Breaking News
Home / ਹਫ਼ਤਾਵਾਰੀ ਫੇਰੀ / ਕਮਲਾ ਹੈਰਿਸ ਉਪ ਰਾਸ਼ਟਰਪਤੀ ਲਈ ਉਮੀਦਵਾਰ

ਕਮਲਾ ਹੈਰਿਸ ਉਪ ਰਾਸ਼ਟਰਪਤੀ ਲਈ ਉਮੀਦਵਾਰ

ਅਮਰੀਕੀ ਚੋਣਾਂ ਵਿਚ ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਜੋਅ ਬਿਡੇਨ ਨੇ ਕੀਤਾ ਐਲਾਨ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਗਾਮੀ ਰਾਸ਼ਟਰਪਤੀ ਚੋਣ ਵਿੱਚ ਅਮਰੀਕੀ ਸਦਰ ਡੋਨਲਡ ਟਰੰਪ ਨੂੰ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਵਜੋਂ ਟੱਕਰ ਦੇਣ ਵਾਲੇ ਜੋਅ ਬਿਡੇਨ (77) ਨੇ ਭਾਰਤੀ ਅਮਰੀਕੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੀ ਉਮੀਦਵਾਰ ਐਲਾਨ ਦਿੱਤਾ ਹੈ। ਬਿਡੇਨ ਦੀ ਇਸ ਪੇਸ਼ਕਦਮੀ ਤੋਂ ਇਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਨਵੰਬਰ ਮਹੀਨੇ ਹੋਣ ਵਾਲੀਆਂ ਇਨ੍ਹਾਂ ਚੋਣਾਂ ਵਿੱਚ ਸਿਆਹਫਾਮ ਤੇ ਭਾਰਤੀ-ਅਮਰੀਕੀ ਵੋਟਰ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਸ ਦੌਰਾਨ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਬਿਡੇਨ ਵੱਲੋਂ ਕੀਤੀ ਇਸ ਚੋਣ ਨੂੰ ‘ਪੁਖਤਾ’ ਕਰਾਰ ਦਿੱਤਾ ਹੈ। ਓਬਾਮਾ ਨੇ ਕਿਹਾ ਕਿ ਬਿਡੇਨ ਲਈ ਆਪਣੇ ਡਿਪਟੀ ਦੀ ਚੋਣ ਕਰਨਾ ਕਾਫ਼ੀ ਔਖਾ ਫੈਸਲਾ ਸੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦ ਕੀਤੇ ਜਾਣ ‘ਤੇ ਕਿਹਾ ਕਿ ਉਹ ‘ਉਸ ਦੀ ਚੋਣ ਤੋਂ ਥੋੜ੍ਹੇ ਹੈਰਾਨ ਹਨ।’
ਟਰੰਪ ਦੇ ਡਿਪਟੀ ਮਾਈਕ ਪੈਂਸ ਨੇ ਕਿਹਾ, ‘ਮੈਂ ਇਸ ਦੌੜ ਵਿੱਚ ਉਸ (ਹੈਰਿਸ) ਨੂੰ ਜੀ ਆਇਆਂ ਆਖਦਾ ਹਾਂ।’ ਟਰੰਪ ਦੇ ਪ੍ਰਬੰਧਕਾਂ ਨੇ ਕਿਹਾ ਕਿ ਕਮਲਾ ਹੈਰਿਸ ਦੀ ਚੋਣ ਤੋਂ ਸਾਫ਼ ਹੈ ਕਿ ਬਿਡੇਨ ‘ਇਕ ਖਾਲੀ ਭਾਂਡਾ ਹੈ ਜੋ ਖੱਬੇ ਪੱਖੀ ਗਰਮਦਲੀਆਂ ਖਿਲਾਫ਼ ਸਿਖਰਲੇ ਏਜੰਡੇ ਨਾਲ ਭਰਿਆ ਹੋਇਆ ਹੈ।’ ਬਿਡੇਨ ਨੇ 55 ਸਾਲਾ ਵਕੀਲ ਤੇ ਕੈਲੀਫੋਰਨੀਆ ਤੋਂ ਡੈਮੋਕਰੈਟਿਕ ਪਾਰਟੀ ਦੀ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਵਜੋਂ ਉਮੀਦਵਾਰ ਐਲਾਨ ਕੇ ਇਤਿਹਾਸ ਸਿਰਜ ਦਿੱਤਾ ਹੈ। ਹੈਰਿਸ ਪਹਿਲੀ ਸਿਆਹਫਾਮ ਔਰਤ ਹੋਵੇਗੀ, ਜੋ ਕਿਸੇ ਪ੍ਰਮੁੱਖ ਪਾਰਟੀ ਦੀ ਟਿਕਟ ‘ਤੇ ਇਹ ਚੋਣ ਲੜੇਗੀ। ਹੈਰਿਸ ਦੇ ਪਿਤਾ ਜਮਾਇਕਾ ਤੋਂ ਜਦੋਂਕਿ ਮਾਂ ਭਾਰਤੀ ਹੈ। ਹੈਰਿਸ ਮੌਜੂਦਾ ਸਮੇਂ ਕੈਲੀਫੋਰਨੀਆ ਤੋਂ ਪਾਰਟੀ ਦੀ ਸੈਨੇਟਰ ਹੈ। ਉਂਜ ਇਹ ਐਲਾਨ ਅਜਿਹੇ ਮੌਕੇ ਹੋਇਆ ਹੈ ਜਦੋਂ ਅਗਲੇ ਹਫ਼ਤੇ ਡੈਮੋਕਰੇਟਾਂ ਦੀ ਵਰਚੁਅਲ ਕੌਮੀ ਕਨਵੈਨਸ਼ਨ ਹੈ, ਜਿਸ ਵਿੱਚ ਬਿਡੇਨ ਨੂੰ 3 ਨਵੰਬਰ ਦੀਆਂ ਰਾਸ਼ਟਰਪਤੀ ਚੋਣਾਂ ਲਈ ਰਸਮੀ ਤੌਰ ‘ਤੇ ਨਾਮਜ਼ਦ ਕੀਤਾ ਜਾਵੇਗਾ। ਬਿਡੇਨ ਨੇ ਇਕ ਸੁਨੇਹੇ ਵਿਚ ਕਿਹਾ, ‘ਮੈਂ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੀ ਉਮੀਦਵਾਰ ਵਜੋਂ ਚੁਣਿਆ ਹੈ। ਅਸੀਂ ਤੁਹਾਡੇ ਨਾਲ ਮਿਲ ਕੇ ਟਰੰਪ ਨੂੰ ਚੁਣੌਤੀ ਦੇਵਾਂਗੇ। ਟੀਮ ਵਿੱਚ ਉਸ ਨੂੰ ਜੀ ਆਇਆਂ ਆਖਣ ਲਈ ਆਪਣਾ ਨਾਮ ਦਰਜ ਕਰੋ।’ ਬਿਡੇਨ ਨੇ ਕਿਹਾ ਕਿ ਦੇਸ਼ ਨੂੰ ਮੁੜ ਲੀਹਾਂ ‘ਤੇ ਲਿਆਉਣ ਵਿੱਚ ਹੈਰਿਸ ਉਸ ਲਈ ਸਭ ਤੋਂ ਬਿਹਤਰ ਭਾਈਵਾਲ ਹੋਵੇਗੀ। ਉਧਰ ਹੈਰਿਸ ਨੇ ਇਕ ਟਵੀਟ ਵਿਚ ਕਿਹਾ ਕਿ ਉਹ ਆਪਣੀ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦ ਕੀਤੇ ਜਾਣ ਕਰਕੇ ਮਾਣ ਮਹਿਸੂਸ ਕਰ ਰਹੀ ਹੈ। ਹੈਰਿਸ ਨੇ ਕਿਹਾ ਕਿ ਉਹ ਬਿਡੇਨ ਨੂੰ ਸਾਡਾ ਕਮਾਂਡਰ ਇਨ ਚੀਫ਼ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।
ਭਾਰਤੀ-ਅਮਰੀਕੀ ਭਾਈਚਾਰਾ ਬਾਗ਼ੋ-ਬਾਗ਼
ਵਾਸ਼ਿੰਗਟਨ: ਅਮਰੀਕਾ ਦੇ ਮੋਹਰੀ ਭਾਰਤੀ-ਅਮਰੀਕੀ ਸਮੂਹਾਂ ਨੇ ਕਮਲਾ ਹੈਰਿਸ ਦੀ ਚੋਣ ਨੂੰ ਇਤਿਹਾਸਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਰਹਿੰਦੇ ਭਾਰਤੀਆਂ ਲਈ ਇਹ ਪਲ ਗੌਰਵ ਤੇ ਜਸ਼ਨ ਮਨਾਉਣ ਦੇ ਹਨ। ਕਾਬਿਲੇਗੌਰ ਹੈ ਕਿ ਅਮਰੀਕਾ ਵਿੱਚ 13 ਲੱਖ ਦੇ ਕਰੀਬ ਭਾਰਤੀ-ਅਮਰੀਕੀ ਹਨ। ਇਨ੍ਹਾਂ ਵਿੱਚੋਂ 2 ਲੱਖ ਪੈਨਸਿਲਵੇਨੀਆ ਤੇ ਸਵਾ ਲੱਖ ਮਿਸ਼ੀਗਨ ਵਿੱਚ ਹਨ ਤੇ ਵ੍ਹਾਈਟ ਹਾਊਸ ਤੱਕ ਦੇ ਸਫ਼ਰ ਲਈ ਦੋਵਾਂ ਸੂਬਿਆਂ ਵਿਚ ਜਿੱਤ ਜ਼ਰੂਰੀ ਹੈ।

Check Also

ਇਕੋ ਦਿਨ ਜਲੰਧਰ ‘ਚੋਂ ਉਡ ਗਈਆਂ ‘ਆਪ’ ਦੀਆਂ ਦੋ ਤਿਤਲੀਆਂ

ਚੰਦ ਦਿਨਾਂ ‘ਚ ਚੁਣੇ ਹੋਏ ਤਿੰਨ ਸੰਸਦ ਮੈਂਬਰਾਂ ਨੇ ਦਲ ਬਦਲ ਕੇ ਭਾਜਪਾ ‘ਚ ਕੀਤੀ …