Breaking News
Home / ਪੰਜਾਬ / ਅੰਮ੍ਰਿਤਸਰ ਸ਼ਹਿਰ ‘ਚ ਵੀ ਬੰਦ ਹੋਣਗੇ ਪਲਾਸਟਿਕ ਦੇ ਲਿਫਾਫੇ

ਅੰਮ੍ਰਿਤਸਰ ਸ਼ਹਿਰ ‘ਚ ਵੀ ਬੰਦ ਹੋਣਗੇ ਪਲਾਸਟਿਕ ਦੇ ਲਿਫਾਫੇ

ਇਕ ਅਪ੍ਰੈਲ ਤੋਂ ਹਰਿਮੰਦਰ ਸਾਹਿਬ ਵਿਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਹੋਈ ਸੀ ਬੰਦ
ਅੰਮ੍ਰਿਤਸਰ/ਬਿਊਰੋ ਨਿਊਜ਼ : ਹਰਿਮੰਦਰ ਸਾਹਿਬ ਸਮੂਹ ਵਿੱਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬੰਦ ਕਰਨ ਤੋਂ ਬਾਅਦ ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਸ਼ਹਿਰ ਵਿੱਚ 15 ਮਈ ਤੋਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਰੋਕਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐੱਸ ਸੀ ਹਰਦੀਪ ਸਿੰਘ ਵੱਲੋਂ ਇੱਥੇ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਰਾਹੀਂ ਪਲਾਸਟਿਕ ਦੇ ਲਿਫਾਫੇ ਵੇਚਣ ਵਾਲੇ ਥੋਕ ਵਿਕਰੇਤਾ, ਡਿਸਟ੍ਰਿਬਿਊਟਰਾਂ ਤੇ ਹੋਰਾਂ ਨਾਲ ਮੀਟਿੰਗ ਕੀਤੀ ਗਈ ਹੈ। ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਅੰਮ੍ਰਿਤਸਰ ਸ਼ਹਿਰ ਵਿੱਚ 15 ਮਈ ਤੋਂ ਪਲਾਸਟਿਕ ਦੇ ਲਿਫਾਫੇ ਵਰਤਣ ‘ਤੇ ਪੂਰੀ ਤਰ੍ਹਾਂ ਮਨਾਹੀ ਹੋਵੇਗੀ।
ਉਨ੍ਹਾਂ ਆਖਿਆ ਕਿ ਜੋ ਵੀ ਡਿਸਟ੍ਰਿਬਿਊਟਰ ਜਾਂ ਥੋਕ ਵਿਕਰੇਤਾ ਪਲਾਸਟਿਕ ਦੇ ਲਿਫਾਫੇ ਵੇਚੇਗਾ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐੱਸਸੀ ਹਰਦੀਪ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਵਿਦੇਸ਼ ਦੀਆਂ ਚਾਰ ਕੰਪਨੀਆਂ ਨਾਲ ਸਮਝੌਤਾ ਕੀਤਾ ਗਿਆ ਹੈ, ਜਿਸ ਤਹਿਤ ਇਹ ਕੰਪਨੀਆਂ ਆਲੂ ਅਤੇ ਮੱਕੀ ਦੇ ਸਟਾਰਕਸ ਤੋਂ ਲਿਫਾਫੇ ਤਿਆਰ ਕਰਨਗੀਆਂ। ਇਹ ਲਿਫਾਫੇ ਗਲਣਸ਼ੀਲ ਹੋਣਗੇ ਤੇ ਤਿੰਨ ਮਹੀਨਿਆਂ ਵਿੱਚ ਨਸ਼ਟ ਹੋ ਜਾਇਆ ਕਰਨਗੇ। ਇਨ੍ਹਾਂ ਕੰਪਨੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਹ ਲਿਫਾਫੇ ਤਿਆਰ ਕਰਨ ਲਈ ਕੱਚਾ ਮਾਲ ਵੀ ਭਾਰਤ ਵਿੱਚੋਂ ਹੀ ਵਰਤਿਆ ਜਾਵੇ। ਉਨ੍ਹਾਂ ਦੱਸਿਆ ਕਿ ਆਉਂਦੇ ਦੋ-ਤਿੰਨ ਮਹੀਨਿਆਂ ਤੱਕ ਗੁਰਾਇਆ ਵਿੱਚ ਕੰਪੋਸਟੇਬਲ ਲਿਫਾਫੇ ਬਣਾਉਣ ਦਾ ਪਲਾਂਟ ਲਾਇਆ ਜਾ ਰਿਹਾ ਹੈ, ਜਿੱਥੇ ਇਹ ਲਿਫਾਫੇ ਤਿਆਰ ਕਰਨ ਵਾਲੀ ਕੰਪਨੀ ਨੂੰ ਕੱਚੇ ਮਾਲ ਦੀ ਸਪਲਾਈ ਕਰੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲਿਫਾਫਿਆਂ ਦੀ ਕੀਮਤ ਪਲਾਸਿਟਕ ਦੇ ਲਿਫਾਫਿਆਂ ਨਾਲੋਂ ਭਾਵੇਂ ਕੁਝ ਵੱਧ ਹੈ, ਪਰ ਜਿਵੇਂ ਜਿਵੇਂ ਇਨ੍ਹਾਂ ਦਾ ਉਤਪਾਦਨ ਵਧੇਗਾ, ਇਸ ਦੀ ਉਤਪਾਦਨ ਲਾਗਤ ਘੱਟ ਹੋ ਜਾਵੇਗੀ ਅਤੇ ਕੀਮਤ ਵੀ ਘੱਟ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 2016 ਵਿੱਚ ਪਲਾਸਟਿਕ ਦੇ ਲਿਫਾਫੇ ਵੇਚਣ ਅਤੇ ਵਰਤਣ ਉਤੇ ਪਾਬੰਦੀ ਲਾਈ ਗਈ ਸੀ, ਪਰ ਅੱਜ ਵੀ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਪਲਾਸਟਿਕ ਦੇ ਲਿਫਾਫੇ ਵਾਤਾਵਰਣ ਨੂੰ ਦੂਸ਼ਿਤ ਕਰਦੇ ਹਨ।
ਪ੍ਰਦੂਸ਼ਣ ਰੋਕਥਾਮ ਬੋਰਡ ਦੀ ਮਦਦ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਕ ਅਪਰੈਲ ਤੋਂ ਹਰਿਮੰਦਰ ਸਾਹਿਬ ਸਮੂਹ ਵਿੱਚ ਪਲਾਸਟਿਕ ਦੇ ਲਿਫਾਫਿਆਂ ਦੀ ਥਾਂ ਆਲੂ ਤੇ ਮੱਕੀ ਵਾਲੇ ਲਿਫਾਫਿਆਂ ਦੀ ਵਰਤੋਂ ਸ਼ੁਰੂ ਕੀਤੀ ਗਈ ਹੈ। ਸ਼ੁਰੂ ਵਿੱਚ ਬੋਰਡ ਵੱਲੋਂ ਹੀ 20 ਕੁਇੰਟਲ ਲਿਫਾਫੇ ਸ਼੍ਰੋਮਣੀ ਕਮੇਟੀ ਨੂੰ ਮੁਹੱਈਆ ਕੀਤੇ ਗਏ ਸਨ। ਸ਼੍ਰੋਮਣੀ ਕਮੇਟੀ ਵੱਲੋਂ ਹਰਿਮੰਦਰ ਸਾਹਿਬ ਵਿੱਚ ਇਹ ਲਿਫਾਫੇ ਕੜਾਹ ਪ੍ਰਸਾਦਿ ਅਤੇ ਪਿੰਨੀ ਪ੍ਰਸਾਦਿ ਵਾਸਤੇ ਵਰਤੇ ਜਾਂਦੇ ਹਨ। ਇੱਥੇ ਹਰ ਮਹੀਨੇ ਲਗਪਗ 15 ਤੋਂ 18 ਕੁਇੰਟਲ ਲਿਫਾਫਿਆਂ ਦੀ ਲੋੜ ਪੈਂਦੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਹ ਨਵੇਂ ਅਤੇ ਵਾਤਾਵਰਣ ਪੱਖੀ ਲਿਫਾਫੇ ઠਗੁਜਰਾਤ ਦੀ ਇਕ ਕੰਪਨੀ ਤੋਂ ਮੰਗਵਾਏ ਜਾ ਰਹੇ ਹਨ।
ਹਰਿਮੰਦਰ ਸਾਹਿਬ ਵਿਖੇ ਨਵੇਂ ਲਿਫਾਫੇ ਮੁੱਕੇઠ
ਸ਼੍ਰੋਮਣੀ ਕਮੇਟੀ ਵੱਲੋਂ ਹਰਿਮੰਦਰ ਸਾਹਿਬ ਵਿੱਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਸਿਰਫ 15 ਦਿਨ ਪਹਿਲਾਂ ਹੀ ਰੋਕੀ ਗਈ ਸੀ, ਪਰ ਲੋੜ ਮੁਤਾਬਕ ਨਵੇਂ ਲਿਫਾਫੇ ਨਾ ਮਿਲਣ ਕਾਰਨ ਖ਼ਾਸ ਕਰਕੇ ਪਿੰਨੀ ਪ੍ਰਸਾਦਿ ਵਾਸਤੇ ਮੁੜ ਪਲਾਸਿਟਕ ਦੇ ਲਿਫਾਫੇ ਵਰਤੇ ਜਾ ਰਹੇ ਹਨ। ਵੇਰਵਿਆਂ ਮੁਤਾਬਕ ਪਹਿਲਾਂ ਆਏ ਲਿਫਾਫੇ ਵਰਤੇ ਜਾ ਚੁੱਕੇ ਹਨ, ਪਰ ਹੁਣ ਤੱਕ ਨਵਾਂ ਮਾਲ ਨਹੀਂ ਪੁੱਜਾ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਕੁਝ ਤਕਨੀਕੀ ਕਾਰਨਾਂ ਕਾਰਨ ਇਹ ਸਮੱਸਿਆ ਆਈ ਹੈ। ਇੱਥੇ ਪਿੰਨੀ ਪ੍ਰਸਾਦਿ ਦੀ ਪੈਕਿੰਗ ਲਈ ਵਰਤੀ ਜਾ ਰਹੀ ਮਸ਼ੀਨ ਵਿੱਚ ਨਵੇਂ ਲਿਫਾਫਿਆਂ ਦੀ ਵਰਤੋਂ ਅਸੰਭਵ ਹੈ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …