Breaking News
Home / ਪੰਜਾਬ / ਨਵਜੋਤ ਸਿੱਧੂ ਦੇ ਸਿਆਸੀ ਸਫ਼ਰ ਦਾ ਫੈਸਲਾ ਸੁਪਰੀਮ ਕੋਰਟ ਦੇ ਹੱਥ

ਨਵਜੋਤ ਸਿੱਧੂ ਦੇ ਸਿਆਸੀ ਸਫ਼ਰ ਦਾ ਫੈਸਲਾ ਸੁਪਰੀਮ ਕੋਰਟ ਦੇ ਹੱਥ

ਸਿੱਧੂ ਦੀ ਅਪੀਲ ‘ਤੇ ਅਦਾਲਤ ਨੇ ਫ਼ੈਸਲਾ ਰੱਖਿਆ ਰਾਖਵਾਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 1988 ਦੇ ਸੜਕੀ ਝਗੜੇ ਦੇ ਕੇਸ ਵਿੱਚ ਸੁਣਾਈ ਗਈ ਤਿੰਨ ਸਾਲ ਕੈਦ ਖ਼ਿਲਾਫ਼ ਅਪੀਲ ਉਤੇ ਸੁਪਰੀਮ ਕੋਰਟ ਨੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ। ਹੁਣ ਨਵਜੋਤ ਸਿੱਧੂ ਦੇ ਸਿਆਸੀ ਸਫਰ ਦਾ ਫੈਸਲਾ ਸੁਪਰੀਮ ਕੋਰਟ ਦੇ ਹੱਥ ਹੈ। ਸਿੱਧੂ ਤੇ ਰੁਪਿੰਦਰ ਸਿੰਘ ਸੰਧੂ ਵੱਲੋਂ ਦਾਇਰ ਇਸ ਅਪੀਲ ਦੀ ਸੁਣਵਾਈ ਜਸਟਿਸ ਜੇ. ਚੇਲਾਮੇਸ਼ਵਰ ਤੇ ਜਸਟਿਸ ਸੰਜੇ ਕਿਸ਼ਨ ਕੌਲ ਦੇ ਬੈਂਚ ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸਿੱਧੂ ਨੇ ਬੈਂਚ ਨੂੰ ਦੱਸਿਆ ਕਿ ਮਾਮਲੇ ਵਿੱਚ ਮਾਰੇ ਗਏ ਗੁਰਨਾਮ ਸਿੰਘ ਦੀ ਮੌਤ ਦੇ ਕਾਰਨਾਂ ਸਬੰਧੀ ਸਬੂਤ ‘ਆਪਾ-ਵਿਰੋਧੀ’ ਹਨ ਅਤੇ ਇਸ ਸਬੰਧੀ ਮੈਡੀਕਲ ਰਿਪੋਰਟ ਵੀ ‘ਅਸਪਸ਼ਟ’ ਹੈ। ਸਿੱਧੂ ਵੱਲੋਂ ਪੇਸ਼ ਸੀਨੀਅਰ ਵਕੀਲ ਆਰ.ਐਸ. ਚੀਮਾ ਨੇ ਇਹ ਵੀ ਕਿਹਾ ਕਿ ਕੇਸ ਵਿੱਚ ਸਭ ਤੋਂ ਵੱਧ ‘ਉਲ਼ਝਾਊ’ ਮਾਮਲਾ ਮਕਤੂਲ ਦੀ ਮੌਤ ਦਾ ਕਾਰਨ ਹੀ ਹੈ। ਦਲੀਲਾਂ ਸੁਣਨ ਤੋਂ ਬਾਅਦ ਬੈਂਚ ਨੇ ਫ਼ੈਸਲਾ ਰਾਖਵਾਂ ਰੱਖਦਿਆਂ ਸਬੰਧਤ ਧਿਰਾਂ ਨੂੰ ਛੇਤੀ ਤੋਂ ਛੇਤੀ ਲਿਖਤੀ ਪੱਖ ਦਾਖ਼ਲ ਕਰਨ ਲਈ ਕਿਹਾ। ਇਸ ਕੇਸ ਦਾ ਅਹਿਮ ਪੱਖ ਇਹ ਵੀ ਹੈ, ਕਿ ਸਿੱਧੂ ਪੰਜਾਬ ਦੀ ਜਿਸ ਕਾਂਗਰਸ ਸਰਕਾਰ ਦੇ ਮੰਤਰੀ ਹਨ, ਉਸੇ ਨੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਅੱਗੇ ਸਿੱਧੂ ਖ਼ਿਲਾਫ਼ ਤੇ ਹਾਈਕੋਰਟ ਦੇ ਫ਼ੈਸਲੇ ਦੇ ਹੱਕ ਵਿੱਚ ਸਟੈਂਡ ਲਿਆ ਹੈ। ઠਪੰਜਾਬ ਸਰਕਾਰ ਦੇ ਵਕੀਲ ਨੇ ਲੰਘੀ 12 ਅਪਰੈਲ ਨੂੰ ਬੈਂਚ ਨੂੰ ਦੱਸਿਆ ਸੀ ਕਿ ‘ਹਾਈਕੋਰਟ ਨੇ ਟਰਾਇਲ ਕੋਰਟ ਦੇ ਫ਼ੈਸਲੇ ਨੂੰ ਰੱਦ ਕਰਕੇ ਸਹੀ ਕੀਤਾ’ ਹੈ। ਬਹਿਸ ਦੌਰਾਨ ਚੀਮਾ ਨੇ ਮੌਤ ਦੇ ਕਾਰਨਾਂ ਸਬੰਧੀ ਪੇਸ਼ ਸਬੂਤਾਂ ਉਤੇ ਸਵਾਲ ਖੜ੍ਹਾ ਕੀਤਾ। ਉਨ੍ਹਾਂ ਕਿਹਾ, ”ਕੇਸ ਵਿੱਚ ਸਭ ਤੋਂ ਉਲਝਾਊ ਤੇ ਨਿਰਾਸ਼ਾਜਨਕ ਮੁੱਦਾ ਹੈ ਰਿਕਾਰਡ ‘ਤੇ ਪੇਸ਼ ਮੌਤ ਦਾ ਕਾਰਨ। ਸਬੂਤ ਧੁੰਦਲੇ, ਅਨਿਸ਼ਚਿਤ ਤੇ ਆਪਾ-ਵਿਰੋਧੀ ਹਨ।” ਉਨ੍ਹਾਂ ਮੈਡੀਕਲ ਰਿਪੋਰਟ ਨੂੰ ‘ਅਸਪਸ਼ਟ’ ਦੱਸਿਆ। ਜਦੋਂ ਉਨ੍ਹਾਂ ਇਸਤਗਾਸੇ ਦੇ ਇਕ ਗਵਾਹ ਦੇ ਬਿਆਨ ਦਾ ਹਵਾਲਾ ਦਿੱਤਾ, ਜਿਸ ਨੇ ਸਿੱਧੂ ਵੱਲੋਂ ਗੁਰਨਾਮ ਸਿੰਘ ਦੀ ਮਾਰ-ਕੁੱਟ ਕੀਤੇ ਜਾਣ ਦੀ ਗੱਲ ਆਖੀ ਹੈ, ਤਾਂ ਬੈਂਚ ਨੇ ਕਿਹਾ ਕਿ ਇਸ ਮਾਮਲੇ ਵਿੱਚ ‘ਇਕ ਜਾਨ ਜਾ ਚੁੱਕੀ’ ਹੈ।
ਇਹ ਘਟਨਾ 27 ਦਸੰਬਰ, 1988 ਨੂੰ ਵਾਪਰੀ ਸੀ। ਇਸਤਗਾਸੇ ਮੁਤਾਬਕ ਸਿੱਧੂ ਤੇ ਸੰਧੂ ਇਕ ਜਿਪਸੀ ਵਿੱਚ ਸਵਾਰ ਸਨ ਤੇ ਉਨ੍ਹਾਂ ਗੱਡੀ ਪਟਿਆਲਾ ਦੇ ਸ਼ੇਰਾਂਵਾਲਾ ਚੌਕ ਨੇੜੇ ਸੜਕ ਦੇ ਵਿਚਕਾਰ ਖੜ੍ਹੀ ਕੀਤੀ ਹੋਈ ਸੀ। ਇਸ ਦੌਰਾਨ ਗੁਰਨਾਮ ਸਿੰਘ ਇਕ ਮਾਰੂਤੀ ਕਾਰ ਚਲਾਉਂਦੇ ਹੋਏ ਉਥੇ ਪੁੱਜੇ, ਜਿਸ ਵਿੱਚ ਦੋ ਹੋਰ ਵਿਅਕਤੀ ਸਵਾਰ ਸਨ। ਉਨ੍ਹਾਂ ਬੈਂਕ ਵਿੱਚ ਜਾਣਾ ਸੀ। ਪੁਲਿਸ ਮੁਤਾਬਕ ਗੁਰਨਾਮ ਸਿੰਘ ਵੱਲੋਂ ਸਿੱਧੂ ਤੇ ਸੰਧੂ ਨੂੰ ਗੱਡੀ ਲਾਂਭੇ ਕਰਨ ਲਈ ਆਖੇ ਜਾਣ ਤੋਂ ਦੋਵਾਂ ਧਿਰਾਂ ਦਾ ਤਕਰਾਰ ਹੋ ਗਿਆ। ਇਸ ਦੌਰਾਨ ਤਕਰਾਰ ਵਧਣ ‘ਤੇ ਸਿੱਧੂ ਨੇ ਗੁਰਨਾਮ ਸਿੰਘ ਦੀ ਕੁੱਟਮਾਰ ਕਰ ਦਿੱਤੀ। ਬਾਅਦ ਵਿੱਚ ਉਨ੍ਹਾਂ ਦੀ ਹਸਪਤਾਲ ਵਿਚ ਮੌਤ ਹੋ ਗਈ ਸੀ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …