Breaking News
Home / ਹਫ਼ਤਾਵਾਰੀ ਫੇਰੀ / ਵ੍ਹਾਈਟ ਹਾਊਸ ਵਿਚ ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ’ ਗੀਤ ਗੂੰਜਿਆ

ਵ੍ਹਾਈਟ ਹਾਊਸ ਵਿਚ ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ’ ਗੀਤ ਗੂੰਜਿਆ

ਵਾਸ਼ਿੰਗਟਨ/ਬਿਊਰੋ ਨਿਊਜ਼ : ਵ੍ਹਾਈਟ ਹਾਊਸ ਦੇ ਮੈਰੀਨ ਬੈਂਡ ਨੇ ਲੰਘੇ ਸੋਮਵਾਰ ਨੂੰ ਇੱਥੇ ਏਸ਼ਿਆਈ ਅਮਰੀਕੀਆਂ ਦੇ ਸਨਮੁੱਖ ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ’ ਗੀਤ ਦੀ ਧੁਨ ਪੇਸ਼ ਕੀਤੀ। ਏਸ਼ਿਆਈ ਅਮਰੀਕੀ ਲੋਕ ਇੱਥੇ ਵ੍ਹਾਈਟ ਹਾਊਸ ‘ਚ ਏਸ਼ੀਅਨ ਅਮੈਰਿਕਨ ਨੇਟਿਵ ਐਂਡ ਪੈਸੀਫਿਕ ਆਈਲੈਂਡ (ਏਏਐੱਨਐੱਚਪੀਆਈ) ਵਿਰਾਸਤ ਮਹੀਨੇ ਦਾ ਜਸ਼ਨ ਮਨਾਉਣ ਲਈ ਇੱਕ ਸਵਾਗਤੀ ਸਮਾਗਮ ‘ਚ ਰਾਸ਼ਟਰਪਤੀ ਜੋਅ ਬਾਇਡਨ ਅਤੇ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਇਕੱਠੇ ਹੋਏ ਸਨ।
ਰਾਸ਼ਟਰਪਤੀ ਵੱਲੋਂ ਇਸ ਸਾਲਾਨਾ ਸਮਾਗਮ ਲਈ ਭਾਰਤੀ ਅਮਰੀਕੀਆਂ ਨੂੰ ਸੱਦਾ ਦਿੱਤਾ ਗਿਆ ਸੀ। ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੌਰਾਨ ਮੁਹੰਮਦ ਇਕਬਾਲ ਵੱਲੋਂ ਲਿਖੇ ਦੇਸ਼ ਭਗਤੀ ਦੇ ਜਜ਼ਬੇ ਨਾਲ ਲਬਰੇਜ਼ ਗੀਤ ਦੀ ਧੁਨ ਭਾਰਤੀ ਅਮਰੀਕੀਆਂ ਦੀ ਅਪੀਲ ‘ਤੇ ਮੈਰੀਨ ਬੈਂਡ ਨੇ ਦੋ ਵਾਰ ਪੇਸ਼ ਕੀਤੀ।
ਭਾਰਤੀ ਅਮਰੀਕੀ ਭਾਈਚਾਰੇ ਦੇ ਨੇਤਾ ਅਜੈ ਜੈਨ ਭੁਤੋਰੀਆ ਨੇ ਸਮਾਗਮ ਮਗਰੋਂ ਕਿਹਾ, ”ਵ੍ਹਾਈਟ ਹਾਊਸ ਦੇ ਏਏਐੱਨਐੱਚਪੀਆਈ ਵਿਰਾਸਤ ਮਹੀਨੇ ਦੇ ਸਬੰਧ ‘ਚ ਰੋਜ਼ ਗਾਰਡਨ ‘ਚ ਕਰਵਾਇਆ ਗਿਆ ਇਹ ਪ੍ਰੋਗਰਾਮ ਬਹੁਤ ਸ਼ਾਨਦਾਰ ਸੀ। ਸਭ ਤੋਂ ਵਧੀਆ ਗੱਲ ਇਹ ਸੀ ਕਿ ਜਿਵੇਂ ਹੀ ਮੈਂ ਵ੍ਹਾਈਟ ਹਾਊਸ ‘ਚ ਗਿਆ ਤਾਂ ਸੰਗੀਤਕਾਰਾਂ ਨੇ ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ’ ਗੀਤ ਦੀ ਧੁਨ ਪੇਸ਼ ਕਰਕੇ ਮੇਰਾ ਸਵਾਗਤ ਕੀਤਾ।” ਪਿਛਲੇ ਸਾਲ 23 ਜੂਨ ਤੋਂ ਬਾਅਦ ਹੁਣ ਵ੍ਹਾਈਟ ਹਾਊਸ ‘ਚ ਦੂਜੀ ਵਾਰ ਭਾਰਤ ਦਾ ਹਰਮਨਪਿਆਰਾ ਦੇਸ਼ ਭਗਤੀ ਵਾਲਾ ਗੀਤ ਪੇਸ਼ ਗਿਆ ਹੈ।
ਕੈਲੀਫੋਰਨੀਆ ‘ਚ ਰਹਿੰਦੇ ਭੁਤੋਰੀਆ ਨੇ ਕਿਹਾ, ‘ਮੈਨੂੰ ਬਹੁਤ ਵਧੀਆ ਲੱਗਿਆ, ਵ੍ਹਾਈਟ ਹਾਊਸ ‘ਚ ਮੇਰੇ ਲਈ ਇਹ ਮਾਣ ਵਾਲਾ ਪਲ ਸੀ। ਮੈਂ ਉਨ੍ਹਾਂ ਨਾਲ ਗਾਉਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਨੂੰ ਇਹ ਧੁਨ ਦੁਬਾਰਾ ਪੇਸ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਮੇਰੀ ਬੇਨਤੀ ਸਵੀਕਾਰ ਕਰ ਲਈ ਤੇ ਇਹ ਧੁਨ ਦੁਬਾਰਾ ਵਜਾਈ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਸਨ ਤਾਂ ਉਨ੍ਹਾਂ ਨੇ ਇਹ ਧੁਨ ਪੇਸ਼ ਕੀਤੀ ਸੀ ਅਤੇ ਉਸ ਮਗਰੋਂ ਹੁਣ ਫਿਰ ਇਸ ਨੂੰ ਪੇਸ਼ ਕੀਤਾ ਗਿਆ। ਵ੍ਹਾਈਟ ਹਾਊਸ ‘ਚ ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ’ ਗੀਤ ਸੁਣ ਕੇ ਕਾਫ਼ੀ ਵਧੀਆ ਲੱਗਿਆ।” ਉਨ੍ਹਾਂ ਕਿਹਾ ਕਿ ਇਹ ਏਏਐੱਨਐੱਚਪੀਆਈ ਵਿਰਾਸਤ ਮਹੀਨੇ ਦੌਰਾਨ ਇਹ ਗੀਤ ਪੇਸ਼ ਕਰਨ ਕੀਤੇ ਜਾਣ ਤੋਂ ਪਤਾ ਲੱਗਦਾ ਹੈ ਕਿ ਰਾਸ਼ਟਰਪਤੀ ਬਾਇਡਨ ਤੇ ਉਨ੍ਹਾਂ ਦੀ ਟੀਮ ਵੱਲੋਂ ਭਾਰਤ-ਅਮਰੀਕਾ ਸਬੰਧਾਂ ਤੇ ਭਾਰਤੀ ਅਮਰੀਕੀਆਂ ਦਾ ਕਿੰਨਾ ਖਿਆਲ ਰੱਖਿਆ ਜਾਂਦਾ ਹੈ।
ਵ੍ਹਾਈਟ ਹਾਊਸ ‘ਚ ਪ੍ਰੋਗਰਾਮਾਂ ਮੌਕੇ ਪਰੋਸੇ ਜਾਣ ਲੱਗੇ ‘ਗੋਲਗੱਪੇ’
ਵਾਸ਼ਿੰਗਟਨ: ਵ੍ਹਾਈਟ ਹਾਊਸ ‘ਚ ਹੋਣ ਵਾਲੇ ਸਮਾਗਮਾਂ ‘ਚ ਭਾਰਤੀਆਂ ਦਾ ਪਸੰਦੀਦਾ ਸਟਰੀਟ ਫੂਡ ‘ਗੋਲਗੱਪਾ’ ਲਗਾਤਾਰ ਪਰੋਸਿਆ ਜਾ ਰਿਹਾ ਹੈ। ‘ਗੋਲਗੱਪੇ’ ਜਿਸ ਨੂੰ ਪਾਣੀਪੂਰੀ, ਪਾਣੀ-ਪਤਾਸ਼ੇ ਜਾਂ ਪੁਚਕਾ ਵੀ ਕਿਹਾ ਜਾਂਦਾ ਹੈ, ਨੂੰ ਪਿਛਲੇ ਸਾਲ ਕਈ ਮੌਕਿਆਂ ‘ਤੇ ਪਕਵਾਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ। ਸੋਮਵਾਰ ਨੂੰ ਏਏਐੱਨਐੱਚਪੀਆਈ ਵਿਰਾਸਤ ਮਹੀਨੇ ਦੇ ਸਮਾਗਮ ਮੌਕੇ ਵੀ ਮਹਿਮਾਨਾਂ ਨੂੰ ਗੋਲਗੱਪੇ ਪਰੋਸੇ ਗਏ। ਪਹਿਲਾਂ ਵ੍ਹਾਈਟ ਹਾਊਸ ਦੇ ਪ੍ਰੋਗਰਾਮਾਂ ਲਈ ਪਕਵਾਨਾਂ ਦੀ ਸੂਚੀ ‘ਚ ‘ਸਮੋਸਾ’ ਹੀ ਦੇਖਣ ਨੂੰ ਮਿਲਦਾ ਸੀ ਪਰ ਹੁਣ ਕਈ ਸਮਾਗਮਾਂ ਮੌਕੇ ‘ਗੋਲਗੱਪਾ’ ਵੀ ਸ਼ੁਮਾਰ ਹੁੰਦਾ ਹੈ। ਅਜੈ ਜੈਨ ਭੁਟੋਰੀਆ ਨੇ ਕਿਹਾ ਕਿ ਪਿਛਲੇ ਸਾਲ ਵਾਂਗ ਸਮਾਗਮ ‘ਚ ਇਸ ਵਾਰ ਵੀ ‘ਗੋਲਗੱਪੇ’ ਦਾ ਸੁਆਦ ਚੱਖਣ ਨੂੰ ਮਿਲਿਆ ਹੈ ਤੇ ਸੂਚੀ ‘ਚ ਭਾਰਤੀ ਪਕਵਾਨ ‘ਖੋਇਆ’ ਵੀ ਸ਼ਾਮਲ ਸੀ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …