ਪਹਿਲਾਂ ਫੋਨ ਬਾਹਰ ਰਖਵਾਇਆ, ਫਿਰ ਮਿਲਣ ਲਈ ਵੀ ਨਹੀਂ ਬੁਲਾਇਆ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਕਰਨ ਬੁੱਧਵਾਰ ਨੂੰ ਸਕੱਤਰੇਤ ਵਿਚ ਉਨ੍ਹਾਂ ਦੇ ਦਫਤਰ ਪਹੁੰਚੇ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਬੜੇ ‘ਬੇਆਬਰੂ’ ਹੋ ਕੇ ਪਰਤੇ। ਇੱਥੇ ਪਹਿਲਾਂ ਤਾਂ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸੀਐਮ ਦਫਤਰ ਵਿਚ ਫੋਨ ਲਿਜਾਣ ਤੋਂ ਰੋਕਿਆ। ਫਿਰ ਕਰੀਬ 10 ਮਿੰਟ ਤੱਕ ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸਕੱਤਰ ਦੇ ਦਫਤਰ ਵਿਚ ਬੈਠਣਾ ਪਿਆ। ਮੁੱਖ ਮੰਤਰੀ ਵਲੋਂ ਕੋਈ ਰਿਸਪਾਂਸ ਨਾ ਆਉਣ ਤੋਂ ਨਰਾਜ਼ ਹੋ ਕੇ ਉਹ ਬਿਨਾ ਮਿਲੇ ਹੀ ਕਰੀਬ ਅੱਧਾ ਦਰਜਨ ਵਿਧਾਇਕਾਂ ਨਾਲ ਸਕੱਤਰੇਤ ਤੋਂ ਚਲੇ ਗਏ। ਦੇਰ ਰਾਤ ਪਤਾ ਲੱਗਾ ਕਿ ਉਹ ਸੜਕੀ ਰਸਤੇ ਤੋਂ ਦਿੱਲੀ ਰਵਾਨਾ ਹੋ ਗਏ ਸਨ।
ਜਾਖੜ ਦੀ ਨਰਾਜ਼ਗੀ ਦੀ ਖਬਰ ਜਿਵੇਂ ਹੀ ਮੁੱਖ ਮੰਤਰੀ ਨੂੰ ਮਿਲੀ ਤਾਂ ਉਹ ਹਰਕਤ ਵਿਚ ਆਏ। ਉਨ੍ਹਾਂ ਨੇ ਆਪਣੇ ਕਰੀਬੀ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਡਿਊਟੀ ਜਾਖੜ ਨੂੰ ਮਨਾਉਣ ਲਈ ਲਗਾਈ, ਪਰ ਉਨ੍ਹਾਂ ਨੇ ਮੋਬਾਇਲ ਫੋਨ ਸਵਿੱਚ ਆਫ ਕਰ ਲਿਆ। ਜਾਣਕਾਰੀ ਮੁਤਾਬਕ, ਸੁਨੀਲ ਜਾਖੜ ਨੇ ਮਾਲਵਾ ਖੇਤਰ ਦੇ ਕਰੀਬ ਇਕ ਦਰਜਨ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਨਾਲ ਕੈਪਟਨ ਨੂੂੰ ਮਿਲਣ ਦਾ ਸਮਾਂ ਲਿਆ ਸੀ। ਤੈਅ ਸਮੇਂ ਕਰੀਬ ਸਾਢੇ ਚਾਰ ਵਜੇ ਉਹ ਮੁੱਖ ਮੰਤਰੀ ਸਕੱਤਰੇਤ ਪਹੁੰਚੇ। ਸੀਐਮ ਦਫਤਰ ਵਿਚ ਜਦੋਂ ਉਹ ਜਾਣ ਲੱਗੇ ਤਾਂ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਮੋਬਾਇਲ ਫੋਨ ਲਿਜਾਣ ਤੋਂ ਰੋਕ ਦਿੱਤਾ। ਇਸ ‘ਤੇ ਵਿਧਾਇਕਾਂ ਨੇ ਕਿਹਾ ਕਿ ਜਾਖੜ ਪਾਰਟੀ ਦੇ ਸੂਬਾ ਪ੍ਰਧਾਨ ਹਨ ਤੇ ਉਹ ਫੋਨ ਲੈ ਕੇ ਜਾਣਗੇ, ਪਰ ਸੁਰੱਖਿਆ ਮੁਲਾਜ਼ਮ ਨਹੀਂ ਮੰਨੇ। ਇਸ ਤੋਂ ਨਾਰਾਜ਼ ਹੋ ਕੇ ਜਾਖੜ ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੇ ਦਫਤਰ ਵਿਚ ਜਾ ਕੇ ਬੈਠ ਗਏ। ਉਨ੍ਹਾਂ ਨਾਲ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਦਰਸ਼ਨ ਸਿੰਘ ਬਰਾੜ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਗੁਰਪ੍ਰੀਤ ਕਾਂਗੜ ਵੀ ਸਨ।
ਸੁਰੱਖਿਆ ਮੁਲਾਜ਼ਮਾਂ ਵਲੋਂ ਬਦਸਲੂਕੀ ਅਤੇ ਫੋਨ ਲੈ ਕੇ ਨਹੀਂ ਜਾਣ ਦੇਣ ਦੀ ਜਾਣਕਾਰੀ ਮੁੱਖ ਮੰਤਰੀ ਕੋਲ ਪਹੁੰਚਾਈ ਗਈ, ਪਰ ਦਸ ਮਿੰਟ ਤੱਕ ਕੋਈ ਰਿਸਪਾਂਸ ਨਾ ਆਉਣ ਤੋਂ ਨਰਾਜ਼ ਹੋ ਕੇ ਜਾਖੜ ਵਾਪਸ ਪਰਤ ਗਏ। ਇਸ ਤੋਂ ਬਾਅਦ ਕੈਪਟਨ ਨੇ ਜਲਦਬਾਜ਼ੀ ਵਿਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਜਾਖੜ ਨੂੰ ਮਨਾ ਕੇ ਉਨ੍ਹਾਂ ਕੋਲ ਲਿਆਉਣ ਦੀ ਡਿਊਟੀ ਲਗਾਈ। ਇਸ ਤੋਂ ਇਲਾਵਾ ਸੀਆਈਡੀ ਵੀ ਜਾਖੜ ਦੀ ਜਾਣਕਾਰੀ ਇਕੱਠੀ ਕਰਨ ਵਿਚ ਲੱਗ ਗਈ ਕਿ ਉਹ ਕਿੱਥੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਿਧਾਇਕ ਕੈਪਟਨ ਦੇ ਲਾਪਰਵਾਹ ਰਵੱਈਏ ਦੀਆਂ ਸ਼ਿਕਾਇਤਾਂ ਕਰਦੇ ਰਹੇ ਹਨ।
ਬਾਜਵਾ ਦੇ ਪਹੁੰਚਣ ਤੋਂ ਪਹਿਲਾਂ ਦਿੱਲੀ ਰਵਾਨਾ : ਜਾਖੜ ਸਕੱਤਰੇਤ ਤੋਂ ਪੰਚਕੂਲਾ ਸਥਿਤ ਆਪਣੀ ਕੋਠੀ ਪਹੁੰਚੇ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਉਨ੍ਹਾਂ ਨੂੰ ਮਿਲਣ ਰਵਾਨਾ ਹੋਏ ਪਰ ਇਸੇ ਦੌਰਾਨ ਪਤਾ ਲੱਗਾ ਕਿ ਜਾਖੜ ਸੜਕੀ ਰਸਤੇ ਰਾਹੀਂ ਦਿੱਲੀ ਰਵਾਨਾ ਹੋ ਗਏ। ਦੋਵਾਂ ਦੀ ਮੁਲਾਕਾਤ ਨਹੀਂ ਹੋ ਸਕੀ। ਦੇਰ ਰਾਤ ਤੱਕ ਜਾਖੜ ਅਤੇ ਬਾਜਵਾ ਦੇ ਮੋਬਾਇਲ ਫੋਨ ਸਵਿੱਚ ਆਫ ਆਉਂਦੇ ਰਹੇ।
ਫਿਰ ਮੁੱਖ ਮੰਤਰੀ ਨੇ ਆਪਣੇ ਸੂਬਾ ਪ੍ਰਧਾਨ ਨੂੰ ਫੋਨ ‘ਤੇ ਮਨਾਇਆ
ਮੁੱਖ ਮੰਤਰੀ ਨਾਲ ਨਾਰਾਜ਼ ਹੋਏ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਜਦੋਂ ਤ੍ਰਿਪਤ ਰਜਿੰਦਰ ਬਾਜਵਾ ਮਨਾਉਣ ‘ਚ ਨਾਕਾਮ ਹੋਏ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਖੁਦ ਸੁਨੀਲ ਜਾਖੜ ਨਾਲ ਫੋਨ ‘ਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਮਨਾਇਆ। ਸੁਨੀਲ ਜਾਖੜ ਨੇ ਖੁਦ ਵੀ ਸੰਗਰੂਰ ਜ਼ਿਲ੍ਹੇ ‘ਚ ਕਿਸਾਨ ਕਰਜ਼ਾ ਮੁਆਫ਼ੀ ਸਮਾਗਮ ਦੌਰਾਨ ਅਮਰਿੰਦਰ ਸਿੰਘ ਦੀ ਗੈਰਹਾਜ਼ਰੀ ‘ਚ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡਣ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਮੈਂ ਅਮਰਿੰਦਰ ਸਿੰਘ ਜੀ ਦੇ ਸੱਦੇ ‘ਤੇ ਹੀ ਇਥੇ ਆਇਆ ਹਾਂ, ਜੋ ਸੰਕੇਤ ਸੀ ਕਿ ਰੁੱਸੇ ਸੁਨੀਲ ਜਾਖੜ ਨੂੰ ਮਨਾ ਲਿਆ ਗਿਆ ਹੈ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …