ਸਰਕਾਰ ਵਲੋਂ ਕਰਜ਼ਾ ਮੁਆਫੀ ਦਾ ਵਾਅਦਾ ਹਾਲੇ ਤੱਕ ਨਹੀਂ ਹੋਇਆ ਪੂਰਾ
ਚੰਡੀਗੜ੍ਹ/ਬਿਊਰੋ ਨਿਊਜ਼
ਬੇਸ਼ੱਕ ਦੀਵਾਲੀ ਨੂੰ ਰੌਸ਼ਨੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ, ਪਰ ਅੰਨਦਾਤੇ ਦੀ ਜ਼ਿੰਦਗੀ ਇਸ ਤਿਉਹਾਰ ਵਾਲੇ ਦਿਨ ਵੀ ਹਨੇਰੇ ਵਿਚ ਹੈ। ਪੰਜਾਬ ‘ਚ ਕੈਪਟਨ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਗਿਆ ਸੀ, ਪਰ ਇਹ ਅੱਜ ਤੱਕ ਪੂਰਾ ਨਹੀਂ ਹੋਇਆ। ਪੰਜਾਬ ਵਿਚ ਰੋਜ਼ਾਨਾ 2 ਤੋਂ 3 ਕਿਸਾਨ ਆਤਮ ਹੱਤਿਆ ਕਰ ਰਹੇ ਹਨ। ਇੱਕ ਪਾਸੇ ਕਰਜ਼ੇ ਦਾ ਸੱਪ ਕਿਸਾਨਾਂ ਨੂੰ ਨਿਗਲ ਰਿਹਾ ਹੈ, ਦੂਜੇ ਪਾਸੇ ਪਰਾਲੀ ਸਾੜਨ ‘ਤੇ ਲਗਾਈ ਰੋਕ ਨੇ ਕਿਸਾਨ ਨੂੰ ਕੱਖੋਂ ਹੌਲਾ ਕਰਕੇ ਰੱਖ ਦਿੱਤਾ ਹੈ।
ਪੰਜਾਬ ਦੇ ਕਿਸਾਨ ਕੋਲ ਪਰਾਲੀ ਨਸ਼ਟ ਕਰਨ ਲਈ ਪੈਸਾ ਤੇ ਪ੍ਰਬੰਧ ਦੋਵੇਂ ਹੀ ਨਹੀਂ। ਸਰਕਾਰ ਗ੍ਰੀਨ ਟ੍ਰਿਬਿਊਨਲ ਦੀ ਦਲੀਲ ਦੇ ਕੇ ਕਿਸਾਨਾਂ ਵਿਰੁੱਧ ਪਰਚੇ ਦਰਜ ਕਰਕੇ ਜੁਰਮਾਨੇ ਲਗਾ ਰਹੀ ਹੈ। ਕਈ ਜਗ੍ਹਾ ਕਿਸਾਨ ਇਨ੍ਹਾਂ ਪਰਚਿਆਂ ਨੂੰ ਰੱਦ ਕਰਵਾਉਣ ਲਈ ਰੋਸ ਮੁਜ਼ਾਹਰੇ ਵੀ ਕਰ ਰਹੇ ਹਨ।