ਚੰਨੀ ਦੇ ਭਰੋਸੇ ਤੋਂ ਬਾਅਦ ਲਾਡੀ ਨੇ ਬਦਲਿਆ ਫੈਸਲਾ
ਬਟਾਲਾ/ਬਿਊਰੋ ਨਿਊਜ਼ : ਭਾਜਪਾ ‘ਚ ਕਰੀਬ ਹਫਤਾ ਭਰ ਪਹਿਲਾਂ ਸ਼ਾਮਲ ਹੋਏ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਮੁੜ ਕਾਂਗਰਸ ‘ਚ ਸ਼ਾਮਲ ਹੋ ਗਏ ਹਨ। ਵਿਧਾਇਕ ਨੇ ਦੱਸਿਆ ਕਿ ਭਾਜਪਾ ‘ਚ ਜਾਣ ਦਾ ਫ਼ੈਸਲਾ ਉਨ੍ਹਾਂ ਦਾ ਨਿੱਜੀ ਮਾਮਲਾ ਸੀ, ਪਰ ਹਲਕੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਉਨ੍ਹਾਂ ਆਪਣੀ ਪਿੱਤਰੀ ਪਾਰਟੀ ਵਿੱਚ ਰਹਿ ਕੇ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਆਖਿਆ ਕਿ ਇਸ ਹਲਕੇ ਵਿੱਚ ਭਾਜਪਾ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਸ਼ਾਮ ਨੂੰ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੇ ਸਨ ਜਿਨ੍ਹਾਂ ਸਾਰੇ ਗਿਲੇ- ਸ਼ਿਕਵੇ ਦੂਰ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਦੀਆਂ ਤੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਬਾਰੇ ਵੀ ਕਾਂਗਰਸ ‘ਚੰਗਾ’ ਫ਼ੈਸਲਾ ਲੈਂਦੀ ਹੈ ਤਾਂ ਉਹ ਵੀ ਮੁੜ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਬਟਾਲਾ ਨੇੜਲੇ ਪਿੰਡ ਫੂਲਕੇ ਦੇ ਸਰਪੰਚ ਤਰਸੇਮ ਸਿੰਘ ਫੂਲਕਾ ਨੇ ਵਿਧਾਇਕ ਲਾਡੀ ਦੀ ਘਰ ਵਾਪਸੀ ਨੂੰ ਪਾਰਟੀ ਲਈ ਸ਼ੁਭ ਸੰਕੇਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਰਾਖਵੇਂ ਹਲਕੇ ਸ੍ਰੀਹਰਗੋਬਿੰਦਪੁਰ ਵਿੱਚ 1 ਲੱਖ 74 ਹਜ਼ਾਰ 190 ਵੋਟਾਂ ਵਿੱਚੋਂ 64 ਹਜ਼ਾਰ ਮਜ਼੍ਹਬੀ ਸਿੱਖਾਂ ਦੀਆਂ ਵੋਟਾਂ ਹਨ ਅਤੇ ਲਾਡੀ ਦੇ ਭਾਜਪਾ ਵਿੱਚ ਜਾਣ ਨਾਲ ਇਸ ਵਰਗ ਦੇ ਲੋਕਾਂ ਵਿੱਚ ਭਾਰੀ ਰੋਸ ਸੀ ਪਰ ਹੁਣ ਕਾਂਗਰਸ ‘ਚ ਵਾਪਸੀ ਨਾਲ ਟਕਸਾਲੀ ਵਰਕਰ ਅਤੇ ਆਗੂ ਬਾਗ਼ੋ-ਬਾਗ਼ ਹਨ।
Check Also
ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੱਸਿਆ ਹਰ ਪੱਖੋਂ ਫੇਲ੍ਹ
ਸ਼੍ਰੋਮਣੀ ਅਕਾਲੀ ਦਲ ਨੂੰ ਦੱਸਿਆ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਲੁਧਿਆਣਾ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ …