ਕਿਹਾ : ਬਿਕਰਮ ਮਜੀਠੀਆ ਪੰਜਾਬ ਤੋਂ ਹੈ ਬਾਹਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਕਿ ਡਰੱਗ ਮਾਮਲੇ ਵਿਚ ਨਾਮਜ਼ਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਪੰਜਾਬ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਮਜੀਠੀਆ ਪੰਜਾਬ ਵਿਚ ਕਿਤੇ ਵੀ ਨਜ਼ਰ ਆਏਗਾ ਤਾਂ ਇਕ ਮਿੰਟ ਵਿਚ ਹੀ ਜੇਲ੍ਹ ਦੇ ਅੰਦਰ ਹੋਵੇਗਾ। ਰੰਧਾਵਾ ਨੇ ਨਵੇਂ ਸਾਲ ‘ਤੇ ਮਜੀਠੀਆ ਦੇ ਸ੍ਰੀ ਹਰਿਮੰਦਰ ਸਾਹਿਬ ਵਿਚ ਮੱਥਾ ਟੇਕਣ ਦੀ ਫੋਟੋ ਅਤੇ ਵੀਡੀਓ ਨੂੰ ਪੁਰਾਣੀ ਕਰਾਰ ਦਿੱਤਾ। ਚੰਡੀਗੜ੍ਹ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਰੰਧਾਵਾ ਨੇ ਕਿਹਾ ਕਿ ਪੰਜਾਬ ਪੁਲਿਸ ਦੀਆਂ ਟੀਮਾਂ ਮਜੀਠੀਆ ਨੂੰ ਲੱਭ ਰਹੀਆਂ ਹਨ ਅਤੇ ਮਜੀਠੀਆ ਨਾਲ ਸਰਕਾਰੀ ਸੁਰੱਖਿਆ ਨਹੀਂ ਹੈ। ਇਸ ਲਈ ਇਹ ਕਹਿਣਾ ਕਿ ਪੁਲਿਸ ਨੂੰ ਮਜੀਠੀਆ ਦੇ ਬਾਰੇ ਵਿਚ ਪਤਾ ਹੈ, ਇਹ ਗਲਤ ਹੋਵੇਗਾ। ਡਰੱਗ ਮਾਮਲੇ ਵਿਚ ਬਿਕਰਮ ਮਜੀਠੀਆ ‘ਤੇ ਕੇਸ ਦਰਜ ਕਰਨ ਦੇ ਮਾਮਲੇ ਵਿਚ ਕਾਂਗਰਸ ਸਰਕਾਰ ਆਪਣੀ ਪਿੱਠ ਆਪ ਹੀ ਥਾਪੜ ਰਹੀ ਹੈ।
ਹਾਲਾਂਕਿ ਉਨ੍ਹਾਂ ਨੂੰ ਆਪਣੀ ਹੀ ਪਾਰਟੀ ਦੇ ਪ੍ਰਧਾਨ ਨਵਜੋਤ ਸਿੱਧੂ ਕੋਲੋਂ ਚੁਣੌਤੀ ਵੀ ਮਿਲ ਰਹੀ ਹੈ। ਸਿੱਧੂ ਲਗਾਤਾਰ ਨਿਸ਼ਾਨਾ ਸਾਧ ਰਹੇ ਹਨ ਕਿ ਸਿਰਫ ਪਰਚਾ ਦਰਜ ਕਰਨ ਨਾਲ ਕੁਝ ਨਹੀਂ ਹੋਵੇਗਾ, ਸਰਕਾਰ ਮਜੀਠੀਆ ਨੂੰ ਗ੍ਰਿਫਤਾਰ ਕਰੇ।