ਲਹਿੰਦੇ ਪੰਜਾਬ ਸਣੇ ਪਾਕਿ ਦੇ ਤਿੰਨ ਸੂਬੇ ਫੌਜ ਹਵਾਲੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਫੈਲੀ ਹਿੰਸਾ ਦੇ ਚੱਲਦਿਆਂ ਪਾਕਿਸਤਾਨ ਵਿਚ ਗ੍ਰਹਿ ਯੁੱਧ ਵਰਗੇ ਹਾਲਾਤ ਬਣ ਗਏ ਹਨ। ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ -ਇਨਸਾਫ (ਪੀਟੀਆਈ) ਦੇ ਸਮਰਥਕਾਂ ਅਤੇ ਪੁਲਿਸ-ਫੌਜ ਕਰਮਚਾਰੀਆਂ ਵਿਚਾਲੇ ਝੜਪਾਂ ਵੀ ਹੋਈਆਂ। ਇਨ੍ਹਾਂ ਝੜਪਾਂ ਵਿਚ ਵੱਡੀ ਗਿਣਤੀ ਵਿਚ ਮਹਿਲਾਵਾਂ ਵੀ ਸ਼ਾਮਲ ਸਨ। ਪਾਕਿ ਵਿਚ ਹੋਈਆਂ ਹਿੰਸਕ ਘਟਨਾਵਾਂ ਵਿਚ 10 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਵੀ ਹੋਏ ਹਨ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨੀ ਪੰਜਾਬ ਵਿਚ 14 ਸਰਕਾਰੀ ਇਮਾਰਤਾਂ ਅਤੇ 21 ਪੁਲਿਸ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸੇ ਦੌਰਾਨ ਪੁਲਿਸ ਨੇ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਹਾਲਾਤ ਵਿਗੜਦੇ ਦੇਖ ਕੇ ਪਾਕਿਸਤਾਨ ਦੀ ਸਰਕਾਰ ਨੇ ਚਾਰ ਵਿਚੋਂ ਤਿੰਨ ਸੂਬਿਆਂ ਪੰਜਾਬ, ਖੈਬਰ ਖਪਤੂਨਵਾ, ਬਲੋਚਿਸਤਾਨ ਅਤੇ ਰਾਜਧਾਨੀ ਇਸਲਾਮਾਬਾਦ ਵਿਚ ਫੌਜ ਤੈਨਾ ਕਰ ਦਿੱਤੀ ਹੈ। ਦੇਸ਼ ਵਿਚ ਇੰਟਰਨੈਟ ਸੇਵਾਵਾਂ ਬੰਦ ਹਨ। ਇਸਦੇ ਚੱਲਦਿਆਂ ਪੀਟੀਆਈ ਦੇ ਵੱਡੇ ਆਗੂਆਂ ਦੀ ਗ੍ਰਿਫਤਾਰੀ ਜਾਰੀ ਹੈ। ਇਨ੍ਹਾਂ ਵਿਚ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਪੰਜਾਬ ਦੇ ਸਾਬਕਾ ਗਵਰਨਰ ਓਮਰ ਸਰਫਰਾਜ ਚੀਮਾ ਵੀ ਸ਼ਾਮਲ ਹਨ।
ਇਸੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਬੁੱਧਵਾਰ ਨੂੰ ਭਾਰੀ ਸੁਰੱਖਿਆ ਹੇਠ ਇਸਲਾਮਾਬਾਦ ਪੁਲਿਸ ਲਾਈਨਜ਼ ਵਿਖੇ ਪੇਸ਼ ਕੀਤਾ ਗਿਆ, ਜਿਸ ਨੂੰ ‘ਇਕ ਵਾਰ ਦੀ ਵਿਵਸਥਾ’ ਵਜੋਂ ਵਿਸ਼ੇਸ਼ ਅਦਾਲਤ ਦਾ ਦਰਜਾ ਦਿੱਤਾ ਗਿਆ ਹੈ। ਸੁਣਵਾਈ ਦੇ ਸ਼ੁਰੂ ‘ਚ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨ.ਏ.ਬੀ.) ਵਲੋਂ ਅਦਾਲਤ ਨੂੰ ਇਮਰਾਨ ਖ਼ਾਨ ਦੇ 14 ਦਿਨ ਦੇ ਰਿਮਾਂਡ ਦੇਣ ਦੀ ਬੇਨਤੀ ਕੀਤੀ ਗਈ ਸੀ, ਪਰ ਅਦਾਲਤ ਨੇ ਇਮਰਾਨ ਨੂੰ 8 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸਲਾਮਾਬਾਦ ਦੇ ਕਮਿਸ਼ਨਰ ਦਫ਼ਤਰ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਸਾਬਕਾ ਪ੍ਰਧਾਨ ਮੰਤਰੀ ਨੂੰ ਦੋ ਮਾਮਲਿਆਂ ‘ਚ ਉਕਤ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਗਿਆ। ਇਨ੍ਹਾਂ ‘ਚੋਂ ਇਕ ਮਾਮਲਾ ਤੋਸ਼ਾਖ਼ਾਨੇ ਨਾਲ ਸਬੰਧਿਤ ਹੈ, ਜਿਸ ‘ਚ ਇਮਰਾਨ ਖ਼ਾਨ ‘ਤੇ ਦੋਸ਼ ਤੈਅ ਹਨ ਜਦਕਿ ਦੂਜਾ ਮਾਮਲਾ ਅਲ-ਕਾਦਿਰ ਟਰੱਸਟ ਨਾਲ ਸਬੰਧਿਤ ਹੈ। ਇਨ੍ਹਾਂ ਦੋਵਾਂ ਕੇਸਾਂ ਦੀ ਸੁਣਵਾਈ ਰਾਸ਼ਟਰੀ ਜਵਾਬਦੇਹੀ ਅਦਾਲਤ ਦੇ ਜੱਜ ਦੁਆਰਾ ਕੀਤੀ ਗਈ। ਜਾਣਕਾਰੀ ਅਨੁਸਾਰ ਐਨਏਬੀ ਦੀ ਸੁਣਵਾਈ ਤੋਂ ਪਹਿਲਾਂ ਇਸਲਾਮਾਬਾਦ ਪੁਲਿਸ ਲਾਈਨਜ਼ ਦੇ ਦਫ਼ਤਰ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਅਤੇ ਨੇੜਲੀਆਂ ਸੜਕਾਂ ਨੂੰ ਕੰਟੇਨਰ ਲਗਾ ਕੇ ਬੰਦ ਕਰ ਦਿੱਤਾ ਗਿਆ। ਉਧਰ ਪੀ. ਟੀ. ਆਈ. ਦੇ ਉਪ-ਚੇਅਰਮੈਨ ਸ਼ਾਹ ਮਹਿਮੂਦ ਕੁਰੈਸ਼ੀ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਇਮਰਾਨ ਖ਼ਾਨ ਦੀ ਗ੍ਰਿਫਤਾਰੀ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦੇਵੇਗੀ।