* ਕਿਸਾਨਾਂ ਦਾ ਆਰੋਪ-ਹਰਿਆਣਾ ਦੇ ਸੁਰੱਖਿਆ ਬਲਾਂ ਨੇ ਪੰਜਾਬ ਦੀ ਸਰਹੱਦ ‘ਚ ਦਾਖਲ ਹੋ ਕੇ ਉਨ੍ਹਾਂ ਦੇ 25 ਵਾਹਨ ਤੋੜੇ
* ਪੁਲਿਸ ਦਾ ਆਰੋਪ ਪਥਰਾਅ ਹੋਇਆ, ਪਰਾਲੀ ‘ਚ ਮਿਰਚ ਪਾਊਡਰ ਪਾ ਕੇ ਘੇਰਿਆ, ਲਾਠੀਚਾਰਜ, ਗੰਡਾਸਿਆਂ ਦਾ ਇਸਤੇਮਾਲ
* ਸ਼ੁਭਕਰਨ ਦੀ ਮੌਤ ਦੀ ਖਬਰ ਮਿਲੀ ਤਾਂ ਕਿਸਾਨਾਂ ਨੇ ਟਾਲੀ ਕੇਂਦਰ ਨਾਲ ਵਾਰਤਾ
ਨਹੀਂ ਰਿਹਾ ‘ਸ਼ੁਭ’…SKM ਨੇ ਭਜਾਇਆ ਵੱਖਰਾ ਟਰੈਕਟਰ
ਕਿਸਾਨਾਂ ਦੇ ਦਿੱਲੀ ਕੂਚ ਦੇ ਮੱਦੇਨਜ਼ਰ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਬੁੱਧਵਾਰ ਨੂੰ ਪੂਰਾ ਦਿਨ ਤਣਾਅ ਵਾਲਾ ਮਾਹੌਲ ਬਣਿਆ ਰਿਹਾ। ਕਿਸਾਨਾਂ ਨੇ ਸ਼ੰਭੂ ਬਾਰਡਰ ‘ਤੇ ਹਰਿਆਣਾ ਦੀ ਪੁਲਿਸ ਵਲੋਂ ਲਗਾਏ ਗਏ ਬੈਰੀਕੇਡਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਸੁੱਟੇ ਅਤੇ ਰਬੜ ਦੀਆਂ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ 35 ਤੋਂ ਜ਼ਿਆਦਾ ਕਿਸਾਨ ਅਤੇ 12 ਪੁਲਿਸ ਕਰਮੀ ਜ਼ਖ਼ਮੀ ਹੋਏ। ਖਨੌਰੀ ਬਾਰਡਰ ‘ਤੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਹੋਏ ਟਕਰਾਅ ਦੌਰਾਨ 21 ਸਾਲਾਂ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਜਾਨ ਚਲੇ ਗਈ। ਸ਼ੁਭਕਰਨ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਇਸ ਪਰਿਵਾਰ ਦੇ ਸਿਰ 18 ਲੱਖ ਰੁਪਏ ਦਾ ਕਰਜ਼ਾ ਹੈ। ਇਸ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦਿੱਲੀ ਕੂਚ ਦੇ ਫੈਸਲੇ ਨੂੰ ਦੋ ਦਿਨ ਲਈ ਟਾਲ ਦਿੱਤਾ ਸੀ। ਕਿਸਾਨ ਆਗੂਆਂ ਦਾ ਆਰੋਪ ਹੈ ਕਿ ਹਰਿਆਣਾ ਪੁਲਿਸ ਨੇ ਅਸਲੀ ਗੋਲੀ ਚਲਾਈ ਅਤੇ ਸ਼ੁਭਕਰਨ ਦੀ ਮੌਤ ਸਿਰ ਵਿਚ ਗੋਲੀ ਲੱਗਣ ਕਰਕੇ ਹੋਈ ਹੈ। ਕਿਸਾਨਾਂ ਆਗੂਆਂ ਨੇ ਕਿਹਾ ਕਿ ਕਿਹੜੀ ਗੋਲੀ ਨਾਲ ਸ਼ੁਭਕਰਨ ਦੀ ਜਾਨ ਗਈ ਹੈ, ਉਸਦੀ ਜਾਂਚ ਹੋਣੀ ਚਾਹੀਦੀ ਹੈ। ਕਿਸਾਨਾਂ ਨੇ ਇਹ ਆਰੋਪ ਵੀ ਲਗਾਇਆ ਕਿ ਹਰਿਆਣਾ ਦੇ ਸੁਰੱਖਿਆ ਬਲਾਂ ਨੇ ਪੰਜਾਬ ਦੀ ਸਰਹੱਦ ਵਿਚ ਦਾਖਲ ਹੋ ਕੇ ਉਨ੍ਹਾਂ ਦੇ 25 ਵਾਹਨ ਤੋੜ ਦਿੱਤੇ। ਉਧਰ ਦੂਜੇ ਪਾਸੇ ਹਰਿਆਣਾ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਦੇ 12 ਜਵਾਨ ਜ਼ਖ਼ਮੀ ਹੋਏ ਹਨ। ਪੁਲਿਸ ਅਨੁਸਾਰ, ਖਨੌਰੀ ਵਿਚ ਪ੍ਰਦਰਸ਼ਨਕਾਰੀਆਂ ਨੇ ਮਿਰਚ ਪਾਊਡਰ ਪਾ ਕੇ ਪਰਾਲੀ ਜਲਾਈ। ਕਿਸਾਨਾਂ ਵਾਲੇ ਪਾਸਿਓਂ ਪਥਰਾਅ ਦੇ ਨਾਲ ਲਾਠੀਆਂ, ਗੰਡਾਸਿਆਂ ਦਾ ਇਸਤੇਮਾਲ ਵੀ ਕੀਤਾ ਗਿਆ।