ਵਿਦਿਆਰਥੀ ਵੀਜ਼ੇ ਘਟਣ ਦੀ ਸੰਭਾਵਨਾ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਤਕਨੀਕੀ ਮਾਹਿਰਾਂ, ਖਾਸ ਤੌਰ ‘ਤੇ ਕੰਪਿਊਟਰ ਤਕਨੀਕ ਦੀ ਯੋਗਤਾ ਪ੍ਰਾਪਤ ਕਾਮਿਆਂ ਦੀ ਭਾਰੀ ਕਿੱਲਤ ਦੱਸੀ ਜਾਂਦੀ ਹੈ ਅਤੇ ਇਸ ਕਿੱਲਤ ਨੂੰ ਪੂਰਾ ਕਰਨ ਵਿਚ ਭਾਰਤ ਤੋਂ ਨੌਜਵਾਨਾਂ ਦਾ ਵੱਡਾ ਯੋਗਦਾਨ ਪੈ ਰਿਹਾ ਹੈ। ਕੈਨੇਡਾ ਟੈਕ ਨੈਟਵਰਕ ਅਤੇ ਟੈਕਨਾਲੋਜੀ ਕੌਂਸਲ ਆਫ ਨਾਰਥ ਅਮਰੀਕਾ ਦੀ ਇਕ ਤਾਜ਼ਾ ਰਿਪੋਰਟ ਅਨੁਸਾਰ ਅਪ੍ਰੈਲ 2022 ਤੋਂ ਮਾਰਚ 2023 ਤੱਕ ਕੈਨੇਡਾ ਵਿਚ ਵਿਦੇਸ਼ਾਂ ਤੋਂ ਕਰੀਬ 32 ਹਜ਼ਾਰ ਤਕਨੀਕੀ ਮਾਹਿਰ ਪਹੁੰਚੇ ਹਨ, ਜਿਨ੍ਹਾਂ ਵਿਚ 15 ਹਜ਼ਾਰ ਤੋਂ ਵੱਧ ਭਾਰਤੀ ਸਨ।
ਦੂਜੇ ਨੰਬਰ ‘ਤੇ ਨਾਈਜੀਰੀਆ ਹੈ, ਜਿਥੋਂ 1808 ਤਕਨੀਕੀ ਮਾਹਿਰ ਕੈਨੇਡਾ ਗਏ। ਪਤਾ ਲੱਗਾ ਹੈ ਕਿ ਟੋਰਾਂਟੋ ਨੇੜੇ ਮਿਸੀਸਾਗਾ ਸ਼ਹਿਰ ਵਿਚ 1000 ਦੇ ਕਰੀਬ ਟੈਕ ਕੰਪਨੀਆਂ ਹਨ, ਜਿਨ੍ਹਾਂ ਵਿਚ 3 ਲੱਖ ਦੇ ਕਰੀਬ ਕਾਮਿਆਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਇਹ ਵੀ ਕਿ ਭਾਰਤ ਤੋਂ ਕੰਪਿਊਟਰੀ ਕਿੱਤਿਆਂ ਦੀ ਉਚ ਵਿੱਦਿਆ ਲੈਣ ਕੈਨੇਡਾ ਪਹੁੰਚਦੇ ਮੁੰਡੇ ਅਤੇ ਕੁੜੀਆਂ ਨੂੰ ਆਪਣੇ ਕਿੱਤੇ ਵਿਚ ਨੌਕਰੀ ਜਲਦੀ ਮਿਲ ਜਾਂਦੀ ਹੈ, ਜਿਸ ਤੋਂ ਆਮਦਨੀ ਭਰਪੂਰ ਹੋ ਜਾਂਦੀ ਅਤੇ ਕੈਨੇਡਾ ਵਿਚ ਸਥਾਪਿਤੀ ਦੇ ਕਈ ਅਸਾਨ ਰਸਤੇ ਖੁੱਲ੍ਹਦੇ ਹਨ। ਇਸ ਸਮੇਂ ਵਿਦੇਸ਼ਾਂ (ਪ੍ਰਮੁੱਖਤਾ ਨਾਲ ਭਾਰਤ, ਨਾਈਜੀਰੀਆ, ਅਮਰੀਕਾ, ਬ੍ਰਾਜ਼ੀਲ) ਤੋਂ ਬਹੁਤੇ ਤਕਨੀਕੀ ਮਾਹਿਰਾਂ ਦੀ ਆਮਦ ਉਨਟਾਰੀਓ, ਕਿਊਬਕ ਅਤੇ ਬ੍ਰਿਟਿਸ਼ ਕੋਲੰਬੀਆ ਹੈ। ਹੋਰ ਕਾਮੇ ਆਕਰਸ਼ਿਤ ਕਰਨ ਲਈ ਕੈਨੇਡਾ ਸਰਕਾਰ ਵਲੋਂ ਅਮਰੀਕਾ ਦੇ ਐਚ-1 ਬੀ ਵੀਜ਼ਾ ਧਾਰਕਾਂ ਨੂੰ ਵਰਕ ਪਰਮਿਟ ਦੇਣੇ ਵੀ ਸ਼ੁਰੂ ਕੀਤੇ ਗਏ ਹਨ। ਇਕ ਵੱਖਰੀ ਖਬਰ ਅਨੁਸਾਰ ਬੀਤੇ ਸਾਲਾਂ ਤੋਂ ਦੇਸ਼ ਅਤੇ ਵਿਦੇਸ਼ਾਂ ਤੋਂ ਲੋਕਾਂ ਦੀ ਆਮਦ ਬਹੁਤ ਵਧਾ ਲੈਣ ਦੀ ਬੇਤਰਤੀਬੀ ਕਾਰਨ ਪੈਦਾ ਹੋਏ ਘਰਾਂ ਅਤੇ ਸਸਤੀ ਰਿਹਾਇਸ਼ ਦੇ ਸੰਕਟ ਨਾਲ ਨਜਿੱਠਣ ਲਈ ਕੈਨੇਡਾ ਸਰਕਾਰ ਵਿਦਿਆਰਥੀ ਵੀਜ਼ੇ ਘੱਟ ਜਾਰੀ ਕਰਨ ਬਾਰੇ ਵਿਚਾਰ ਕਰ ਰਹੀ ਹੈ।
ਇਸਦੇ ਨਾਲ ਹੀ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਸਮੈਸਟਰਾਂ ਵਾਸਤੇ ਭਾਰਤ, ਪਾਕਿਸਤਾਨ, ਚੀਨ, ਬੰਗਲਾਦੇਸ਼, ਫਿਲਪਾਈਨ ਸਣੇ ਹੋਰ ਕਈ ਦੇਸ਼ਾਂ ਤੋਂ ਨੌਜਵਾਨਾਂ ਦਾ ਕੈਨੇਡਾ ਵਿਚ ਪਹੁੰਚਣਾ ਜਾਰੀ ਹੈ। ਕੈਨੇਡਾ ਵਿਚ ਮਹਿੰਗਾਈ ਸਿਖਰਾਂ ‘ਤੇ ਹੋਣ ਕਾਰਨ ਵਿਦੇਸ਼ੀਆਂ ਵਲੋਂ ਨਿਰਾਸ਼ ਹੋ ਕੇ ਕੈਨੇਡਾ ਤੋਂ ਵਾਪਸ ਆਪਣੇ ਵਤਨੀ ਪਰਤਣ ਦਾ ਸਿਲਸਿਲਾ ਵੀ ਬੀਤੇ ਸਾਰੇ ਸਮਿਆਂ ਨਾਲੋਂ ਇਸ ਸਮੇਂ ਤੇਜ਼ ਹੋਇਆ ਜਾਪਦਾ ਹੈ।
Check Also
ਕੈਨੇਡਾ ਧਰਤੀ ‘ਤੇ ਸਭ ਤੋਂ ਮਹਾਨ ਰਾਸ਼ਟਰ : ਮਾਰਕ ਕਾਰਨੀ
ਪੀਐਮ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਓਟਵਾ : …