Breaking News
Home / ਪੰਜਾਬ / ਅਕਾਲੀ ਦਲ ਤੇ ਭਾਜਪਾ ਦਾ ਵਫ਼ਦ ਰਾਜਪਾਲ ਨੂੰ ਮਿਲਿਆ

ਅਕਾਲੀ ਦਲ ਤੇ ਭਾਜਪਾ ਦਾ ਵਫ਼ਦ ਰਾਜਪਾਲ ਨੂੰ ਮਿਲਿਆ

ਸੁਖਜਿੰਦਰ ਰੰਧਾਵਾ ਦੀ ਬਰਖ਼ਾਸਤਗੀ ਦੀ ਕੀਤੀ ਮੰਗ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਪੰਜਾਬ ਦੀਆਂ ਜੇਲ੍ਹਾਂ ਵਿਚ ਗੈਂਗਸਟਰਾਂ ਦਾ ਬੋਲਬਾਲਾ ਹੋਣ ਕਰਕੇ ਸੂਬੇ ‘ਚ ਅਰਾਜਕਤਾ ਵਾਲਾ ਮਾਹੌਲ ਪੈਦਾ ਕਰਨ ਦੇ ਦੋਸ਼ ਲਾਉਂਦਿਆਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਦੋਹਾਂ ਪਾਰਟੀਆਂ ਦੇ ਆਗੂਆਂ ਦਾ ਇੱਕ ਵਫ਼ਦ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਮਿਲਿਆ ਤੇ ਜੇਲ੍ਹ ਮੰਤਰੀ ਖਿਲਾਫ ਕਾਰਵਾਈ ਦੀ ਮੰਗ ਕੀਤੀ। ਵਫ਼ਦ ਨੇ ਜੇਲ੍ਹ ਮੰਤਰੀ ਉੱਤੇ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਢਿੱਲਵਾਂ ਦਾ ਕਤਲ ਕਰਵਾਉਣ ਵਾਲੇ ਕਥਿਤ ਨਾਮੀ ਬਦਮਾਸ਼ ਜੱਗੂ ਭਗਵਾਨਪੁਰੀਆ ਦੀ ਪੁਸ਼ਤਪਨਾਹੀ ਕਰਨ ਦੇ ਦੋਸ਼ ਲਾਏ। ਵਫ਼ਦ ਨੇ ਰਾਜਪਾਲ ਨੂੰ ਗੈਂਗਸਟਰ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਦੀ ਸੀਬੀਆਈ ਜਾਂਚ ਦੀ ਸਿਫਾਰਿਸ਼ ਕਰਨ ਦੀ ਅਪੀਲ ਕੀਤੀ। ਵਫ਼ਦ ਨੇ ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਪੰਜਾਬ ‘ਚ ਅਮਨ-ਕਾਨੂੰਨ ਵਿਵਸਥਾ ਮੁਕੰਮਲ ਤਹਿਸ-ਨਹਿਸ ਹੋਣ ਸਬੰਧੀ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਭੇਜਣ ਅਤੇ ਦਲਬੀਰ ਢਿੱਲਵਾਂ ਦੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ। ਵਫ਼ਦ ਨੇ ਨਾਲ ਦਲਬੀਰ ਢਿੱਲਵਾਂ ਦਾ ਪਰਿਵਾਰ ਵੀ ਰਾਜਪਾਲ ਨੂੰ ਮਿਲਿਆ, ਜਿਸ ਦਾ ਲੰਘੀ 18 ਨਵੰਬਰ ਨੂੰ ਕਤਲ ਹੋ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪੁਲਿਸ ਨੇ ਅਜੇ ਤੱਕ ਪੀੜਤ ਧਿਰ ਦੇ ਬਿਆਨ ਕਲਮਬੰਦ ਨਹੀਂ ਕੀਤੇ ਹਨ। ਵਫ਼ਦ ਨੇ ਰਾਜਪਾਲ ਨੂੰ ਜੱਗੂ ਭਗਵਾਨਪੁਰੀਆ ਵੱਲੋਂ ਜੇਲ੍ਹ ਵਿੱਚ ਜਨਮ ਦਿਨ ਮਨਾਉਣ ਸਮੇਂ ਦੀ ਵੀਡੀਓ ਵੀ ਵਿਖਾਈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੁਲਿਸ ਦਬਾਅ ਹੇਠ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਨੇ ਪੀੜਤ ਪਰਿਵਾਰ ਦਾ ਬਿਆਨ ਕਲਮਬੰਦ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਵਿਧਾਇਕਾਂ ਨੇ ਗੈਂਗਸਟਰਾਂ ਵੱਲੋਂ ਮਜੀਠੀਆ ਨੂੰ ਧਮਕਾਉਣ ਦੀ ਘਟਨਾ ਸੂਬੇ ਦੇ ਡੀਜੀਪੀ ਦੇ ਧਿਆਨ ਵਿਚ ਲਿਆਂਦੀ ਗਈ ਹੈ ਤਾਂ ਵੀ ਕੋਈ ਕਾਰਵਾਈ ਨਹੀਂ ਹੋਈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਕ ਗੈਂਗਸਟਰ ਦਾ ਕਥਿਤ ਪੱਖ ਪੂਰਨ ਵਰਗੀ ਗੈਰ-ਪੇਸ਼ਾਵਰ ਹਰਕਤ ਕਰਨ ਲਈ ਆਈਜੀ ਕੁੰਵਰਵਿਜੈ ਪ੍ਰਤਾਪ ਸਿੰਘ ਖ਼ਿਲਾਫ ਤੁਰੰਤ ਕਾਰਵਾਈ ਕਰਕੇ ਮੁਅੱਤਲ ਕੀਤਾ ਜਾਵੇ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਗੈਂਗਸਟਰਾਂ ਵੱਲੋਂ ਜੇਲ੍ਹ ‘ਚ ਬੈਠਿਆਂ ਆਪਣੇ ਵਿਰੋਧੀਆਂ ਨੂੰ ਖ਼ਤਮ ਕਰਨ ਦੀਆਂ ਘਟਨਾਵਾਂ ਵਾਰ ਵਾਰ ਵਾਪਰ ਰਹੀਆਂ ਹਨ। ਭਾਜਪਾ ਆਗੂ ਵਿਜੈ ਸਾਂਪਲਾ ਨੇ ਕਿਹਾ ਕਿ ਸੱਭਿਅਕ ਸਮਾਜ ਅੰਦਰ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ, ਕਿਉਂਕਿ ਉੱਘੇ ਕਾਰੋਬਾਰੀਆਂ ਅਤੇ ਪੇਸ਼ਾਵਰਾਂ ਨੂੰ ਫਿਰੌਤੀਆਂ ਦੇਣ ਲਈ ਧਮਕਾਇਆ ਜਾ ਰਿਹਾ ਹੈ।
ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ, ਪਰਮਿੰਦਰ ਸਿੰਘ ਢੀਂਡਸਾ, ਬੀਬੀ ਜਗੀਰ ਕੌਰ, ਲਖਬੀਰ ਸਿੰਘ ਲੋਧੀਨੰਗਲ ਅਤੇ ਮਰਹੂਮ ਦਲਬੀਰ ਸਿੰਘ ਢਿੱਲਵਾਂ ਦਾ ਪਰਿਵਾਰ ‘ਚੋਂ ਸੰਦੀਪ ਸਿੰਘ (ਸਪੁੱਤਰ), ਨਵਨੀਤ ਕੌਰ (ਮ੍ਰਿਤਕ ਦੀ ਪੁੱਤਰੀ) ਅਤੇ ਬਲਵਿੰਦਰ ਸਿੰਘ (ਭਰਾ) ਹਾਜ਼ਰ ਸਨ।

Check Also

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸਿੱਖ ਆਗੂਆਂ ਨੇ ਲਿਖੀ ਚਿੱਠੀ

ਬੀਬੀ ਜਗੀਰ ਕੌਰ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ …