Breaking News
Home / ਹਫ਼ਤਾਵਾਰੀ ਫੇਰੀ / ਆਸਟਰੇਲੀਆ ‘ਚ ਮਲੂਕਾ ਦਾ ਸਵਾਗਤ ਬੋਤਲਾਂ ਤੇ ਜੁੱਤੀਆਂ ਨਾਲ ਹੋਇਆ

ਆਸਟਰੇਲੀਆ ‘ਚ ਮਲੂਕਾ ਦਾ ਸਵਾਗਤ ਬੋਤਲਾਂ ਤੇ ਜੁੱਤੀਆਂ ਨਾਲ ਹੋਇਆ

ਮੈਲਬਰਨ ‘ਚ ਚੱਲ ਰਹੇ ਕਬੱਡੀ ਕੱਪ ‘ਚ ਬਤੌਰ ਮੁੱਖ ਮਹਿਮਾਨ ਪਹੁੰਚੇ ਸਿਕੰਦਰ ਸਿੰਘ ਮਲੂਕਾ ਵੱਲ ਸੁੱਟੀਆਂ ਗਈਆਂ ਜੁੱਤੀਆਂ, ਸਟੇਜ ਦੇ ਪਿੱਛੋਂ ਉਤਰ ਕੇ ਪਿਆ ਭੱਜਣਾ
ਬਠਿੰਡਾ/ਬਿਊਰੋ ਨਿਊਜ਼
ਆਸਟਰੇਲੀਆ ਦੇ ਮੈਲਬਰਨ ਵਿਚ ਐਤਵਾਰ ਨੂੰ ਇਕ ਸੰਸਥਾ ਵਲੋਂ ਕਰਵਾਏ ਜਾ ਰਹੇ ਕਬੱਡੀ ਕੱਪ ਵਿਚ ਚੀਫ ਗੈਸਟ ਦੇ ਤੌਰ ‘ਤੇ ਪਹੁੰਚੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਪੰਜਾਬੀ ਨੌਜਵਾਨਾਂ ਨੇ ਸਖਤ ਵਿਰੋਧ ਕੀਤਾ। ਨੌਜਵਾਨਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਮਲੂਕਾ ਵੱਲ ਪਾਣੀ ਦੀਆਂ ਬੋਤਲਾਂ ਅਤੇ ਜੁੱਤੀਆਂ ਸੁੱਟੀਆਂ, ਪਰ ਇਹ ਮਲੂਕਾ ਦੇ ਲੱਗੀਆਂ ਨਹੀਂ। ਹੰਗਾਮਾ ਵਧਣ ‘ਤੇ ਆਸਟਰੇਲੀਆਈ ਸੁਰੱਖਿਆ ਕਰਮਚਾਰੀਆਂ ਨੇ ਮਲੂਕਾ ਨੂੰ ਸਟੇਜ ਦੇ ਪਿੱਛਲੇ ਪਾਸਿਓਂ ਬਾਹਰ ਕੱਢਿਆ ਤੇ ਕਾਰ ਵਿਚ ਬਿਠਾ ਦਿੱਤਾ। ਵਿਰੋਧ ਕਰ ਰਹੇ ਮੈਲਬਰਨ ਨਿਵਾਸੀ ਹੈਰੀ ਨੇ ਦੱਸਿਆ ਕਿ ਪੰਜਾਬ ਵਿਚ ਅਕਾਲੀ ਸਰਕਾਰ ਦੇ ਸਮੇਂ ਹੱਕ ਮੰਗ ਰਹੀਆਂ ਮਹਿਲਾ ਅਧਿਆਪਕਾਂ ‘ਤੇ ਮਲੂਕਾ ਨੇ ਕਾਫੀ ਅੱਤਿਆਚਾਰ ਕਰਵਾਇਆ ਸੀ। ਇਸ ਤੋਂ ਇਲਾਵਾ ਪੰਜਾਬ ਵਿਚ ਉਨ੍ਹਾਂ ਨੇ ਅਰਦਾਸ ਨਾਲ ਛੇੜਛਾੜ ਵੀ ਕੀਤੀ ਸੀ। ਇਸ ਕਾਰਨ ਉਨ੍ਹਾਂ ਦੇ ਖਿਲਾਫ ਆਸਟਰੇਲੀਆ ਵਿਚ ਬਹੁਤ ਗੁੱਸਾ ਸੀ। ਇਸ ਪੂਰੀ ਘਟਨਾ ਨੂੰ ਕੁਝ ਪੰਜਾਬੀ ਨੌਜਵਾਨਾਂ ਨੇ ਕੈਮਰੇ ਵਿਚ ਕੈਦ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਵੀਡੀਓ ਵਿਚ ਜੁੱਤੇ ਹਵਾ ਵਿਚ ਉਛਲਦੇ ਦਿਖਾਈ ਦੇ ਰਹੇ ਹਨ। ਜ਼ਿਆਦਾ ਪੰਜਾਬੀ ਨੌਜਵਾਨ ਮਲੂਕਾ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਵੀ ਕਰ ਰਹੇ ਹਨ। ਸਭ ਤੋਂ ਜ਼ਿਆਦਾ ਲੋਕਾਂ ਨੇ ਲਿਖਿਆ ਹੈ ਕਿ ਮਲੂਕਾ ਦੀਆਂ ਅਜਿਹੀਆਂ ਤਸਵੀਰਾਂ ਆਸਟਰੇਲੀਆਈ ਪੁਲਿਸ ਨੂੰ ਦਿਖਾਈਆਂ ਜਾਣ, ਜਿਸ ਵਿਚ ਉਹ ਆਪਣਾ ਹੱਕ ਮੰਗ ਰਹੀਆਂ ਮਹਿਲਾ ਅਧਿਆਪਕਾਂ ਨੂੰ ਕੁੱਟ ਰਿਹਾ ਹੈ।
ਪਹਿਲੇ ਵੀ ਹੋ ਚੁੱਕਾ ਹੈ ਵਿਰੋਧ : ਇਹ ਪਹਿਲਾ ਮੌਕਾ ਨਹੀਂ ਹੈ ਜਦ ਮਲੂਕਾ ਦਾ ਵਿਦੇਸ਼ ਵਿਚ ਵਿਰੋਧ ਹੋਇਆ ਹੈ। ਇਸ ਤੋਂ ਪਹਿਲਾਂ ਕੈਨੇਡਾ ਵਿਚ ਵੀ ਮਲੂਕਾ ਦਾ ਵਿਰੋਧ ਹੋ ਚੁੱਕਾ ਹੈ। ਇਹੀ ਨਹੀਂ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਹਮੀਰਗੜ੍ਹ ਵਿਚ ਇਕ ਬਜ਼ੁਰਗ ਜਰਨੈਲ ਸਿੰਘ ਨੇ ਮਲੂਕਾ ‘ਤੇ ਹਮਲਾ ਵੀ ਕਰ ਦਿੱਤਾ ਸੀ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …