4.9 C
Toronto
Thursday, March 26, 2026
spot_img
Homeਹਫ਼ਤਾਵਾਰੀ ਫੇਰੀਈਕੋਸਿੱਖ ਨੇ 36 ਮਹੀਨਿਆਂ ਵਿਚ ਲਾਏ 400 ਪਵਿੱਤਰ ਜੰਗਲ

ਈਕੋਸਿੱਖ ਨੇ 36 ਮਹੀਨਿਆਂ ਵਿਚ ਲਾਏ 400 ਪਵਿੱਤਰ ਜੰਗਲ

ਜੰਗਲ ਬਣਾਉਣ ਦੀ ਸਿਖਲਾਈ ਵਾਲੀ ਵੀਡੀਓ ਦੇ ਨਾਲ-ਨਾਲ 3 ਸਾਲਾ ਰਿਪੋਰਟ ਕੀਤੀ ਜਾਰੀ
ਚੰਡੀਗੜ੍ਹ : ਈਕੋਸਿੱਖ ਵਲੋਂ ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ਵਿਚ 400 ਗੁਰੂ ਨਾਨਕ ਪਵਿੱਤਰ ਜੰਗਲ ਲਾਏ ਜਾ ਚੁੱਕੇ ਹਨ। ਇਸ ਮੌਕੇ ਵਾਸ਼ਿੰਗਟਨ ਸਥਿਤ ਵਾਤਾਵਰਣ ਸੰਸਥਾ ਈਕੋਸਿੱਖ ਨੇ ਤਿੰਨ ਸਾਲਾਂ ਦੀਆਂ ਪ੍ਰਾਪਤੀਆਂ ਦਰਸਾਉਂਦੀ ਰਿਪੋਰਟ ਵੀ ਜਾਰੀ ਕੀਤੀ ਹੈ।
ਈਕੋਸਿੱਖ ਵਲੋਂ ਪੰਜਾਬ ਦੀਆਂ ਰਵਾਇਤੀ ਪ੍ਰਜਾਤੀਆਂ ਦੇ ਰੁੱਖਾਂ ਦੇ ਜੰਗਲ ਲਗਾਏ ਜਾਂਦੇ ਹਨ, ਇਹ ਜੰਗਲ ਜਿੱਥੇ ਪੰਜਾਬ ਦੇ ਵਾਤਾਵਰਣ ਦੀ ਸੰਭਾਲ ਕਰਦੇ ਹਨ, ਉਥੇ ਹੀ ਇਹ ਪੰਛੀਆਂ ਅਤੇ ਜੀਵ ਜੰਤੂਆਂ ਦਾ ਰੈਣ ਬਸੇਰਾ ਵੀ ਬਣਦੇ ਹਨ। ਡਾ. ਰਾਜਵੰਤ ਸਿੰਘ (ਯੂਐਸਏ), ਈਕੋਸਿੱਖ ਸੰਸਥਾਪਕ ਅਤੇ ਗਲੋਬਲ ਪ੍ਰਧਾਨ ਨੇ ਕਿਹਾ ਕਿ ਪਵਿੱਤਰ ਜੰਗਲ ਲਗਾਉਣ ਦੇ ਕਾਰਜ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਅਤੇ ਆਲਮੀ ਤਪਸ਼ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਇਕ ਤੋਂ ਲੈ ਕੇ 400 ਜੰਗਲ ਲਾਉਣ ਦਾ ਇਹ ਸਫਰ ਕਈ ਚੁਣੌਤੀਆਂ ਨਾਲ ਵੀ ਭਰਪੂਰ ਰਿਹਾ। ਜੰਗਲ ਬਣਾਉਣ ਦੀ ਕਲਾ ਦੇ ਮਾਹਿਰ ਅਤੇ ਅਫੋਰੈਸਟ ਸੰਸਥਾ ਦੇ ਡਾਇਰੈਕਟਰ, ਸ਼ੁਭੇਂਦੂ ਸ਼ਰਮਾ ਅਤੇ ਈਕੋਸਿੱਖ ਟੀਮ ਨੇ ਆਮ ਲੋਕਾਂ ਨੂੰ ਜੰਗਲ ਲਾਉਣ ਦੀ ਸਿਖਲਾਈ ਦੇਣ ਲਈ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਇਕ ਮੁਫਤ ਵੀਡੀਓ ਟਿਊਟੋਰੀਅਲ ਜਾਰੀ ਕੀਤਾ ਜੋ ਯੂ-ਟਿਊਬ ‘ਤੇ ਫਰੀ ਉਪਲਬਧ ਹੈ। ਇਸ ਸਿਖਲਾਈ ਰਾਹੀਂ ਭਾਰਤ, ਪੰਜਾਬ ਅਤੇ ਹੋਰਨਾਂ ਥਾਵਾਂ ‘ਤੇ ਵਸਦੇ ਲੋਕ ਜੰਗਲ ਬਣਾਉਣਾ ਸਿੱਖ ਸਕਦੇ ਹਨ। ਬੀਬੀ ਸੁਪ੍ਰੀਤ ਕੌਰ, ਪ੍ਰਧਾਨ ਈਕੋਸਿੱਖ ਇੰਡੀਆ ਨੇ ਕਿਹਾ ਕਿ ਪੰਜਾਬ ਸਮੇਤ ਭਾਰਤ ਵਿਚ ਵੱਖ-ਵੱਖ ਸੂਬਿਆਂ ਵਿਚ ਇਸ ਲਹਿਰ ਨੂੰ ਜਾਰੀ ਰੱਖਣ ਲਈ ਅਫੌਰਸਟ ਇੰਸਟੀਚਿਊਟ ਨੇ ਈਕੋਸਿੱਖ ਟੀਮ ਨੂੰ ਸਿਖਲਾਈ ਦੇਣ ਵਿਚ ਇਕ ਵੱਡੀ ਭੂਮਿਕਾ ਨਿਭਾਈ ਹੈ।
ਸਾਲ 2019 ਤੋਂ ਬਾਅਦ ਈਕੋਸਿੱਖ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਆਤਮ ਨਿਰਭਰ ਜੰਗਲਾਂ ਵਿਚ ਹਜ਼ਾਰਾਂ ਦੇਸੀ ਦਰੱਖਤ ਲਾ ਕੇ ਪੰਜਾਬ ਵਿਚ ਮਿਆਵਾਕੀ ਵਿਧੀ ਦੇ ਰੋਮਾਂਚਕ ਨਤੀਜਿਆਂ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ ਹੈ। ਸੁਪ੍ਰੀਤ ਕੌਰ ਨੇ ਕਿਹਾ ਕਿ ਇਕ ਸੰਸਥਾ ਦੇ ਰੂਪ ਵਿਚ ਅਸੀਂ ਜੰਗਲ ਲਾਉਣ ਦੀ ਕਲਾ ਨੂੰ ਸਾਰਿਆਂ ਲਈ ਕਿਫਾਇਤੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਦੇ ਤਹਿਤ ਇੰਡਸਟਰੀਅਲ ਫਾਰੈਸਟ ਦੀ ਇਕ ਨਵੀਂ ਸ਼੍ਰੇਣੀ ਸ਼ੁਰੂ ਕੀਤੀ ਹੈ ਜਿਸ ਵਿਚ ਵੱਡੇ ਉਦਯੋਗ ਅਤੇ ਕਾਰਪੋਰੇਟ ਗਰੁੱਪ ਸਸਤੀ ਕੀਮਤ ਅਤੇ ਘੱਟ ਥਾਂ ਵਿਚ ਨਿਵੇਸ਼ ਨਾਲ ਆਪਣੀ ਕਾਰਬਨ ਉਪਜ ਨੂੰ ਬੇਹੱਦ ਘੱਟ ਕਰ ਸਕਦੇ ਹਨ।
ਚਰਨ ਸਿੰਘ ਕਨਵੀਨਰ, ਗੁਰੂ ਨਾਨਕ ਪਵਿੱਤਰ ਜੰਗਲ ਪ੍ਰੋਜੈਕਟ ਨੇ ਇਸ ਸਬੰਧੀ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ 10 ਲੱਖ ਦਰੱਖਤ ਲਾਉਣ ਦਾ ਉਪਰਾਲਾ ਸਮੇਂ ਦੀ ਲੋੜ ਹੈ। ਅੱਜ ਅਸੀਂ ਇਸ ਟੀਚੇ ਲਈ ਵਚਨਬੱਧ ਹਾਂ ਕਿ ਸਾਡੀ ਟੀਮ2030 ਤੱਕ 1 ਕਰੋੜ ਦਰੱਖਤ ਲਾਏਗੀ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰੇਗੀ।
ਆਲਮੀ ਤਪਸ਼ ਨਾਲ ਲੜਨ ਦੀ ਰਣਨੀਤੀ ਸਿਰਫ ਪ੍ਰਦੂਸ਼ਣ ਵਿਚ ਕਮੀ ‘ਤੇ ਕੇਂਦਰਤ ਨਹੀਂ ਹੋਣੀ ਚਾਹੀਦੀ। ਸਾਨੂੰ ਵਾਤਾਵਰਣ ਤੋਂ ਕਾਰਬਨ ਹਟਾਉਣ ਦੀ ਜ਼ਰੂਰਤ ਹੈ। ਇਹ ਪਵਿੱਤਰ ਜੰਗਲ ਕਾਰਬਨ ਨੂੰ ਸੋਖਦੇ ਹਨ ਅਤੇ ਉਨ੍ਹਾਂ ਖੇਤਰਾਂ ਵਿਚ ਤਾਪਮਾਨ ਨੂੰ 5 ਡਿਗਰੀ ਤੱਕ ਘੱਟ ਕਰਨ ਵਿਚ ਸਾਡੀ ਵਿਆਪਕ ਮੱਦਦ ਕਰਨਗੇ।
ਮੀਆਪਾਕੀ ਵਿਧੀ ਮਾਹਰਾਂ ਦੀ ਹੈ ਪੂਰੀ ਟੀਮ : ਅੱਜ ਈਕੋਸਿੱਖ ਦੀ ਆਪਣੀ ਪਲਾਂਟ ਨਰਸਰੀ ਸੱਜਣ ਪ੍ਰਿਸਿਜ਼ਿਨ ਕਾਸਟਿੰਗਜ਼, ਸਾਹਨੇਵਾਲ ਵਿਚ ਸਥਿਤ ਹੈ ਅਤੇ ਸੰਸਥਾ ਮੀਆਵਾਕੀ ਵਿਧੀ ਰਾਹੀਂ ਜੰਗਲ ਲਾਉਣ ਵਾਲੇ ਮਾਹਿਰਾਂ ਦੀ ਇਕ ਪੂਰੀ ਟੀਮ ਹੈ। ਈਕੋਸਿੱਖ ਨੇ ਏਂਜਲਸ਼ ਵੈਲੀ ਸਕੂਲ, ਰਾਜਪੁਰਾ ਵਿਚ 11 ਹਜ਼ਾਰ ਅਤੇ ਸਾਇੰਸ ਕਾਲਜ ਜਗਰਾਉਂ ਵਿਚ ਇਕ ਏਕੜ ਜ਼ਮੀਨ ਵਿਚ 10 ਹਜ਼ਾਰ ਦਰੱਖਤ ਲਗਾ ਕੇ ਪੰਜਾਬ ਵਿਚ ਆਪਣੀ ਸਭ ਤੋਂ ਵੱਡੀ ਯੋਜਨਾ ਨੂੰ ਸਾਕਾਰ ਕੀਤਾ ਹੈ। ਪੰਜਾਬ ਦੇ ਪ੍ਰਮੁੱਖ ਉਦਯੋਗਪਤੀਆਂ, ਸੱਜ ਪ੍ਰਿਸਿਜ਼ਨ ਕਾਸਟਿੰਗ ਲੁਧਿਆਣਾ ਦੇ ਗੁਰਵਿੰਦਰਪਾਲ ਸਿੰਘ, ਟੀਕੇ ਸਟੀਲਜ਼ ਲੁਧਿਆਣਾ ਦੇ ਲੋਕੇਸ਼ ਜੈਨ, ਏਂਜਲਜ਼ ਵੈਲੀ ਸਕੂਲ ਰਾਜਪੁਰਾ ਦੇ ਸੰਦੀਪ ਮਹਿਤਾ ਅਤੇ ਇਨੋਵੇਟਿਵ ਫਾਇਨੈਂਸ਼ੀਅਲ ਮੈਨੇਜਮੈਂਟ ਚੰਡੀਗੜ੍ਹ ਦੇ ਇਕਬਾਲ ਸਿੰਘ ਨੇ ਉਦਯੋਗਪਤੀਆਂ ਦੇ ਨੈਟਵਰਕ ਦੇ ਬਾਰੇ ਵਿਚ ਆਪਣੀਆਂ ਯੋਜਨਾਵਾਂ ਨੂੰ ਸਾਂਝਾ ਕੀਤਾ। ਇਨ੍ਹਾਂ ਯੋਜਨਾਵਾਂ ਦੇ ਤਹਿਤ ਪੰਜਾਬ ਅਤੇ ਚੰਡੀਗੜ੍ਹ ‘ਚ ਆਉਣ ਵਾਲੇ ਸਾਲਾਂ ਵਿਚ 10 ਲੱਖ ਰੁੱਖ ਲਾਏ ਜਾਣਗੇ।
ਦੇਸੀ ਪ੍ਰਜਾਤੀਆਂ ਦੇ ਲਾਏ ਗਏ ਹਨ ਸਾਰੇ ਦਰੱਖਤ : ਪਵਨੀਤ ਸਿੰਘ ਹੈਡ ਆਫ ਅਪ੍ਰੇਸ਼ਨਜ਼, ਗੁਰੂ ਨਾਨਕ ਪਵਿੱਤਰ ਜੰਗਲ ਨੇ ਕਿਹਾ ਕਿ ਲਾਏ ਗਏ ਸਾਰੇ ਦਰੱਖਤ ਦੇਸੀ ਪ੍ਰਜਾਤੀਆਂ ਦੇ ਹਨ ਤੇ ਉਨ੍ਹਾਂ ਵਿਚੋਂ ਕਈ ਤਾਂ ਬੀਤੇ ਕਈ ਸਾਲਾਂ ਤੋਂ ਗਾਇਬ ਹੀ ਹੋ ਗਏ ਸਨ। ਗੁਰੂ ਨਾਨਕ ਪਵਿੱਤਰ ਜੰਗਲ ਨੇ ਪੰਜਾਬ ਦੀਆਂ 60 ਤੋਂ ਵੱਧ ਦੇਸੀ ਅਤੇ ਦੁਰਲਭ ਬੂਟਿਆਂ ਦੀਆਂ ਪ੍ਰਜਾਤੀਆਂ ਨੂੰ ਸੁਰੱਖਿਅਤ ਕੀਤਾ ਹੈ।
2009 ਵਿਚ ਹੋਈ ਈਕੋਸਿੱਖ ਦੀ ਸਥਾਪਨਾ
ਈਕੋਸਿੱਖ ਦੀ ਸਥਾਪਨਾ 2009 ਵਿਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਸਹਿਯੋਗ ਨਾਲ ਕੀਤੀ ਗਈ ਸੀ। ਹਾਲ ਹੀ ਵਿਚ ਈਕੋਸਿੱਖ ਨੇ ਪੋਪ ਵੱਲੋਂ ਸੱਦੇ ਗਏ ਵੈਟੀਕਨ ਇੰਟਰਫੇਥ ਅਤੇ ਗਲਾਸਗੋ ਸੀਓਪੀ26 ਵਿਚ ਅਗਵਾਈ ਕੀਤੀ। ਇਸ ਨੂੰ ਵਾਈਟ ਹਾਊਸ, ਸੰਯੁਕਤ ਰਾਸ਼ਟਰ ਵਲੋਂ ਸੱਦਾ ਦਿੱਤਾ ਜਾ ਚੁੱਕਾ ਹੈ ਅਤੇ ਈਕੋਸਿੱਖ ਵਰਲਡ ਇਕਨਾਮਿਕਸ ਫੋਰਮ ਨਾਲ ਵੀ ਕੰਮ ਕਰ ਰਿਹਾ ਹੈ।

RELATED ARTICLES
POPULAR POSTS