Breaking News
Home / ਹਫ਼ਤਾਵਾਰੀ ਫੇਰੀ / ਭਾਰਤੀ ਸੰਸਦ ਭਵਨ ਦੀ ਸੁਰੱਖਿਆ ਫਿਰ ਸਵਾਲਾਂ ਦੇ ਘੇਰੇ ‘ਚ

ਭਾਰਤੀ ਸੰਸਦ ਭਵਨ ਦੀ ਸੁਰੱਖਿਆ ਫਿਰ ਸਵਾਲਾਂ ਦੇ ਘੇਰੇ ‘ਚ

ਨਵੀਂ ਸੰਸਦ ਦੀ ਸੁਰੱਖਿਆ ‘ਚ ਲੱਗੀ ਸੰਨ੍ਹ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੀਂ ਦਿੱਲੀ ‘ਚ ਭਾਰਤ ਦੀ ਸੰਸਦ ਉੱਤੇ 2001 ਵਿੱਚ ਹੋਏ ਦਹਿਸ਼ਤੀ ਹਮਲੇ ਦੀ ਬਰਸੀ ਮੌਕੇ 13 ਦਸੰਬਰ ਨੂੰ ਨਵੀਂ ਸੰਸਦੀ ਇਮਾਰਤ ਵਿੱਚ ਉਦੋਂ ਵੱਡੀ ਸੁਰੱਖਿਆ ਸੰਨ੍ਹ ਲੱਗ ਗਈ ਜਦੋਂ ਸਿਫ਼ਰ ਕਾਲ ਦੌਰਾਨ ਦੋ ਵਿਅਕਤੀ ਪਬਲਿਕ ਗੈਲਰੀ ਵਿਚੋਂ ਛਾਲ ਮਾਰ ਕੇ ਲੋਕ ਸਭਾ ਚੈਂਬਰ ਵਿੱਚ ਦਾਖ਼ਲ ਹੋ ਗਏ। ਸੰਸਦ ਮੈਂਬਰਾਂ ਨੇ ਹਾਲਾਂਕਿ ਦੋਵਾਂ ਨੂੰ ਕਾਬੂ ਕਰ ਲਿਆ ਪਰ ਇਸ ਤੋਂ ਪਹਿਲਾਂ ਦੋਵਾਂ ਨੇ ਛੋਟੇ ਕੈਨਿਸਟਰਾਂ ਵਿਚੋਂ ਪੀਲਾ ਧੂੰਆਂ ਛੱਡਿਆ ਤੇ ਨਾਅਰੇਬਾਜ਼ੀ ਕੀਤੀ। ਠੀਕ ਉਸੇ ਵੇਲੇ ਦੋ ਹੋਰ ਵਿਅਕਤੀਆਂ, ਜਿਨ੍ਹਾਂ ਵਿਚ ਇਕ ਮਹਿਲਾ ਵੀ ਸ਼ਾਮਲ ਸੀ, ਨੇ ਸੰਸਦ ਦੇ ਬਾਹਰ ਕੈਨਿਸਟਰਾਂ ਵਿਚੋਂ ਰੰਗਦਾਰ ਗੈਸ ਸਪਰੇਅ ਕੀਤੀ ਤੇ ‘ਤਾਨਾਸ਼ਾਹੀ ਨਹੀਂ ਚਲੇਗੀ’, ‘ਭਾਰਤ ਮਾਤਾ ਕੀ ਜੈ’ ਤੇ ‘ਜੈ ਭੀਮ ਜੈ ਭਾਰਤ’ ਦੇ ਨਾਅਰੇ ਵੀ ਲਾਏ। ਸੁਰੱਖਿਆ ਬਲਾਂ ਨੇ ਇਨ੍ਹਾਂ ਚਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਵਿਰੋਧੀ ਧਿਰਾਂ ਨੇ ਸਪੀਕਰ ਓਮ ਬਿਰਲਾ ਵੱਲੋਂ ਸੱਦੀ ਸਰਬ ਪਾਰਟੀ ਮੀਟਿੰਗ ਦੌਰਾਨ ਸੁਰੱਖਿਆ ‘ਚ ਸੰਨ੍ਹ ਦੇ ਮੁੱਦੇ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਲੋਕ ਸਭਾ ਦੀ ਘਟਨਾ ਵਿੱਚ ਸ਼ਾਮਲ ਦੋ ਵਿਅਕਤੀਆਂ ਦੀ ਪਛਾਣ ਸਾਗਰ ਸ਼ਰਮਾ ਤੇ ਮਨੋਰੰਜਨ ਵਜੋਂ ਹੋਈ ਹੈ। ਸ਼ਰਮਾ ਵਿਜ਼ਟਰ ਗੈਲਰੀ ਵਿੱਚ ਮੈਸੂਰੂ ਤੋਂ ਲੋਕ ਸਭਾ ਮੈਂਬਰ ਪ੍ਰਤਾਪ ਸਿਮ੍ਹਾ ਦੇ ਮਹਿਮਾਨ ਵਜੋਂ ਆਇਆ ਸੀ। ਘੁਸਪੈਠ ਮਗਰੋਂ ਸੰਸਦੀ ਅਹਾਤੇ ਵਿੱਚ ਵਿਜ਼ਟਰਾਂ ਦਾ ਦਾਖ਼ਲਾ ਰੋਕ ਦਿੱਤਾ ਗਿਆ। ਸਦਨ ਵਿਚ ਮੌਜੂਦ ਕਈ ਸੰਸਦ ਮੈਂਬਰਾਂ ਮੁਤਾਬਕ ਇਹ ਦੋਵੇਂ ਵਿਅਕਤੀ ਬਾਅਦ ਦੁਪਹਿਰ ਇਕ ਵਜੇ ਦੇ ਕਰੀਬ ਪਬਲਿਕ ਗੈਲਰੀ ‘ਚੋਂ ਛਾਲ ਮਾਰ ਕੇ ਲੋਕ ਸਭਾ ਚੈਂਬਰ ਵਿੱਚ ਦਾਖਲ ਹੋਏ। ਇਨ੍ਹਾਂ ਵਿਚੋਂ ਇਕ ਨੂੰ ਸਦਨ ਦੇ ਬੈਂਚ ‘ਤੇ ਛਾਲਾਂ ਮਾਰਦਿਆਂ ਜਦੋਂਕਿ ਦੂਜੇ ਨੂੰ ਉਸ ਦੇ ਪਿੱਛੇ ਪਿੱਛੇ ਗੈਲਰੀ ‘ਚੋਂ ਲਮਕਦਿਆਂ ਦੇਖਿਆ ਗਿਆ।
ਭਾਜਪਾ ਮੈਂਬਰ ਰਾਜੇਂਦਰ ਅਗਰਵਾਲ, ਜੋ ਉਸ ਮੌਕੇ ਸਦਨ ਦੀ ਕਾਰਵਾਈ ਚਲਾ ਰਹੇ ਸਨ, ਨੇ ਲੋਕ ਸਭਾ ਚੈਂਬਰ ਦਾ ਇਕ ਹਿੱਸਾ ਪੀਲੇ ਰੰਗ ਦੇ ਧੂੰਏਂ ਨਾਲ ਭਰਨ ਕਰਕੇ ਸਦਨ ਦੀ ਕਾਰਵਾਈ ਬਾਅਦ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਸੀ। ਸਦਨ ਮੁੜ ਜੁੜਿਆ ਤਾਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ, ”ਦੋ ਘੁਸਪੈਠੀਆਂ ਨੂੰ ਸੰਸਦ ਦੇ ਅੰਦਰੋਂ ਤੇ ਦੋ ਨੂੰ ਬਾਹਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦਾ ਸਾਰਾ ਸਾਮਾਨ ਜ਼ਬਤ ਕਰ ਲਿਆ ਗਿਆ ਹੈ। ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।”
ਟੀਐੱਮਸੀ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਕਿਹਾ, ”ਗ੍ਰਹਿ ਮੰਤਰੀ ਅਮਿਤ ਸ਼ਾਹ ਵੱਡੀਆਂ ਤਕਰੀਰਾਂ ਦਿੰਦੇ ਹਨ, ਪਰ ਸੰਸਦ ਦੀ ਸੁਰੱਖਿਆ ਬਰਕਰਾਰ ਨਹੀਂ ਰੱਖ ਸਕਦੇ। ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ।” ਕਾਂਗਰਸ ਆਗੂ ਗੌਰਵ ਗੋਗੋਈ ਨੇ ਐਕਸ ‘ਤੇ ਇਕ ਪੋਸਟ ਵਿਚ ਕਿਹਾ, ”ਦੋ ਨੌਜਵਾਨਾਂ ਨੂੰ ਸੰਸਦ ਦੀ ਗੈਲਰੀ ਵਿੱਚ ਗੈਸ ਕੈਨਿਸਟਰਾਂ ਵਿਚੋਂ ਪੀਲੇ ਰੰਗ ਦਾ ਧੂੰਆਂ ਕੱਢਦੇ ਦੇਖਿਆ। ਸੰਸਦ ਮੈਂਬਰਾਂ ਨੇ ਭੱਜ ਕੇ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕੀਤਾ। ਇਕ ਵਿਅਕਤੀ ਨਾਅਰੇ ਮਾਰ ਰਿਹਾ ਸੀ। ਇਸ ਘਟਨਾ ਨੇ ਨਵੀਂ ਸੰਸਦੀ ਇਮਾਰਤ ਦੀ ਸੁਰੱਖਿਆ ਨਾਲ ਜੁੜੇ ਇਕ ਹੋਰ ਪਹਿਲੂ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।” ਸੰਸਦ ਦੇ ਬਾਹਰ ਦੋ ਵਿਅਕਤੀਆਂ, ਜਿਨ੍ਹਾਂ ਵਿਚ ਇਕ ਮਹਿਲਾ ਵੀ ਸੀ, ਨੇ ਹੱਥਾਂ ਵਿੱਚ ਗੈਸ ਕੈਨਿਸਟਰ, ਜਿਸ ਵਿਚੋਂ ਰੰਗਦਾਰ ਧੂੰਆ ਨਿਕਲ ਰਿਹਾ ਸੀ, ਫੜ ਕੇ ‘ਤਾਨਾਸ਼ਾਹੀ ਨਹੀਂ ਚਲੇਗੀ’, ‘ਭਾਰਤ ਮਾਤਾ ਕੀ ਜੈ’ ਤੇ ‘ਜੈ ਭੀਮ ਜੈ ਭਾਰਤ’ ਦੇ ਨਾਅਰੇ ਲਾਏ ਸਨ। ਉਂਜ ਇਸ ਘਟਨਾ ਮਗਰੋਂ ਸੰਸਦ ਨੇੜੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਸੰਸਦ ਨੇੜਲਾ ਇਲਾਕਾ ਕਿਲੇ ‘ਚ ਤਬਦੀਲ : ਸੰਸਦ ਦੇ ਅੰਦਰ ਤੇ ਬਾਹਰ ਇਕੋ ਸਮੇਂ ਹੋਈ ਦੋਹਰੀ ਸੁਰੱਖਿਆ ਕੁਤਾਹੀ ਮਗਰੋਂ ਦਿੱਲੀ ਪੁਲਿਸ ਦੇ ਕਮਿਸ਼ਨਰ ਸੰਜੈ ਅਰੋੜਾ ਨੇ ਸੰਸਦ ਦਾ ਦੌਰਾ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ। ਘਟਨਾ ਤੋਂ ਫੌਰੀ ਮਗਰੋਂ ਪੁਲਿਸ ਤੇ ਨੀਮ ਫੌਜੀ ਬਲਾਂ ਦੀ ਤਾਇਨਾਤੀ ਨਾਲ ਸੰਸਦ ਨੇੜਲੇ ਇਲਾਕੇ ਨੂੰ ਕਿਲ੍ਹੇ ‘ਚ ਤਬਦੀਲ ਕਰ ਦਿੱਤਾ ਗਿਆ। ਅਧਿਕਾਰੀਆਂ ਮੁਤਾਬਕ ਦੋਵਾਂ ਮਾਮਲਿਆਂ ਦੀ ਜਾਂਚ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੂੰ ਸੌਂਪੀ ਗਈ ਹੈ।
ਲੋਕ ਸਭਾ ਸਕੱਤਰੇਤ ਨੇ 8 ਮੁਲਾਜ਼ਮ ਕੀਤੇ ਸਸਪੈਂਡ
ਸੰਸਦ ਭਵਨ ਦੀ ਸੁਰੱਖਿਆ ‘ਚ ਲੱਗੀ ਸੰਨ ਦੇ ਮਾਮਲੇ ‘ਚ ਲੋਕ ਸਭਾ ਸਕੱਤਰੇਤ ਨੇ ਸਖਤ ਕਦਮ ਚੁੱਕਦਿਆਂ ਇਥੋਂ ਦੇ 8 ਸੁਰੱਖਿਆ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਸਸਪੈਂਡ ਕੀਤੇ ਗਏ ਸੁਰੱਖਿਆ ਕਰਮਚਾਰੀਆਂ ‘ਚ ਰਾਮਪਾਲ, ਅਰਵਿੰਦ, ਵੀਰਦਾਸ, ਗਣੇਸ਼, ਅਨਿਲ, ਪ੍ਰਦੀਪ, ਵਿਮਿਤ ਅਤੇ ਨਰੇਂਦਰ ਸ਼ਾਮਲ ਹਨ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਾਰੇ ਆਰੋਪੀ ਸ਼ੋਸ਼ਲ ਮੀਡੀਆ ਪੇਜ ‘ਭਗਤ ਸਿੰਘ ਫੈਨ ਕਲੱਬ’ ਨਾਲ ਜੁੜੇ ਹੋਏ ਹਨ। ਇਹ ਸਾਰੇ ਆਰੋਪੀ ਲਗਭਗ ਡੇਢ ਸਾਲ ਪਹਿਲਾਂ ਮੈਸੂਰ ਵਿਚ ਮਿਲੇ ਸਨ, ਜਿਸ ਤੋਂ ਬਾਅਦ ਸਾਗਰ ਨਾਮੀ ਆਰੋਪੀ ਜੁਲਾਈ ਮਹੀਨੇ ‘ਚ ਲਖਨਊ ਤੋਂ ਦਿੱਲੀ ਆਇਆ ਸੀ ਪ੍ਰੰਤੂ ਉਹ ਸੰਸਦ ਭਵਨ ‘ਚ ਦਾਖਲ ਨਹੀਂ ਹੋ ਸਕਿਆ। ਲੰਘੀ 10 ਦਸੰਬਰ ਨੂੰ ਇਹ ਸਾਰੇ ਆਰੋਪੀ ਇਕ-ਇਕ ਕਰਕੇ ਆਪਣੇ-ਆਪਣੇ ਰਾਜਾਂ ਤੋਂ ਦਿੱਲੀ ਪਹੁੰਚੇ ਅਤੇ ਘਟਨਾ ਵਾਲੇ ਦਿਨ 13 ਦਸੰਬਰ ਨੂੰ ਇਹ ਸਾਰੇ ਆਰੋਪੀ ਇੰਡੀਆ ਗੇਟ ‘ਤੇ ਇਕੱਠੇ ਹੋਏ। ਜਿੱਥੇ ਸਾਰਿਆਂ ਨੂੰ ਪੀਲੇ ਰੰਗ ਦਾ ਸਪਰੇ ਵੰਡਿਆ ਗਿਆ। ਸੰਸਦ ਭਵਨ ਸੁਰੱਖਿਆ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ, ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਅਤੇ ਅਨੁਰਾਗ ਠਾਕਰ ਨਾਲ ਇਕ ਮੀਟਿੰਗ ਵੀ ਕੀਤੀ।

 

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …