਿੰਘ ਦੱਸਦਾ ਹੈ ਕਿ ਜਦੋਂ ਬੁੱਤ ਲਈ ਨੇਤਾ ਨੇ ਪੈਸੇ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ ਤਾਂ ਉਨ੍ਹਾਂ ਨੇ ਚਾਰ ਲੱਖ ਦਾ ਕਰਜ਼ਾ ਚੁੱਕਿਆ ਅਤੇ ਬੁੱਤ ਲਾਉਣ ਲਈ ਜਗ੍ਹਾ ਖ਼ਰੀਦੀ। ਉਸ ਮਗਰੋਂ ਚਾਰੋਂ ਭਤੀਜਿਆਂ ਨੇ ਦਿਹਾੜੀਆਂ ਕਰਕੇ ਪੈਸੇ ਜੋੜੇ।
ਅਖੀਰ ਸਮੇਤ ਪਲਾਟ ਤਕਰੀਬਨ ਅੱਠ ਲੱਖ ਦੀ ਲਾਗਤ ਨਾਲ ਬੁੱਤ ਲਗਾ ਦਿੱਤਾ। ਘੁੰਨਸ ਦੇ ਯੁਵਕ ਭਲਾਈ ਕਲੱਬ ਨੇ ਵੀ ਮਦਦ ਕੀਤੀ। ਸੰਗਰੂਰ ਦੇ ਪਿੰਡ ਡਸਕਾ ਦੇ ਨਾਇਕ ਗੁਰਬਚਨ ਸਿੰਘ ਦੀ ਵਿਧਵਾ ਰੂਪ ਕੌਰ ਨੂੰ ਸ਼ਹੀਦ ਪਤੀ ਦੀ ਨਿਸ਼ਾਨੀ ਲਈ ਹਰ ਸਰਕਾਰ ਦੇ ਬੂਹੇ ‘ਤੇ ਜਾਣਾ ਪਿਆ।
ਉਸ ਨੂੰ ਕੇਂਦਰ ਸਰਕਾਰ ਨੇ ਸੈਨਾ ਮੈਡਲ ਤਾਂ ਦਿੱਤਾ ਪਰ ਰਾਜ ਸਰਕਾਰ ਨੇ ਸ਼ਹੀਦ ਨੂੰ ਬੁੱਤ ਜੋਗਾ ਵੀ ਨਹੀਂ ਸਮਝਿਆ। ਵਿਧਵਾ ਕੋਲ ਸ਼ਹੀਦ ਦੀ ਇੱਕ ਚਿੱਠੀ ਤੇ ਫ਼ੌਜੀ ਵਰਦੀ ਬਚੀ ਹੈ। ਜਦੋਂ ਗੋਦ ਲਿਆ ਪੁੱਤ ਟਹਿਲ ਸਿੰਘ ਜਵਾਨ ਹੋਇਆ ਤਾਂ ਉਸ ਨੇ ਕਸਮ ਖਾ ਲਈ। ਪੁੱਤ ਨੇ ਟਰੈਕਟਰ ‘ਤੇ ਡਰਾਈਵਰੀ ਕਰ ਕੇ ਪੈਸੇ ਜੋੜੇ ਅਤੇ ਜੈਪੁਰ ਤੋਂ ਸ਼ਹੀਦ ਬਾਪ ਦਾ ਬੁੱਤ ਬਣਾ ਲਿਆ। ਪੰਚਾਇਤ ਨੇ ਜਗ੍ਹਾ ਦੇ ਦਿੱਤੀ ਅਤੇ ਟਹਿਲ ਸਿੰਘ ਨੇ ਆਪਣੀ ਮਾਂ ਦੀ ਆਖਰੀ ਇੱਛਾ ਪੂਰੀ ਕਰ ਦਿੱਤੀ। ਪਰਿਵਾਰ ਦੱਸਦਾ ਹੈ ਕਿ ਸਾਲ 2004 ਵਿਚ ਸਰਕਾਰ ਵੱਲੋਂ ਐਲਾਨੀ ਰਾਸ਼ੀ ਹਾਲੇ ਤਕ ਨਹੀਂ ਪੁੱਜੀ ਹੈ।
ਬਠਿੰਡਾ ਦੇ ਪਿੰਡ ਲਹਿਰਾ ਧੂਰਕੋਟ ਦੇ ਅਰਸ਼ਿੰਦਰ ਸਿੰਘ ਨੇ ਆਪਣੇ ਪਿਤਾ ਸ਼ਹੀਦ ਹੌਲਦਾਰ ਧਰਮਪਾਲ ਸਿੰਘ ਦਾ ਬੁੱਤ ਖ਼ੁਦ ਲਾਇਆ ਹੈ। ਵਿਧਵਾ ਪਾਲ ਕੌਰ ਤਕਰੀਬਨ 45 ਵਰ੍ਹਿਆਂ ਤੋਂ ਬਰਸੀ ਮਨਾਉਂਦੀ ਆ ਰਹੀ ਹੈ।
ਧਰਮਪਾਲ ਸਿੰਘ ਨੇ ਪਾਕਿ ਨਾਲ ਦੋ ਜੰਗਾਂ ਲੜੀਆਂ ਸਨ। ਅਰਸ਼ਿੰਦਰ ਦੱਸਦਾ ਹੈ ਕਿ ਜਦੋਂ ਸਰਕਾਰ ਨੇ ਪੱਲਾ ਨਾ ਫੜਾਇਆ ਤਾਂ ਉਸ ਨੇ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੋ ਕੇ ਪੈਸੇ ਬਚਾਉਣੇ ਸ਼ੁਰੂ ਕਰ ਦਿੱਤੇ। ਜਦੋਂ 60 ਹਜ਼ਾਰ ਇਕੱਠੇ ਹੋ ਗਏ ਤਾਂ ਉਸ ਨੇ ਬਾਪ ਦਾ ਬੁੱਤ ਬਣਾ ਲਿਆ। ਪੰਚਾਇਤ ਨੇ ਜਗ੍ਹਾ ਦੇ ਦਿੱਤੀ। ਉਸ ਨੂੰ ਸ਼ਿਕਵਾ ਹੈ ਕਿ ਪਿੰਡ ਦੇ ਸਰਕਾਰੀ ਸਕੂਲ ਦੇ ਮੁੱਖ ਗੇਟ ਤੋਂ ਉਸ ਦੇ ਬਾਪ ਦਾ ਨਾਂ ਹੁਣ ਗਾਇਬ ਹੋ ਗਿਆ ਹੈ। ਹੁਣ ਹੌਲਦਾਰ ਧਰਮਪਾਲ ਸਿੰਘ ਦੇ ਪਾਕਿਸਤਾਨ ਜੇਲ੍ਹ ਵਿਚ ਜ਼ਿੰਦਾ ਹੋਣ ਦੀ ਭਿਣਕ ਨੇ ਪਰਿਵਾਰ ‘ਚ ਉਮੀਦ ਜਗਾ ਦਿੱਤੀ ਹੈ। ਜ਼ਿਲ੍ਹਾ ਮੋਗਾ ਦੇ ਪਿੰਡ ਰਾਮੂੰਵਾਲਾ ਨਵਾਂ ਵਿੱਚ ਵੀ ਸ਼ਹੀਦ ਦੇ ਪਰਿਵਾਰ ਨਾਲ ਲੀਡਰਾਂ ਨੇ ਟਿੱਚਰਾਂ ਹੀ ਕੀਤੀਆਂ ਹਨ। ਰਘਬੀਰ ਸਿੰਘ ਜੰਮੂ ਸੈਕਟਰ ਵਿਚ ਸ਼ਹੀਦ ਹੋਇਆ ਸੀ।
17 ਸਾਲ ਪਹਿਲਾਂ ਇੱਕ ਮੰਤਰੀ ਨੇ ਸਕੂਲ ਦਾ ਨਾਂ ਸ਼ਹੀਦ ਦੇ ਨਾਂ ਉਤੇ ਰੱਖਣ ਤੇ ਇੱਕ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਸੀ ਪਰ ਇਹ ਵਾਅਦਾ ਵਫ਼ਾ ਨਾ ਹੋਇਆ। ਸ਼ਹੀਦ ਦੇ ਪਿਤਾ ਅਮਰੀਕ ਸਿੰਘ ਅਨੁਸਾਰ ਯਾਦਗਾਰ ‘ਤੇ ਤਕਰੀਬਨ ਤਿੰਨ ਲੱਖ ਖਰਚ ਆਉਣੇ ਹਨ, ਜੋ ਪਰਿਵਾਰ ਪੱਲਿਓਂ ਖਰਚ ਰਿਹਾ ਹੈ। ਪੰਚਾਇਤ ਨੇ ਪੰਜ ਮਰਲੇ ਜਗ੍ਹਾ ਦਿੱਤੀ ਹੈ।
ਸੰਸਦ ਮੈਂਬਰ ਨਹੀਂ ਦੇ ਸਕਦੇ ਫੰਡ
‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਸੰਸਦੀ ਕੋਟੇ ਦੇ ਫੰਡਾਂ ਵਿਚੋਂ ਉਹ ਸ਼ਹੀਦਾਂ ਦੀਆਂ ਯਾਦਗਾਰਾਂ ਅਤੇ ਬੁੱਤਾਂ ਲਈ ਕੋਈ ਪੈਸਾ ਨਹੀਂ ਦੇ ਸਕਦੇ ਹਨ ਕਿਉਂਕਿ ਐਮਪੀ ਲੈਡਜ਼ ਦੇ ਨੇਮ ਇਸ ਦੀ ਆਗਿਆ ਨਹੀਂ ਦਿੰਦੇ। ਕੇਂਦਰ ਨੂੰ ਇਨ੍ਹਾਂ ਨਿਯਮਾਂ ਵਿਚ ਢਿੱਲ ਦੇਣੀ ਚਾਹੀਦੀ ਹੈ ਕਿਉਂਕਿ ਸ਼ਹੀਦਾਂ ਦੀ ਬਦੌਲਤ ਹੀ ਉਹ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ।
ਪੌੜੀਆਂ ਤੋੜ ਦਿੱਤੀਆਂ
ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਪਾਣੀ ਦੀਆਂ ਟੈਕੀਆਂ ‘ਤੇ ਚੜ੍ਹ ਕੇ ਪ੍ਰਦਰਸ਼ਨ ਦਾ ਕੰਮ ਜਾਰੀ ਰੱਖਿਆ ਹੋਇਆ ਸੀ ਪ੍ਰੰਤੂ ਹੁਣ ਸਰਕਾਰ ਨੇ ਕਰਮਚਾਰੀਆਂ ਦੀ ਮੰਗਾਂ ਦੀ ਉਸ ਪੌੜੀ ਨੂੰ ਢਹਿ-ਢੇਰੀ ਕਰ ਦਿੱਤਾ ਹੈ, ਜਿਸ ਦੇ ਰਾਹੀਂ ਉਹ ਟੈਕੀਆਂ ‘ਤੇ ਚੜ੍ਹਦੇ ਸਨ। ਮੋਹਾਲੀ ‘ਚ 57 ਦਿਨਾਂ ਤੋਂ ਪਾਣੀ ਦੀ ਟੈਂਕੀ ‘ਤੇ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਬੀਐਡ ਅਧਿਆਪਕਾਂ ਨੂੰ ਟੈਂਕੀ ਤੋਂ ਉਤਾਰਨ ਦੇ ਲਈ ਪ੍ਰਸ਼ਾਸਨ ਨੇ ਅਜਿਹਾ ਹੀ ਕੀਤਾ। ਮੁੱਖ ਮੰਤਰੀ ਦੇ ਮੋਹਾਲੀ ਦੌਰੇ ਨੂੰ ਲੈ ਕੇ ਟੀਚਰਾਂ ਨੂੰ ਜਦੋਂ ਟੈਂਕੀ ਤੋਂ ਉਤਾਰਨ ਦਾ ਯਤਨ ਕੀਤਾ ਗਿਆ ਪ੍ਰੰਤੂ ਜਦੋਂ ਟੀਚਰ ਨਹੀਂ ਉਤਰੇ ਤਾਂ ਸਰਕਾਰ ਦੇ ਪ੍ਰਤੀਨਿਧ ਨੇ ਮੁੱਖ ਮੰਤਰੀ ਦੇ ਦੌਰੇ ਤੋਂ ਦੋ ਦਿਨ ਪਹਿਲਾਂ ਟੀਚਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਨੂੰ ਮਿਲਵਾ ਕੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਵਾ ਦਿੱਤੀਆਂ ਜਾਣਗੀਆਂ। ਇਸ ਤੋਂ ਬਾਅਦ ਜਦੋਂ ਟੀਚਰ ਟੈਂਕੀ ਤੋਂ ਉਤਰੇ ਤਾਂ ਪ੍ਰਸ਼ਾਸਨ ਅਤੇ ਪੁਲਿਸ ਨੇ ਉਸੇ ਸਮੇਂ ਟੈਂਕੀ ਦੀਆਂ ਪੌੜੀਆਂ ਤੋੜ ਦਿੱਤੀਆਂ ਗਈਆਂ ਤਾਂ ਕਿ ਟੀਚਰ ਟੈਂਕੀ ‘ਤੇ ਦੁਬਾਰਾ ਨਾ ਚੜ੍ਹ ਸਕਣ।
ਪਰਚੀ ਤੋਂ ਬਾਹਰ ਆਵੇਗਾ ਉਮੀਦਵਾਰ
ਗੁਰਦਾਸਪੁਰ ਸੰਸਦੀ ਉਪ ਚੋਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਸਾਰੇ ਨੌਂ ਵਿਧਾਨ ਸਭਾ ਹਲਕਿਆਂ ਦੇ ਆਗੂਆਂ ਤੋਂ ਆਪਣੇ ਆਪਣੇ ਉਮੀਦਵਾਰ ਦਾ ਨਾਮ ਪਰਚੀ ‘ਤੇ ਲਿਖ ਕੇ ਦੇਣ ਲਈ ਕਿਹਾ ਹੈ। ਪਾਰਟੀ ਆਗੂਆਂ ਨੇ ਇਹ ਵੀ ਕਿਹਾ ਕਿ ਤੁਹਾਡੀ ਪਰਚੀ ਤੋਂ ਨਿਕਲੇ ਨਾਮ ਨੂੰ ਹੀ ਉਮੀਦਵਾਰ ਬਣਾਇਆ ਜਾਵੇਗਾ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਹਾਈ ਕਮਾਂਡ ਗੁਰਦਾਸਪੁਰ ਤੋਂ ਸਵਰਗੀ ਸਾਂਸਦੀ ਵਿਨੋਦ ਖੰਨਾ ਦੀ ਪਤਨੀ ਨੂੰ ਟਿਕਟ ਦੇਣਾ ਚਾਹੁੰਦੀ ਹੈ ਤਾਂ ਕਿ ਉਨ੍ਹਾਂ ਦੀ ਹਮਦਰਦੀ ਪਾਰਟੀ ਉਮੀਦਵਾਰ ਨੂੰ ਮਿਲੇ। ਉਨ੍ਹਾਂ ਨੂੰ ਉਮੀਦ ਹੈ ਕਿ ਸਟੇਟ ਲੀਡਰਸ਼ਿਪ ਬੇਸ਼ੱਕ ਕਿੰਨੇ ਵੀ ਨਾਮਾਂ ਦੀ ਲਿਸਟ ਲੈ ਲਵੇ ਪ੍ਰੰਤੂ ਅਸਲੀ ਉਮੀਦਵਾਰ ਦਾ ਨਾਂ ਹਾਈ ਕਮਾਂਡ ਦੇ ਲਿਫਾਫੇ ਤੋਂ ਹੀ ਨਿਕਲੇਗਾ।
ਬਾਦਲਾਂ ਨੂੰ ਦੇਣਾ ਹੋਵੇਗਾ ਜਵਾਬ
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਬਾਦਲਾਂ ਅਤੇ ਮਜੀਠੀਆ ਨੇ ਆਪਣੇ ਗੈਰਕਾਨੂੰਨੀ ਕੰਮਾਂ ਨਾਲ ਜਨਤਾ ਨੂੰ ਲੁੱਟ ਕੇ ਆਪਣੇ ਖਜ਼ਾਨੇ ਭਰੇ ਹਨ। ਰਾਜ ‘ਚ ਉਨ੍ਹਾਂ ਦੀ ਸਰਕਾਰ ਹੋਣ ਦੇ ਕਾਰਨ ਉਨ੍ਹਾਂ ਨੇ ਬੇਖੌਫ ਹੋ ਕੇ ਸਾਰੇ ਗੈਰਕਾਨੂੰਨੀ ਕੰਮ ਕੀਤੇ ਅਤੇ ਆਪਣੇ ਕਾਰੋਬਾਰ ਵਧਾਏ। ਕਿਸੇ ਨੇ ਉਨ੍ਹਾਂ ਨੂੰ ਕੁੱਝ ਪੁੱਛਣ ਦੀ ਹਿੰਮਤ ਨਹੀਂ ਕੀਤੀ ਪ੍ਰੰਤੂ ਹੁਣ ਬਾਦਲਾਂ ਅਤੇ ਮਜੀਠੀਆ ਨੂੰ ਆਪਣੇ ਸਾਰੇ ਗੈਰਕਾਨੂੰਨੀ ਕੰਮਾਂ ਨੂੰ ਲੈ ਕੇ ਉਨ੍ਹਾਂ ਨੂੰ ਜਵਾਬ ਦੇਣਾ ਹੀ ਹੋਵੇਗਾ। ਸਿੱਧੂ ਨੇ ਕਿਹਾ ਕਿ ਉਹ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਨ। ਇਹ ਸਾਰੇ ਮਾਮਲੇ ਉਨ੍ਹਾਂ ਦੇ ਵਿਭਾਗ ਦੇ ਤਹਿਤ ਆਉਂਦੇ ਹਨ ਅਜਿਹੇ ‘ਚ ਬਾਦਲਾਂ ਅਤੇ ਮਜੀਠੀਆ ਵੱਲੋਂ ਜਨਤਾ ਦੀ ਕੀਤੀ ਗਈ ਲੁੱਟ ਨੂੰ ਲੈ ਕੇ ਨਹੀਂ ਬਖਸ਼ਣਗੇ। ਬਾਦਲਾਂ ਨੂੰ ਉਨ੍ਹਾਂ ਨੂੰ ਜਵਾਬ ਦੇਣਾ ਹੀ ਹੋਵੇਗਾ ਇਸ ਤੋਂ ਬਿਨਾ ਹੁਣ ਉਨ੍ਹਾਂ ਦਾ ਛੁਟਕਾਰਾ ਨਹੀਂ।
ਕਿਸ ਨੇ ਰੁਕਵਾਇਆ ਗਰੇਵਾਲ ਦਾ ਨਾਂ
ਭਾਜਪਾ ਦੇ ਉਪ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦਾ ਨਾਂ ਪਿਛਲੇ ਦੋ ਮਹੀਨਿਆਂ ਤੋਂ ਨੈਸ਼ਨਲ ਮਾਈਨਿਓਰਿਟੀ ਕਮਿਸ਼ਨ ਦੇ ਮੈਂਬਰ ਦੇ ਰੂਪ ‘ਚ ਚੱਲ ਰਿਹਾ ਸੀ ਅਤੇ ਉਹ ਵੀ ਕਈ ਥਾਵਾਂ ‘ਤੇ ਕਹਿ ਚੁੱਕੇ ਸਨ ਕਿ ਜਲਦ ਹੀ ਉਨ੍ਹਾਂ ਦੇ ਨਾਂ ‘ਤੇ ਮੋਹਰ ਲੱਗ ਜਾਵੇਗੀ ਪ੍ਰੰਤੂ ਹੁਣ ਜਦਕਿ ਉਨ੍ਹਾਂ ਦੇ ਨਾਮ ‘ਤੇ ਮੋਹਰ ਨਹੀਂ ਲੱਗੀ ਹੈ ਤਾਂ ਉਨ੍ਹਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਪਾਰਟੀ ਦੇ ਕੁੱਝ ਸਿੱਖ ਆਗੂਆਂ ਨੇ ਉਨ੍ਹਾਂ ਦੇ ਨਾਮ ਨੂੰ ਰੁਕਵਾ ਦਿੱਤਾ ਹੈ। ਪਾਰਟੀ ‘ਚ ਵੱਡੇ ਨੇਤਾ ਤਾਂ ਕੇਵਲ ਮਨਜੀਤ ਸਿੰਘ ਰਾਏ, ਇਕਬਾਲ ਸਿੰਘ ਲਾਲਪੁਰਾ ਹੀ ਹਨ, ਆਖਰ ਹਰਜੀਤ ਸਿੰਘ ਗਰੇਵਾਲ ਨੂੰ ਕਿਸ ‘ਤੇ ਸ਼ੱਕ ਹੈ।

 

Check Also

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ

ਸੂਚੀ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ …