Breaking News
Home / ਪੰਜਾਬ / ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ : ਰਾਘਵ ਚੱਢਾ

ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ : ਰਾਘਵ ਚੱਢਾ

ਕਿਹਾ : ਪ੍ਰਤੀ ਵਿਅਕਤੀ ‘ਤੇ ਇਕ ਲੱਖ ਰੁਪਏ ਕਰਜ਼ੇ ਦਾ ਬੋਝ
ਚੰਡੀਗੜ੍ਹ/ਬਿਊਰੋ ਬਿਊਜ਼ : ਆਮ ਆਦਮੀ ਪਾਰਟੀ ਦੇ ਆਗੂ ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਸੂਬੇ ਦੀ ਪਿਛਲੀ ਅਕਾਲੀ-ਭਾਜਪਾ ਤੇ ਮੌਜੂਦਾ ਕਾਂਗਰਸ ਸਰਕਾਰ ‘ਤੇ ਪੰਜਾਬ ਨੂੰ ਕਰਜ਼ੇ ਵਿਚ ਡੋਬਣ ਦਾ ਆਰੋਪ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਬਾਦਲ ਸਰਕਾਰ ਨੇ ਪੰਜਾਬ ਨੂੰ 3 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਬੋਝ ਨਾਲ ਡੋਬ ਦਿੱਤਾ ਹੈ।
ਰਾਘਵ ਚੱਢਾ ਨੇ ਕਿਹਾ ਕਿ ਅੱਜ 3 ਕਰੋੜ ਦੀ ਆਬਾਦੀ ਵਾਲੇ ਪੰਜਾਬ ਦੇ ਹਰ ਵਿਅਕਤੀ ਦੇ ਸਿਰ ‘ਤੇ 1 ਲੱਖ ਰੁਪਏ ਕਰਜ਼ੇ ਦਾ ਬੋਝ ਹੈ ਅਤੇ ਇਸ ਤਰ੍ਹਾਂ ਪੰਜਾਬ ਵਿੱਚ ਜਨਮ ਲੈਂਦੇ ਹੀ ਬੱਚੇ ਸਿਰ ਇੱਕ ਲੱਖ ਰੁਪਏ ਦਾ ਕਰਜ਼ਾ ਚੜ੍ਹ ਜਾਂਦਾ ਹੈ। ਰਾਘਵ ਚੱਢਾ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਸਲਾਨਾ ਬਜਟ ਦਾ 20 ਫੀਸਦ ਸਿਰਫ ਕਰਜ਼ੇ ਦੇ ਵਿਆਜ ਉਤਾਰਨ ‘ਤੇ ਹੀ ਖਰਚ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ‘ਤੇ ਇੰਨਾ ਕਰਜ਼ਾ ਨਾ ਹੁੰਦਾ ਤਾਂ ਇਹ ਪੈਸਾ ਉੱਚ ਮਿਆਰੀ ਹਸਪਤਾਲਾਂ, ਸਕੂਲ, ਸੜਕਾਂ, ਓਵਰ ਬ੍ਰਿਜ ਅਤੇ ਹੋਰ ਵਿਕਾਸ ਕਾਰਜਾਂ ਸਮੇਤ ਲੋਕਾਂ ਨੂੰ ਸਹੂਲਤਾਂ ਉਪਲਬਧ ਕਰਵਾਉਣ ਵਿੱਚ ਵਰਤਿਆ ਜਾਂਦਾ। ਪਰ ਇਥੇ ਲੋਕਾਂ ਦੇ ਟੈਕਸ ਦਾ ਪੈਸਾ ਕਰੋੜਾਂ ਰੁਪਏ ਦਾ ਕਰਜ਼ਾ ਮੋੜਨ ਵਿੱਚ ਖਰਚ ਕੀਤਾ ਜਾ ਰਿਹਾ ਹੈ।
ਅਕਾਲੀ ਅਤੇ ਕਾਂਗਰਸੀ ਆਗੂਆਂ ‘ਤੇ ਭ੍ਰਿਸ਼ਟਾਚਾਰ ਦੇ ਆਰੋਪ ਲਗਾਉਂਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਇਕ ਪਾਸੇ ਜਿਥੇ ਪੰਜਾਬ ਦਾ ਖਜ਼ਾਨਾ ਸਾਲ ਦਰ ਸਾਲ ਖਾਲੀ ਹੋ ਰਿਹਾ ਹੈ, ਉਥੇ ਦੂਜੇ ਪਾਸੇ ਇਨ੍ਹਾਂ ਭ੍ਰਿਸ਼ਟ ਨੇਤਾਵਾਂ ਦੀ ਜਾਇਦਾਦ ਹਰ ਸਾਲ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਧਾਇਕ ਪਹਿਲਾਂ ਸਕੂਟਰਾਂ ‘ਤੇ ਘੁੰਮਦੇ ਸਨ ਅੱਜ ਉਹ ਕਰੂਜ਼ਰ ਅਤੇ ਮਰਸਡੀਜ਼ ਕਾਰਾਂ ਵਿੱਚ ਘੁੰਮ ਰਹੇ ਹਨ।
ਲੋਕਾਂ ਦੇ ਪੈਸਿਆਂ ਨਾਲ ਅਜਿਹੇ ਲੀਡਰਾਂ ਨੇ ਆਪਣੀਆਂ ਕੋਠੀਆਂ, ਜ਼ਮੀਨਾਂ ਅਤੇ ਵੱਡੇ ਵੱਡੇ ਫਾਰਮ ਹਾਊਸ ਬਣਾ ਲਏ ਹਨ। ਦੋ-ਦੋ ਕਰੋੜ ਰੁਪਏ ਦੀਆਂ ਕਾਰਾਂ ਉੱਤੇ ਚੜ੍ਹਨ ਵਾਲੇ ਇਹ ਭ੍ਰਿਸ਼ਟ ਆਗੂ ਅੱਜ ਕਹਿ ਰਹੇ ਹਨ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਪੰਜਾਬ ਦਾ ਖਜ਼ਾਨਾ ਇਹਨਾਂ ਨੇਤਾਵਾਂ ਦੀ ਲੁੱਟ ਅਤੇ ਭ੍ਰਿਸ਼ਟਾਚਾਰ ਕਾਰਨ ਹੀ ਖਾਲੀ ਹੋਇਆ ਹੈ।

Check Also

ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਨੂੰ ਲੱਗਿਆ ਵੱਡਾ ਸਦਮਾ

ਪੁੱਤਰ ਕੰਵਰ ਮੱਕੜ ਦਾ ਹੋਇਆ ਦੇਹਾਂਤ ਜਲੰਧਰ/ਬਿਊਰੋ ਨਿਊਜ਼ : ਸਾਬਕਾ ਵਿਧਾਇਕ ਤੇ ਹਲਕਾ ਜਲੰਧਰ ਕੈਂਟ …