Breaking News
Home / ਪੰਜਾਬ / ਪੰਜਾਬ ਦੇ 70 ਫੀਸਦ ਖੇਤਾਂ ਤੱਕ ਪਹੁੰਚੇਗਾ ਨਹਿਰੀ ਪਾਣੀ : ਭਗਵੰਤ ਮਾਨ

ਪੰਜਾਬ ਦੇ 70 ਫੀਸਦ ਖੇਤਾਂ ਤੱਕ ਪਹੁੰਚੇਗਾ ਨਹਿਰੀ ਪਾਣੀ : ਭਗਵੰਤ ਮਾਨ

ਕਿਸਾਨਾਂ ਨੂੰ ਪੂਸਾ 44 ਨਾ ਬੀਜਣ ਦੀ ਅਪੀਲ, ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਛੇਤੀ ਦੇਣ ਦਾ ਐਲਾਨ
ਸੁਨਾਮ ਊਧਮ ਸਿੰਘ ਵਾਲਾ/ਬਿਊਰੋ ਨਿਊਜ਼ : ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਇੱਥੇ ਕੀਤੀ ਗਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਤੋਂ ਕਿਤੇ ਵੱਧ ਕੰਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਸੱਤਾ ਸੰਭਾਲੀ ਸੀ ਉਦੋਂ ਨਹਿਰੀ ਪਾਣੀ ਦਾ ਸਿਰਫ 21 ਫ਼ੀਸਦ ਖੇਤਾਂ ਤੱਕ ਜਾਂਦਾ ਸੀ ਜੋ ਹੁਣ 59 ਫ਼ੀਸਦੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਆਉਂਦੀ ਅਕਤੂਬਰ ਤੱਕ 70 ਫ਼ੀਸਦੀ ਖੇਤੀ ਰਕਬਾ ਨਹਿਰੀ ਪਾਣੀ ਨਾਲ ਸਿੰਜਾਈ ਯੋਗ ਹੋ ਜਾਵੇਗਾ। ਇਸ ਨਾਲ ਧਰਤੀ ਹੇਠਲਾ ਪਾਣੀ ਬਚੇਗਾ ਜਿਸ ਨਾਲ ਬਿਜਲੀ ਦੀ ਬਚਤ ਹੋਵੇਗੀ ਅਤੇ ਉਸੇ ਬਚਤ ‘ਚੋਂ ਔਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੀ ਜਾਣ ਵਾਲੀ ਸਹੂਲਤ ਸ਼ੁਰੂ ਕਰ ਦਿੱਤੀ ਜਾਵੇਗੀ।
ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪੂਸਾ 44 ਕਿਸਮ ਨਾ ਬੀਜਣ ਦਾ ਸੱਦਾ ਦਿੰਦਿਆਂ ਪੀਆਰ 126 ਅਤੇ 127 ਕਿਸਮ ਲਾਉਣ ਦੀ ਅਪੀਲ ਕੀਤੀ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਸੰਬੋਧਨ ਕੀਤਾ। ਮੀਤ ਹੇਅਰ ਨੇ ਕਿਹਾ ਕਿ ਉਹ ਸੰਗਰੂਰ ਹਲਕੇ ਦੇ ਹਨ ਜਦਕਿ ਬਾਕੀ ਉਮੀਦਵਾਰ ਬਾਹਰਲੇ ਹਨ। ਉਨ੍ਹਾਂ ਕਿਹਾ ਕਿ ਉਹ ਸੰਗਰੂਰ ਦੇ ਲੋਕਾਂ ਦੀ ਆਵਾਜ਼ ਸੰਸਦ ਵਿਚ ਬੁਲੰਦ ਕਰਨਗੇ। ਇਸ ਦੌਰਾਨ ਧੂਰੀ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸ ਛੱਡ ਕੇ ‘ਆਪ’ ਵਿਚ ਸ਼ਾਮਲ ਹੋਏ ਦਲਬੀਰ ਸਿੰਘ ਗੋਲਡੀ ਜਦੋਂ ਸੰਬੋਧਨ ਲਈ ਉਠੇ ਤਾਂ ਪੰਡਾਲ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਗੂੰਜ ਉਠਿਆ। ਗੋਲਡੀ ਨੇ ਆਪਣੇ ਸੰਬੋਧਨ ਵਿੱਚ ਕਾਂਗਰਸ ਨੂੰ ਰਜਵਾੜਿਆਂ ਦੀ ਪਾਰਟੀ ਦੱਸਦਿਆਂ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਅਤੇ ਹਾਈਕਮਾਂਡ ਖਿਲਾਫ ਭੜਾਸ ਕੱਢੀ। ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ, ਵਰਿੰਦਰ ਗੋਇਲ, ਜਮੀਲ-ਉਰ-ਰਹਿਮਾਨ, ਲਾਭ ਸਿੰਘ ਉਗੋਕੇ, ਕੁਲਵੰਤ ਸਿੰਘ ਪੰਡੋਰੀ ਤੇ ਹੋਰ ਹਾਜ਼ਰ ਸਨ।
ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੇ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਈਆਂ
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਕਾਰਕੁਨਾਂ ਨੇ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਾਲੀਆਂ ਝੰਡੀਆਂ ਦਿਖਾਉਂਦਿਆਂ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ‘ਚ ਸ਼ਾਮਲ ਸੂਬਾ ਆਗੂ ਸ਼ੇਰ ਸਿੰਘ ਖੰਨਾ, ਸੁਖਪਾਲ ਸਿੰਘ ਅਤੇ ਅਨੁਜ ਕੁਮਾਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਕਾਮਿਆਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਦੋ ਸਾਲ ਬਾਅਦ ਵੀ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ ਜਿਸ ਕਾਰਨ ਠੇਕਾ ਮੁਲਾਜ਼ਮ ਸੰਘਰਸ਼ ਕਰਨ ਲਈ ਮਜਬੂਰ ਹਨ। ਇਸ ਦੌਰਾਨ ਪੁਲਿਸ ਨੇ ਕਈ ਕਾਮਿਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਤੇ ਨਜ਼ਰਬੰਦ ਕਰ ਲਿਆ ਗਿਆ ਸੀ।

 

 

Check Also

ਲੋਕ ਸਭਾ ਚੋਣਾਂ ਲਈ ਸੱਤਵੇਂ ਤੇ ਆਖਰੀ ਗੇੜ ਲਈ ਪਈਆਂ 66 ਫੀਸਦੀ ਦੇ ਲਗਭਗ ਹੋਈ ਵੋਟਿੰਗ

ਪੰਜਾਬ ਦੇ 238 ਉਮੀਦਵਾਰਾਂ ਕਿਸਮਤ ਵੋਟਿੰਗ ਮਸ਼ੀਨਾਂ ’ਚ ਹੋਈ ਕੈਦ, ਵੋਟਾਂ ਪਾਉਣ ਦਾ ਕੰਮ ਅਮਨ …