ਐਸਸੀ/ਐਸਟੀ ਦੇ 50 ਹਜ਼ਾਰ ਰੁਪਏ ਤੱਕ ਦੇ ਕਰਜ਼ੇ ਮਾਫ ਕਰਨ ਦੀ ਸਕੀਮ ਕੀਤੀ ਸ਼ੁਰੂ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਮਨਾਏ ਗਏ ਡਾ. ਭੀਮ ਰਾਓ ਅੰਬੇਡਕਰ ਦੇ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਲਿਤ ਭਾਈਚਾਰੇ ਲਈ ਗ੍ਰਾਂਟਾਂ ਦੀ ਝੜੀ ਲਾ ਦਿੱਤੀ। ਮੁੱਖ ਮੰਤਰੀ ਨੇ ਗੁਰੂ ਰਵਿਦਾਸ ਜੀ ਦੀ ਚਰਨਛੋਹ ਪ੍ਰਾਪਤ ਖੁਰਾਲਗੜ੍ਹ ਵਿੱਚ ਬਣ ਰਹੀ ਯਾਦਗਾਰ ਲਈ 20 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਆਪਣੇ ਸਮਾਗਮ ਦੌਰਾਨ ਦਲਿਤਾਂ ਦੀ ਭਲਾਈ ਲਈ ਦਿੱਤੀਆਂ ਜਾਣ ਵਾਲੀਆਂ ਗ੍ਰਾਂਟਾਂ ਦਾ ਨਾਲੋ-ਨਾਲ ਵੇਰਵਾ ਵੀ ਦੱਸਿਆ। ਮੁੱਖ ਮੰਤਰੀ ਨੇ ਲੁਧਿਆਣਾ ਵਿੱਚ ਅੰਬੇਡਕਰ ਭਵਨ ਨੂੰ ਮੁਕੰਮਲ ਕਰਨ ਲਈ ਛੇ ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਡਾ. ਅੰਬੇਡਕਰ ਚੇਅਰ ਮੁੜ ਸਥਾਪਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਦੀ ਸਰਕਾਰ ਨੇ ਇਹ ਚੇਅਰ ਸਥਾਪਤ ਕੀਤੀ ਸੀ ਪਰ ਅਕਾਲੀ-ਭਾਜਪਾ ਸਰਕਾਰ ਦੌਰਾਨ ਇਸ ਦੇ ਲਈ ਫੰਡ ਨਹੀਂ ਜਾਰੀ ਕੀਤੇ ਗਏ, ਜਿਸ ਕਾਰਨ ਇਹ ਬੰਦ ਹੋ ਗਈ।
ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਰਾਜ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਅਤੇ ਪੱਛੜੀਆਂ ਸ਼ੇਣੀਆਂ ਕਰਜ਼ਾਧਾਰਕਾਂ ਦੇ 50,000 ਰੁਪਏ ਤੱਕ ਦੇ ਕਰਜ਼ੇ ਮੁਆਫ਼ ਕਰਨ ਦੀ ਸਕੀਮ ਸ਼ੁਰੂ ਕੀਤੀ ਗਈ ਹੈ। ਐੱਸ.ਸੀ. ਕਾਰਪੋਰੇਸ਼ਨ ਦੇ 14260 ਲਾਭਪਾਤਰਾਂ ઠਦੇ 45.41 ਕਰੋੜ ਰੁਪਏ ਅਤੇ ਬੀ.ਸੀ. ਕਾਰਪੋਰੇਸ਼ਨ ਦੇ 1630 ਲਾਭਪਾਤਰੀਆਂ ਦੇ 6.59 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ। ਮੁੱਖ ਮੰਤਰੀ ਨੇ 15 ਲਾਭਪਾਤਰੀਆਂ, ਜਿਨ੍ਹਾਂ ਵਿੱਚੋਂ 10 ਐੱਸ.ਸੀ ਕਾਰਪੋਰੇਸ਼ਨ ਅਤੇ ਪੰਜ ਬੀ.ਸੀ. ਕਾਰਪੋਰੇਸ਼ਨ ਦੇ ਲਾਭਪਾਤਰੀ ਹਨ, ਨੂੰ ਖੁਦ ਕਰਜ਼ਾ ਰਾਹਤ ਸਰਟੀਫ਼ਿਕੇਟ ਤਕਸੀਮ ਕੀਤੇ। ਪੰਜਾਬ ઠਦੇ ਮੁੱਖ ਮੰਤਰੀ ਅਤੇ ਦਲਿਤ ਮੰਤਰੀਆਂ ਨੇ ਰਾਖਵੇਂਕਰਨ ਦੇ ਮੁੱਦੇ ‘ਤੇ ਕੇਂਦਰ ਦੀ ਮੋਦੀ ઠਸਰਕਾਰ ‘ਤੇ ਬੱਝਵਾਂ ਵਾਰ ਕੀਤਾ। ਪੰਜਾਬ ਦੇ ਤਿੰਨ ਦਲਿਤ ਮੰਤਰੀਆਂ ਸਾਧੂ ਸਿੰਘ ਧਰਮਸੋਤ, ਚਰਨਜੀਤ ਸਿੰਘ ઠਚੰਨੀ ਅਤੇ ਅਰੁਣਾ ਚੌਧਰੀ ਨੇ ਆਪਣੇ ਭਾਸ਼ਣਾਂ ਦੌਰਾਨ ਕਾਂਗਰਸ ਦੇ ਗੁਣ ਗਾਏ।

