ਖੇਡ ਮੰਤਰੀ ਨੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਕੀਤਾ ਸਨਮਾਨ
ਚੰਡੀਗੜ੍ਹ : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ‘ਤੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਜਲਦ ਹੀ ਓਲੰਪਿਕ ਤਗ਼ਮਾ ਜੇਤੂ ਹਾਕੀ ਖਿਡਾਰੀਆਂ ਨੂੰ ਦਰਜਾ ਇਕ ਦੀਆਂ ਨੌਕਰੀਆਂ ਦੇ ਨਿਯੁਕਤੀਆਂ ਪੱਤਰ ਸੌਂਪੇਗੀ। ਮੀਤ ਹੇਅਰ ਨੇ ਕਿਹਾ ਕਿ ਹਾਕੀ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਸੂਬਾ ਪੰਜਾਬ ਇਸ ਖੇਡ ਵਿੱਚ ਦੇਸ਼ ਦੀ ਅਗਵਾਈ ਕਰੇਗਾ। ਉਨ੍ਹਾਂ ਸੂਬੇ ਵਿੱਚ ਹਾਕੀ ਖੇਡ ਨੂੰ ਹੋਰ ਪ੍ਰਫੁੱਲਤ ਕਰਨ ਲਈ ਖਿਡਾਰੀਆਂ ਦੇ ਸੁਝਾਅ ਵੀ ਮੰਗੇ। ਹਾਕੀ ਖੇਡ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਸੂਬੇ ਵਿੱਚ ਹਾਕੀ ਲੀਗ ਸ਼ੁਰੂ ਕਰਨ ਬਾਰੇ ਵੀ ਵਿਚਾਰਾਂ ਕੀਤੀਆਂ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਟੀਮ ਵਿੱਚ ਕਪਤਾਨ ਸਣੇ ਸੂਬੇ ਦੇ 10 ਖਿਡਾਰੀ ਹਨ। ਖਿਡਾਰੀਆਂ ਨੂੰ ਇਸ ਸਾਲ ਹੋਣ ਵਾਲੀਆਂ ਏਸ਼ਿਆਈ ਖੇਡਾਂ ਅਤੇ ਅਗਲੇ ਸਾਲ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਵਿਸ਼ਵ ਕੱਪ ਵਿੱਚ ਨਤੀਜੇ ਆਸ ਅਨੁਸਾਰ ਨਾ ਆਉਣ ‘ਤੇ ਉਨ੍ਹਾਂ ਖਿਡਾਰੀਆਂ ਨੂੰ ਹਿੰਮਤ ਨਾ ਹਾਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਜਿੱਤ-ਹਾਰ ਖੇਡ ਦਾ ਹਿੱਸਾ ਹੈ।
ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਖੇਡ ਮੰਤਰੀ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਮੁਕਾਬਲਿਆਂ ਵਿੱਚ ਦੇਸ਼ ਤੇ ਸੂਬੇ ਦਾ ਨਾਂ ਰੌਸ਼ਨ ਕਰਨ ਅਤੇ ਆਪਣਾ ਪ੍ਰਦਰਸ਼ਨ ਹੋਰ ਬਿਹਤਰ ਕਰਨ ਲਈ ਜੀਅ ਤੋੜ ਯਤਨ ਕਰਨਗੇ। ਟੀਮ ਦੇ ਮਿਡਫੀਲਡਰ ਅਤੇ ਓਲੰਪਿਕ ਖੇਡਾਂ ਵਿੱਚ ਭਾਰਤ ਦੇ ਕਪਤਾਨ ਰਹੇ ਮਨਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਹਾਕੀ ਖਿਡਾਰੀਆਂ ਵੱਲੋਂ ਖੇਡ ਮੰਤਰੀ ਨੂੰ ਆਪਣੇ ਆਟੋਗ੍ਰਾਫ ਵਾਲੀ ਟੀ-ਸ਼ਰਟ ਤੇ ਹਾਕੀ ਸਟਿੱਕ ਭੇਟ ਕੀਤੀ ਗਈ। ਇਸ ਮੌਕੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਤੇ ਡਾਇਰੈਕਟਰ ਅਮਿਤ ਤਲਵਾੜ ਵੀ ਹਾਜ਼ਰ ਸਨ।

