ਕਿਹਾ, ਮਨਪ੍ਰੀਤ ਅਤੇ ਸਿੱਧੂ ਦੇ ਮਹਿਕਮੇ ਬਦਲ ਦਿਓ
ਅੰਮ੍ਰਿਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਮੰਤਰਾਲੇ ਬਦਲਣ ਦੀ ਸਲਾਹ ਦਿੱਤੀ ਹੈ। ਸੁਖਬੀਰ ਬਾਦਲ ਨੇ ਸਿੱਧੂ ਤੇ ਮਨਪ੍ਰੀਤ ਬਾਦਲ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਦੋ ਅਜਿਹੇ ਅਣਜਾਣ ਮੰਤਰੀ ਹਨ, ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਕੋਈ ਜਾਣਕਾਰੀ ਨਹੀਂ। ਉਨ੍ਹਾਂ ਕਿਹਾ ਕਿ ਸਿੱਧੂ ਸਿਰਫ ਹਾਸਿਆਂ ਤੇ ਭਾਸ਼ਣ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ। ਉਨ੍ਹਾਂ ਨੂੰ ਕੋਈ ਹੱਸਣ ਹਸਾਉਣ ਵਾਲਾ ਮਹਿਕਮਾ ਦੇਣਾ ਚਾਹੀਦਾ ਸੀ। ਜਦਕਿ ਮਨਪ੍ਰੀਤ ਬਾਦਲ ਸਿਰਫ ਸ਼ਾਇਰੀ ਹੀ ਵਧੀਆ ਕਰ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਵੀ ਕਿਸੇ ਅਜਿਹੇ ਹੀ ਵਿਭਾਗ ਦਾ ਮੰਤਰੀ ਬਣਾਉਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਮਨਪ੍ਰੀਤ ਤੇ ਸਿੱਧੂ ਸਿਰਫ ਅਕਾਲੀ ਦਲ ਤੇ ਖਾਸ ਕਰਕੇ ਬਾਦਲ ਪਰਿਵਾਰ ਨਾਲ ਸਿਆਸੀ ਆਪਣੀ ਦੁਸ਼ਮਣੀ ਕਰਕੇ ਪੰਜਾਬ ਦੀ ਜਨਤਾ ਦਾ ਨੁਕਸਾਨ ਕਰ ਰਹੇ ਹਨ।

