Breaking News
Home / ਹਫ਼ਤਾਵਾਰੀ ਫੇਰੀ / ਚੋਣ ਕਮਿਸ਼ਨ ਵਲੋਂ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਿਮ ਸੂਚੀ ਜਾਰੀ, 5 ਲੱਖ 38 ਹਜ਼ਾਰ 715 ਨੌਜਵਾਨ ਬਣੇ ਪਹਿਲੀ ਵਾਰ ਵੋਟਰ

ਚੋਣ ਕਮਿਸ਼ਨ ਵਲੋਂ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਿਮ ਸੂਚੀ ਜਾਰੀ, 5 ਲੱਖ 38 ਹਜ਼ਾਰ 715 ਨੌਜਵਾਨ ਬਣੇ ਪਹਿਲੀ ਵਾਰ ਵੋਟਰ

ਪੰਜਾਬ ‘ਚ 2 ਕਰੋੜ 14 ਲੱਖ ਵੋਟਰ ਚੁਣਨਗੇ 13 ਲੋਕ ਸਭਾ ਮੈਂਬਰਚੰਡੀਗੜ੍ਹ/ਬਿਊਰੋ ਨਿਊਜ਼ : 1 ਜੂਨ ਨੂੰ ਹੋਣ ਵਾਲੀਆਂ ਚੋਣਾਂ ਲਈ ਪੰਜਾਬ ਦੇ 2 ਕਰੋੜ 14 ਲੱਖ 61 ਹਜ਼ਾਰ 739 (2,14,61,739) ਵੋਟਰ ਸੂਬੇ ਦੇ 13 ਲੋਕ ਸਭਾ ਮੈਂਬਰ ਚੁਣਨਗੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਨੇ ਵੋਟਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ। ਪਟਿਆਲਾ ਲੋਕ ਸਭਾ ਹਲਕਾ ਵੋਟਰਾਂ ਦੀ ਗਿਣਤੀ ਪੱਖੋਂ ਪਹਿਲੇ ਨੰਬਰ ‘ਤੇ ਹੈ। ਪਟਿਆਲਾ ਵਿਚ ਕੁੱਲ 18 ਲੱਖ 6 ਹਜ਼ਾਰ 424 ਵੋਟਰ ਹਨ, ਜਿਨ੍ਹਾਂ ਵਿਚ 9 ਲੱਖ 44 ਹਜ਼ਾਰ 300 ਮਰਦ ਵੋਟਰ, 8 ਲੱਖ 62 ਹਜ਼ਾਰ 44 ਮਹਿਲਾ ਵੋਟਰ ਅਤੇ 80 ਟਰਾਂਸਜ਼ੈਂਡਰ ਵੋਟਰ ਹਨ।ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਨੇ ਦੱਸਿਆ ਕਿ 4 ਮਈ ਨਵੀਆਂ ਵੋਟਾਂ ਬਣਾਉਣ ਦੀ ਅੰਤਿਮ ਤਾਰੀਖ ਸੀ। ਜਾਰੀ ਕੀਤੀ ਵੋਟਰ ਸੂਚੀ ਅਨੁਸਾਰ ਪੰਜਾਬ ਵਿਚ ਕੁੱਲ ਵੋਟਰਾਂ ਦੀ ਗਿਣਤੀ 2 ਕਰੋੜ 14 ਲੱਖ 62 ਹਜ਼ਾਰ 739 (2,14,61,739) ਹੈ। ਇਸ ਵਿਚ 1 ਕਰੋੜ 12 ਲੱਖ 86 ਹਜ਼ਾਰ 726 (1,12,86,726) ਮਰਦ ਅਤੇ 1 ਕਰੋੜ 1 ਲੱਖ 74 ਹਜ਼ਾਰ 240 (1,01,74,240) ਔਰਤ ਵੋਟਰ ਹਨ। ਜਦਕਿ 773 ਤੀਸਰਾ ਲਿੰਗ ਵੋਟਰ ਹਨ। ਸੂਬੇ ਵਿਚ 5 ਲੱਖ 38 ਹਜ਼ਾਰ 715 ਵੋਟਰ (18-19 ਸਾਲ) ਪਹਿਲੀ ਵਾਰ ਵੋਟ ਪਾਉਣਗੇ। ਇਸੇ ਤਰ੍ਹਾਂ 1 ਲੱਖ 89 ਹਜ਼ਾਰ 855 ਵੋਟਰ 85 ਸਾਲ ਤੋਂ ਜ਼ਿਆਦਾ ਉਮਰ ਦੇ ਹਨ। ਦਿਵਿਆਂਗ ਵੋਟਰਾਂ ਦੀ ਗਿਣਤੀ 1 ਲੱਖ 58 ਹਜ਼ਾਰ 718 ਹੈ। ਸਿਬਿਨ ਸੀ. ਨੇ ਦੱਸਿਆ ਕਿ 13 ਲੋਕ ਸਭਾ ਸੀਟਾਂ ਲਈ ਕੁੱਲ 24,451 ਪੋਲਿੰਗ ਸਟੇਸ਼ਨ ਹੋਣਗੇ, ਜਿਨ੍ਹਾਂ ਵਿਚੋਂ 16,517 ਪਿੰਡਾਂ ਵਿਚ ਅਤੇ 7,934 ਸ਼ਹਿਰਾਂ ਵਿਚ ਬਣਾਏ ਗਏ ਹਨ। ਪੰਜਾਬ ਵਿਚ 100 ਫੀਸਦੀ ਫੋਟੋ ਪਛਾਣ ਪੱਤਰ ਬਣਾਏ ਗਏ ਹਨ।
ਪੋਲਿੰਗ ਸਟੇਸ਼ਨਾਂ ਦੀ ਗਿਣਤੀ : ਸਿਬਿਨ ਸੀ. ਨੇ ਦੱਸਿਆ ਕਿ 13 ਲੋਕ ਸਭਾ ਸੀਟਾਂ ਲਈ ਕੁੱਲ 24,451 ਪੋਲਿੰਗ ਸਟੇਸ਼ਨ ਹੋਣਗੇ। ਗੁਰਦਾਸਪੁਰ ਵਿਚ 1895,ਅੰਮ੍ਰਿਤਸਰ 1684, ਖਡੂਰ ਸਾਹਿਬ 1974, ਜਲੰਧਰ 1951, ਹੁਸ਼ਿਆਰਪੁਰ 1963, ਅਨੰਦਪੁਰ ਸਾਹਿਬ 2068, ਲੁਧਿਆਣਾ 1843, ਸ੍ਰੀ ਫਤਿਹਗੜ੍ਹ ਸਾਹਿਬ 1821, ਫਰੀਦਕੋਟ 1688, ਫਿਰੋਜ਼ਪੁਰ 1903, ਬਠਿੰਡਾ 1814, ਸੰਗਰੂਰ 1765 ਅਤੇ ਪਟਿਆਲਾ ਵਿਚ 2082 ਪੋਲਿੰਗ ਸਟੇਸ਼ਨ ਬਣਾਏ ਜਾਣਗੇ।
ਪੰਜਾਬ ‘ਚ ਚੋਣਾਂ ਦੌਰਾਨ ਕੇਂਦਰੀ ਸੁਰੱਖਿਆ ਬਲਾਂ ਦੀਆਂ ਹੋਰ 250 ਕੰਪਨੀਆਂ ਹੋਣਗੀਆਂ ਤਾਇਨਾਤ
ਅੰਮ੍ਰਿਤਸਰ : ਪੰਜਾਬ ਵਿਚ ਚੋਣ ਪ੍ਰਕਿਰਿਆ ਅਮਨ ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਪੰਜਾਬ ਪੁਲਿਸ ਦੇ ਜਵਾਨਾਂ ਦੇ ਨਾਲ-ਨਾਲ ਅਰਧ ਸੈਨਿਕ ਬਲਾਂ ਦੀਆਂ 250 ਕੰਪਨੀਆਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਆਮ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਕੀਤੀ ਜਾ ਸਕੇ। ਸੂਬੇ ਵਿਚ ਕੇਂਦਰੀ ਬਲਾਂ ਦੀਆਂ 25 ਕੰਪਨੀਆਂ ਪਹਿਲਾਂ ਹੀ ਤਾਇਨਾਤ ਕੀਤੀਆਂ ਜਾ ਚੁੱਕੀਆਂ ਹਨ। ਇਹ ਜਾਣਕਾਰੀ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਅੰਮ੍ਰਿਤਸਰ ‘ਚ ਦਿੱਤੀ ਹੈ।
ਸ਼ੁਕਲਾ ਨੇ ਦੱਸਿਆ ਕਿ ਸੂਬੇ ਵਿਚ 14 ਹਜ਼ਾਰ 547 ਥਾਵਾਂ ‘ਤੇ ਵੋਟਾਂ ਪੈਣਗੀਆਂ, ਜਿਨ੍ਹਾਂ ਵਿਚੋਂ 3 ਹਜ਼ਾਰ ਦੇ ਕਰੀਬ ਥਾਵਾਂ ਸੰਵੇਦਨਸ਼ੀਲ ਮੰਨੀਆਂ ਗਈਆਂ ਹਨ, ਜਿੱਥੇ ਸੁਰੱਖਿਆ ਦੇ ਇੰਤਜ਼ਾਮ ਸਖਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ ਵੀ ਮੁਹਿੰਮ ਤੇਜ਼ ਕੀਤੀ ਗਈ ਹੈ। ਸ਼ੁਕਲਾ ਨੇ ਦੱਸਿਆ ਕਿ ਪੰਜਾਬ ਪੁਲਿਸ ਦਾ ਹਮੇਸ਼ਾ ਇਹ ਦ੍ਰਿੜ੍ਹ ਇਰਾਦਾ ਰਿਹਾ ਹੈ ਕਿ ਆਦਰਸ਼ ਚੋਣ ਜ਼ਾਬਤੇ ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਤੇ ਸਾਰੀਆਂ ਧਿਰਾਂ ਲਈ ਅਮਨ ਅਤੇ ਸੁਰੱਖਿਆ ਦਾ ਮਾਹੌਲ ਮੁਹੱਈਆ ਕਰਵਾਇਆ ਜਾਵੇ। ਇਸ ਮੌਕੇ ਡੀਆਈਜੀ ਰਾਕੇਸ਼ ਕੌਸ਼ਲ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਪੁਲਿਸ ਦੇ ਕਈ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

 

 

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …