Breaking News
Home / ਹਫ਼ਤਾਵਾਰੀ ਫੇਰੀ / ਭਗਵੰਤ ਮਾਨ ਹੁਣ ਬਠਿੰਡਾ ਤੋਂ ਪਾਉਣਗੇ ਸਿਆਸੀ ਕਿੱਕਲੀ

ਭਗਵੰਤ ਮਾਨ ਹੁਣ ਬਠਿੰਡਾ ਤੋਂ ਪਾਉਣਗੇ ਸਿਆਸੀ ਕਿੱਕਲੀ

ਹਰਸਿਮਰਤ ਬਾਦਲ ਖਿਲਾਫ਼ ਲੋਕ ਸਭਾ ਚੋਣ ਲੜਨ ਦਾ ਭਗਵੰਤ ਮਾਨ ਨੇ ਬਣਾਇਆ ਮਨ
ਬਠਿੰਡਾ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ 2019 ਵਿਚ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਸਕਦੇ ਹਨ ਅਤੇ ਉਨ੍ਹਾਂ ਚੋਣ ਲੜਨ ਲਈ ਤਿਆਰੀ ਵੀ ਖਿੱਚ ਲਈ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਭਗਵੰਤ ਮਾਨ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਖ਼ਿਲਾਫ਼ ਉੱਤਰਨ ਦਾ ਮਨ ਬਣਾਈ ਬੈਠੇ ਹਨ। ਅੰਦਰੋਂ-ਅੰਦਰੀਂ ਉਨ੍ਹਾਂ ਨੇ ਤਿਆਰੀ ਵਿੱਢ ਦਿੱਤੀ ਹੈ। ਬਠਿੰਡਾ ਤੋਂ ‘ਆਪ’ ਵਿਧਾਇਕ ਵੀ ਭਗਵੰਤ ਮਾਨ ਦੇ ਨਾਲ ਇੱਕਸੁਰ ਹਨ।
ਵੇਰਵਿਆਂ ਅਨੁਸਾਰ ਭਗਵੰਤ ਮਾਨ ਨੇ ਪਿਛਲੇ ਸਮੇਂ ਤੋਂ ਬਠਿੰਡਾ ਸੰਸਦੀ ਹਲਕੇ ਦੇ ਗੰਭੀਰ ਰੋਗਾਂ ਤੋਂ ਪੀੜਤ ਮਰੀਜ਼ਾਂ ਨੂੰ ਅੰਦਰਖਾਤੇ ‘ਪ੍ਰਧਾਨ ਮੰਤਰੀ ਰਾਹਤ ਫ਼ੰਡ’ ਵਿਚੋਂ ਮਾਲੀ ਇਮਦਾਦ ਦਿਵਾਉਣ ਦੀ ਮੁਹਿੰਮ ਵਿੱਢੀ ਹੋਈ ਹੈ। ਆਉਂਦੇ ਦਿਨਾਂ ਵਿੱਚ ਉਹ ਇਨ੍ਹਾਂ ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਵੀ ਰੱਖ ਰਹੇ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੁਆਰਾ ਫ਼ਿਰੋਜ਼ਪੁਰ ਤੋਂ ਚੋਣ ਲੜਣ ਦੀ ਚਰਚਾ ਚੱਲ ਰਹੀ ਹੈ। ਫਾਜ਼ਿਲਕਾ ਤੋਂ ਮਰਹੂਮ ਗੈਂਗਸਟਰ ਰੌਕੀ ਦੀ ਭੈਣ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਨਾ ਵੀ ਇਹੋ ਸੰਕੇਤ ਕਰਦਾ ਹੈ। ਸੂਤਰ ਦੱਸਦੇ ਹਨ ਕਿ ਅਕਾਲੀ ਦਲ ਬਠਿੰਡਾ ਤੋਂ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਦੇ ਹਿਸਾਬ ਨਾਲ ਫ਼ੈਸਲਾ ਲਵੇਗਾ। ਹਰਸਿਮਰਤ ਨੇ ਪਿਛਲੇ ਦਿਨੀਂ ਬੁਢਲਾਡਾ ਦੇ ਇੱਕ ਜਨਤਕ ਸਮਾਗਮ ਵਿੱਚ ਦਾਅਵਾ ਕੀਤਾ ਹੈ ਕਿ ਉਹ ਬਠਿੰਡਾ ਹਲਕੇ ਤੋਂ ਹੀ ਚੋਣ ਲੜਨਗੇ। ਪਰ ਉਹ ਇਹ ਇਸ਼ਾਰਾ ਵੀ ਕਰ ਗਏ, ‘ਬਾਕੀ ਵਾਹਿਗੁਰੂ ਨੇ ਜਿੱਥੋਂ ਦਾ ਦਾਣਾ ਪਾਣੀ ਲਿਖਿਆ, ਉੱਥੇ ਜਾਣਾ ਪੈਣਾ।’ ਬਠਿੰਡਾ ਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਪੰਜ ਉੱਤੇ ‘ਆਪ’ ਦੇ ਵਿਧਾਇਕ ਕਾਬਜ਼ ਹਨ। ਭਗਵੰਤ ਮਾਨ ਦਾ ਨਵਾਂ ਫੈਸਲਾ ਬਾਦਲਾਂ ਲਈ ਘਬਰਾਹਟ ਵਾਲਾ ਵੀ ਹੋ ਸਕਦਾ ਹੈ। ਸਿਆਸੀ ਮਾਹਿਰ ਆਖਦੇ ਹਨ ਕਿ ਤਿਕੋਣਾ ਮੁਕਾਬਲਾ ਅਕਾਲੀ ਉਮੀਦਵਾਰ ਲਈ ਰਾਹ ਪੱਧਰਾ ਕਰੇਗਾ। ਅਹਿਮ ਸੂਤਰਾਂ ਨੇ ਦੱਸਿਆ ਕਿ ਭਗਵੰਤ ਮਾਨ ਨਵੇਂ ਉਪਜੇ ਹਾਲਾਤ ਵਿੱਚ ਦੋ ਹਲਕਿਆਂ ਤੋਂ ਵੀ ਕਾਗ਼ਜ਼ ਦਾਖਲ ਕਰ ਸਕਦੇ ਹਨ। ਬਠਿੰਡਾ, ਮਾਨਸਾ ਦੇ ਲੋਕ ਭਾਵੁਕ ਸੁਭਾਅ ਅਤੇ ਇਨਕਲਾਬੀ ਸੁਰ ਵਾਲੇ ਹਨ, ਜਿਸ ਦਾ ਫ਼ਾਇਦਾ ਭਗਵੰਤ ਮਾਨ ਲੈਣਾ ਚਾਹੁੰਦਾ ਹੈ। ਸੂਤਰ ਆਖਦੇ ਹਨ ਕਿ ਉਹ ਅਗਲੀ ਚੋਣ ‘ਆਪ’ ਤਰਫ਼ੋਂ ਹੀ ਲੜਨਗੇ। ਪਿਛਲੇ ਕੁੱਝ ਸਮੇਂ ਤੋਂ ਭਗਵੰਤ ਮਾਨ ਸਿਆਸੀ ਤੌਰ ਉੱਤੇ ਠੰਢੇ ਚੱਲ ਰਹੇ ਹਨ ਅਤੇ ਉਹ ਇਕਦਮ ਨਵੀਂ ਪਹਿਲਕਦਮੀ ਨਾਲ ਮੋੜਾ ਦੇਣ ਦੇ ਰੌਂਅ ਵਿੱਚ ਹਨ। ਮੌੜ ਤੋਂ ‘ਆਪ’ ਵਿਧਾਇਕ ਜਗਦੇਵ ਕਮਾਲੂ ਨੇ ਨਿੱਜੀ ਰਾਇ ਦਿੰਦੇ ਹੋਏ ਆਖਿਆ ਕਿ ਬਾਦਲਾਂ ਨੂੰ ਸਭ ਤੋਂ ਸਖ਼ਤ ਟੱਕਰ ਭਗਵੰਤ ਮਾਨ ਹੀ ਦੇ ਸਕਦਾ ਹੈ, ਜੇ ਉਹ ਬਠਿੰਡਾ ਤੋਂ ਚੋਣ ਲੜਨ ਲਈ ਮੰਨ ਜਾਵੇ ਤਾਂ ਪਾਰਟੀ ਦੀ ਝੋਲੀ ਇਹ ਸੀਟ ਆਸਾਨੀ ਨਾਲ ਪੈ ਜਾਵੇਗੀ। ਉਨ੍ਹਾਂ ਆਖਿਆ ਕਿ ਉਹ ਭਗਵੰਤ ਮਾਨ ਨੂੰ ਇਸ ਬਾਰੇ ਬੇਨਤੀ ਵੀ ਕਰ ਚੁੱਕੇ ਹਨ। ਇਸੇ ਤਰ੍ਹਾਂ ਬੁਢਲਾਡਾ ਹਲਕੇ ਤੋਂ ‘ਆਪ’ ਵਿਧਾਇਕ ਬੁੱਧ ਰਾਮ ਨੇ ਨਿੱਜੀ ਰਾਇ ਰੱਖੀ ਕਿ ਲੋਕ ਭਗਵੰਤ ਮਾਨ ਨੂੰ ਚਾਹੁੰਦੇ ਹਨ ਅਤੇ ਪਿਛਲੇ ਦਿਨੀਂ ਬੁਢਲਾਡਾ ਵਿੱਚ ਰੱਖੀਆਂ ਮੀਟਿੰਗਾਂ ਵਿਚ ਲੋਕਾਂ ਨੇ ਭਗਵੰਤ ਨੂੰ ਬਠਿੰਡਾ ਤੋਂ ਚੋਣ ਲੜਨ ਲਈ ਆਖਿਆ ਸੀ। ਬਠਿੰਡਾ (ਦਿਹਾਤੀ) ਤੋਂ ‘ਆਪ’ ਵਿਧਾਇਕ ਰੁਪਿੰਦਰ ਰੂਬੀ ਦਾ ਪ੍ਰਤੀਕਰਮ ਸੀ ਕਿ ਪਾਰਟੀ ਜਿਸ ਨੂੰ ਵੀ ਬਠਿੰਡਾ ਤੋਂ ਉਤਾਰੇਗੀ, ਉਸ ਦੀ ਡਟ ਕੇ ਹਮਾਇਤ ਕੀਤੀ ਜਾਵੇਗੀ।
ਸੰਗਰੂਰ ਨਾਲ ਪਿਆਰ ਬਾਕੀ ਦਾਣੇ-ਪਾਣੀ ਦੀ ਗੱਲ : ਭਗਵੰਤ ਮਾਨ : ਬਠਿੰਡਾ ਲੋਕ ਸਭਾ ਹਲਕੇ ਤੋਂ ઠਚੋਣ ਲੜਨ ਬਾਰੇ ਭਗਵੰਤ ਮਾਨ ਦਾ ਪ੍ਰਤੀਕਰਮ ਸੀ ਕਿ ਉਸ ਨੇ ਸੰਗਰੂਰ ਸੰਸਦੀ ਹਲਕੇ ਵਿੱਚ ਰਿਕਾਰਡ ਕੰਮ ਕੀਤੇ ਹਨ ਅਤੇ ਪੇਂਡੂ ਸ਼ਹਿਰੀ ਵਿਕਾਸ ਲਈ ਖੁੱਲ੍ਹੇ ਫ਼ੰਡ ਵੰਡੇ ਹਨ। ਖ਼ਰਚ ਕੀਤਾ ਪੈਸਾ ਹੁਣ ਨਜ਼ਰ ਵੀ ਪੈਣ ਲੱਗਾ ਹੈ ਅਤੇ ਹਲਕੇ ਦੇ ਲੋਕਾਂ ਦਾ ਉਸ ਉੱਤੇ ਪੂਰਨ ਭਰੋਸਾ ਹੈ। ਉਨ੍ਹਾਂ ਆਖਿਆ ਕਿ ਸੰਗਰੂਰ ਹਲਕੇ ਨਾਲ ਚੰਗਾ ਪਿਆਰ ਬਣਿਆ ਹੋਇਆ ਹੈ ਤੇ ਉਹ ਸੰਗਰੂਰ ਤੋਂ ਹੀ ਅਗਲੀ ਚੋਣ ਲੜਨਗੇ, ਬਾਕੀ ਦਾਣੇ ਪਾਣੀ ਦੀ ਵੀ ਗੱਲ ਹੁੰਦੀ ਹੈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …