Breaking News
Home / ਹਫ਼ਤਾਵਾਰੀ ਫੇਰੀ / ‘ਫਸਟ ਲੇਡੀ’ ਅਖਵਾਉਣ ਲਈ ਭਿੜੀਆਂ ਟਰੰਪ ਦੀਆਂ ਦੋਵੇਂ ਤੀਵੀਆਂ

‘ਫਸਟ ਲੇਡੀ’ ਅਖਵਾਉਣ ਲਈ ਭਿੜੀਆਂ ਟਰੰਪ ਦੀਆਂ ਦੋਵੇਂ ਤੀਵੀਆਂ

ਇਵਾਨਾ ਦਾ ਡੋਨਾਲਡ ਟਰੰਪ ਨਾਲ 1992 ‘ਚ ਤਲਾਕ ਹੋਣ ਤੋਂ ਬਾਅਦ ਮੌਜੂਦਾ ਪਤਨੀ ਮੇਲਾਨੀਆ ਨੂੰ ਦੁਨੀਆ ਮੰਨਦੀ ਹੈ ‘ਫਸਟ ਲੇਡੀ’
ਵਾਸ਼ਿੰਗਟਨ : ਦੁਨੀਆ ਮੇਲਾਨੀਆ ਟਰੰਪ ਨੂੰ ਅਮਰੀਕੀ ਦੀ ਫਸਟ ਲੇਡੀ ਦੇ ਤੌਰ ‘ਤੇ ਜਾਣਦੀ ਹੈ, ਪਰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਪਤਨੀ ਦਾ ਮੰਨਣਾ ਹੈ ਕਿ ਉਹ ਹੀ ਫਸਟ ਲੇਡੀ ਹਨ। ਹਾਲਾਂਕਿ, ਹੁਣ ਮੇਲਾਨੀਆ ਨੇ ਕਿਹਾ ਹੈ ਕਿ ਟਰੰਪ ਦੀ ਪਹਿਲੀ ਪਤਨੀ ਅਜਿਹੇ ਬਿਆਨ ਦੇ ਕੇ ਸਿਰਫ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦੀ ਹੈ। 68 ਸਾਲ ਦੀ ਇਵਾਨਾ ਟਰੰਪ, ਪੇਸ਼ੇ ਤੋਂ ਮਾਡਲ ਤੇ ਬਿਜਨਸ ਵੂਮਨ ਹੈ। ਸਾਲ 1977 ਵਿਚ ਉਨ੍ਹਾਂ ਡੋਨਾਲਡ ਟਰੰਪ ਨਾਲ ਵਿਆਹ ਕੀਤਾ ਸੀ, ਜੋ 1992 ਵਿਚ ਖਤਮ ਹੋ ਗਿਆ ਸੀ। ਇਵਾਨਾ ਇਕ ਟੀਵੀ ਸ਼ੋਅ ਵਿਚ ਆਪਣੇ ਜੀਵਨ ‘ਤੇ ਲਿਖੀ ਕਿਤਾਬ ‘ਰੇਜ਼ਿੰਗ ਟਰੰਪ’ ਦੇ ਪ੍ਰਮੋਸ਼ਨ ਲਈ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਮਜ਼ਾਕੀਆ ਅੰਦਾਜ਼ ਵਿਚ ਕਿਹਾ ਸੀ, ‘ਮੇਰੇ ਕੋਲ ਵ੍ਹਾਈਟ ਹਾਊਸ ਦਾ ਡਾਇਰੈਕਟ ਨੰਬਰ ਹੈ, ਪਰ ਮੈਂ ਸੱਚ ‘ਚ ਉਨ੍ਹਾਂ ਨੂੰ ਕਾਲ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੇਲਾਨੀਆ ਉਥੇ ਹੈ। ਮੈਂ ਨਹੀਂ ਚਾਹੁੰਦੀ ਕਿ ਮੇਲਾਨੀਆ ਕਿਸੇ ਵੀ ਤਰ੍ਹਾਂ ਦੀ ਜਲਣ ਮਹਿਸੂਸ ਕਰੇ, ਕਿਉਂਕਿ ਬੁਨਿਆਦੀ ਤੌਰ ‘ਤੇ ਮੈਂ ਟਰੰਪ ਦੀ ਪਹਿਲੀ ਪਤਨੀ ਹਾਂ।’ ਪਰ ਟਰੰਪ ਦੀ ਤੀਜੀ ਪਤਨੀ ਤੇ ਅਮਰੀਕਾ ਦੀ ਮੌਜੂਦਾ ਫਸਟ ਲੇਡੀ ਮੇਲਾਨੀਆ ਟਰੰਪ ਨੂੰ ਇਹ ਮਜ਼ਾਕ ਪਸੰਦ ਨਹੀਂ ਆਇਆ। ਮੇਲਾਨੀਆ ਦੀ ਬੁਲਾਰਨ ਸਟੈਫਨੀ ਗ੍ਰਿਸ਼ਮ ਨੇ ਕਿਹਾ ਕਿ ਉਨ੍ਹਾਂ ਨੂੰ ਹੀ ਅਮਰੀਕਾ ਦੀ ਫਸਟ ਲੇਡੀ ਹੋਣ ਦਾ ਦਰਜਾ ਮਿਲਿਆ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਟਰੰਪ ਦੀ ਸਾਬਕਾ ਪਤਨੀ ਦੇ ਬਿਆਨ ‘ਚ ਕੋਈ ਦਮ ਨਹੀਂ ਹੈ ਤੇ ਇਹ ਸਿਰਫ ਲੋਕਾਂ ਦਾ ਧਿਆਨ ਖਿੱਚਣ ਲਈ ਕਿਹਾ ਗਿਆ ਹੈ। ਇਵਾਂਕਾ ਟਰੰਪ ਦੀ ਮਾਂ ਤੇ ਟਰੰਪ ਦੀ ਪਹਿਲੀ ਪਤਨੀ ਇਵਾਨਾ ਟਰੰਪ ਨੇ ਆਪਣੀ ਕਿਤਾਬ ‘ਚ ਟਰੰਪ ਦੇ ਤਿੰਨ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਦੱਸਿਆ ਹੈ। ਇਵਾਨਾ ਨੇ ਦੱਸਿਆ ਕਿ ਉਹ ਆਪਣੇ ਸਾਬਕਾ ਪਤੀ ਨਾਲ ਹਰ 14 ਦਿਨ ‘ਚ ਇਕ ਵਾਰ ਗੱਲ ਕਰਦੀ ਹੈ। ਯਾਦ ਰਹੇ ਕਿ ਟਰੰਪ ਤੋਂ ਤਲਾਕ ਦੇ ਸਮੇਂ ਇਵਾਨਾ ਨੇ ਉਨ੍ਹਾਂ ‘ਤੇ ਜਬਰ ਜਨਾਹ ਦਾ ਦੋਸ਼ ਲਗਾਇਆ ਸੀ।

 

Check Also

ਅਮਰੀਕਾ ‘ਚੋਂ ਡਿਪੋਰਟ ਕੀਤੇ ਗਏ 104 ਭਾਰਤੀ ਵਤਨ ਪਰਤੇ

ਅੰਮ੍ਰਿਤਸਰ ਪੁੱਜੇ ਭਾਰਤੀਆਂ ‘ਚ ਹਰਿਆਣਾ ਦੇ 35 ਅਤੇ ਗੁਜਰਾਤ ਦੇ 33 ਵਿਅਕਤੀ ਅੰਮ੍ਰਿਤਸਰ : ਅਮਰੀਕਾ …