Breaking News
Home / ਹਫ਼ਤਾਵਾਰੀ ਫੇਰੀ / ਫਾਈਲਾਂ ‘ਚ ਜ਼ਿੰਦਾ ਅਤੇ ਮੌਕੇ ‘ਤੇ ‘ਲਾਪਤਾ’ ਫਿਰੋਜ਼ਪੁਰ ਦੇ ਪਿੰਡ ਚੱਕ ਮਨੂਮਾਛੀ ਦੀ ਵਿਜੀਲੈਂਸ ਜਾਂਚ ਫਿਰ ਸ਼ੁਰੂ

ਫਾਈਲਾਂ ‘ਚ ਜ਼ਿੰਦਾ ਅਤੇ ਮੌਕੇ ‘ਤੇ ‘ਲਾਪਤਾ’ ਫਿਰੋਜ਼ਪੁਰ ਦੇ ਪਿੰਡ ਚੱਕ ਮਨੂਮਾਛੀ ਦੀ ਵਿਜੀਲੈਂਸ ਜਾਂਚ ਫਿਰ ਸ਼ੁਰੂ

1988 ਵਿਚ ਸਤਲੁਜ ‘ਚ ਸਮਾ ਗਏ ਪਿੰਡ ਚੱਕ ਮਨੂਮਾਛੀ ‘ਚ ਨਾ ਲੋਕ, ਨਾ ਘਰ, ਨਾ ਸੜਕ
ਪਰ 25 ਸਾਲ ਤੱਕ ਬਣਦੀ ਰਹੀ ਪੰਚਾਇਤ ਤੇ ਜਾਰੀ ਹੁੰਦੀਆਂ ਰਹੀਆਂ ਗ੍ਰਾਂਟਾਂ
ਫਿਰੋਜ਼ਪੁਰ : ਇਹ ਕਹਾਣੀ ਹੈ 1988 ਦੇ ਹੜ੍ਹ ਦੌਰਾਨ ਤਬਾਹ ਹੋਏ ਭ੍ਰਿਸ਼ਟਾਚਾਰ ਦੀ ਮਾਰ ਤੋਂ ਬਾਅਦ ਵਿਜੀਲੈਂਸ ਜਾਂਚ ਨਾਲ ਚਰਚਾ ਵਿਚ ਰਹੇ ਪਿੰਡ ਚੱਕ ਮਨੂਮਾਛੀ ਦੀ। ਹੜ੍ਹ ਦੇ ਡਰ ਤੋਂ ਜਾਨ ਬਚਾ ਕੇ ਭੱਜੇ 40 ਪਰਿਵਾਰਾਂ ਦੇ 250 ਤੋਂ ਜ਼ਿਆਦਾ ਵਿਅਕਤੀ ਸਤਲੁਜ ਦਰਿਆ ਦੇ ਸ਼ਾਂਤ ਹੋਣ ਤੋਂ ਬਾਅਦ ਵੀ ਪਿੰਡ ਨਹੀਂ ਪਰਤੇ। ਉਨ੍ਹਾਂ ਨੇ ਗੁਆਂਢੀ ਪਿੰਡ ਦਾਰਾਪੁਰ, ਟਿੱਬੀ ਤਾਇਬਾਂ ਰੰਗਾ ਵਿਚ ਹੀ ਘਰ ਬਣਾ ਲਏ। ਰਾਜਸੀ ਰਿਕਾਰਡ ਵਿਚ ਮੱਖੂ ਏਰੀਏ ਦਾ ਇਹ ਪਿੰਡ ਬੇਚਿਰਾਗ ਹੋ ਗਿਆ, ਪਰ ਰਿਕਾਰਡ ਵਿਚ ਇਹ ਪਿੰਡ ਨਾ ਸਿਰਫ ਆਬਾਦ ਰਿਹਾ, ਬਲਕਿ ਦੂਜੇ ਪਿੰਡ ਵਿਚ ਬੂਥ ਲਗਾ ਕੇ ਸਰਪੰਚ ਬਣਾਇਆ ਜਾਂਦਾ ਰਿਹਾ। ਗ੍ਰਾਂਟ ਵੀ ਜਾਰੀ ਹੁੰਦੀ, ਲੱਖਾਂ ਰੁਪਏ ਖਰਚ ਵੀ ਹੋਏ। ਪਰ, ਹਕੀਕਤ ਵਿਚ ਇਸ ਪਿੰਡ ਵਿਚ ਘਰ, ਸੜਕ, ਗਲੀ, ਨਾਲੀ, ਸ਼ਮਸ਼ਾਨਘਾਟ ਜਿਹੀ ਕੋਈ ਚੀਜ਼ ਨਹੀਂ ਹੈ। ਹੈ ਤਾਂ ਸਿਰਫ ਦੂਰ-ਦੂਰ ਤੱਕ ਦਰਿਆ ਅਤੇ ਕਿਨਾਰੇ ‘ਤੇ ਖੇਤ। ਨਿਰਮਾਣ ਦੇ ਨਾਮ ‘ਤੇ ਹੈ ਸਿਰਫ ਦੋ ਚੀਜ਼ਾਂ-ਹੜ੍ਹ ਤੋਂ ਬਾਅਦ ਬਣਿਆ ਗੁਰਦੁਆਰਾ ਸਾਹਿਬ ਅਤੇ ਕੱਚੀ ਪਗਡੰਡੀ। ਗ੍ਰਾਂਟ ਦੇ ਦੁਰਉਪਯੋਗ ਦੀ ਸ਼ਿਕਾਇਤ ‘ਤੇ ਵਿਜੀਲੈਂਸ ਨੇ ਜਾਂਚ ਕੀਤੀ। ਜੁਲਾਈ 2013 ਵਿਚ ਸ਼ੁਰੂ ਜਾਂਚ ਮਾਰਚ 2016 ਵਿਚ ਪੂਰੀ ਹੋਈ। ਤਦ ਵਿਜੀਲੈਂਸ ਦੇ ਇੰਸਪੈਕਟਰ ਸੁਭਾਸ਼ ਚੰਦ ਨੇ ਰਿਪੋਰਟ ‘ਚ ਪਿੰਡ ਦਾ ਨਾਮ ਚੱਕ ਮਨੂਮਾਛੀ ਦੀ ਬਜਾਏ ਮਨੂਮਾਛੀ ਅਤੇ ਦੂਜੀ ਜਗ੍ਹਾ ਚੱਕ ਮਨੂਮਾਛੀ (ਦਾਖਲੀ ਟਿੱਬੀ ਤਾਇਬਾਂ) ਲਿਖਿਆ।
ਇਸ ਰਿਪੋਰਟ ਵਿਚ ਪਿੰਡ ਦੇ ਹੋਂਦ ਵਿਚ ਹੋਣ ਅਤੇ ਵਿਕਾਸ ਕਾਰਜ ਹੋਣ ਅਤੇ ਕਿਸੇ ਪ੍ਰਕਾਰ ਦਾ ਸਰਕਾਰ ਨੂੰ ਨੁਕਸਾਨ ਨਹੀਂ ਹੋਣ ਦੀ ਗੱਲ ਲਿਖੀ ਗਈ। ਇਸ ਤੋਂ ਬਾਅਦ ਡੀਐਸਪੀ ਵਿਜੀਲੈਂਸ ਮੱਖਣ ਸਿੰਘ ਨੇ ਰਿਪੋਰਟ ਨੂੰ 31 ਅਗਸਤ 2018 ਨੂੰ ਤਸਦੀਕ ਕੀਤਾ ਅਤੇ ਮਾਮਲਾ ਠੰਡੇ ਬਸਤੇ ਵਿਚ ਚਲਾ ਗਿਆ। ਇਸ ਰਿਪੋਰਟ ‘ਤੇ ਪੰਜਾਬ ਮਜ਼ਦੂਰ ਵੈਲਵੇਅਰ ਸਭਾ ਦੇ ਪ੍ਰਧਾਨ ਬੱਗਾ ਸਿੰਘ ਨੇ ਸਵਾਲ ਉਠਾਏ। ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਵਿਜੀਲੈਂਸ ਜਾਂਚ ਵਿਚ ਚੱਕ ਮਨੂਮਾਛੀ ਪਿੰਡ ਦੀ ਗੱਲ ਨਾ ਹੋ ਕੇ ਮਨੂਮਾਛੀ ਅਤੇ ਚੱਕ ਮਨੂਮਾਛੀ (ਦਾਖਲੀ ਟਿੱਬੀ ਤਾਇਬਾਂ) ਕੀਤੀ ਗਈ ਹੈ। ਇਸ ਲਈ ਪੂਰੇ ਮਾਮਲੇ ਦੀ ਜਾਂਚ ਦੁਬਾਰਾ ਕੀਤੀ ਜਾਏ। ਪਿੰਡ ਚੱਕ ਮਨੂਮਾਛੀ 1988 ਤੋਂ ਬਾਅਦ ਰਿਹਾ ਹੀ ਨਹੀਂ ਤਾਂ ਉਸਦੀ ਪੰਚਾਇਤ ਕਿਸ ਤਰ੍ਹਾਂ ਬਣੀ ਅਤੇ ਗਰਾਂਟਾਂ ਕਿਸ ਤਰ੍ਹਾਂ ਜਾਰੀ ਹੋਈਆਂ। ਉਨ੍ਹਾਂ ਨੇ ਸੀਐਮ ਅਤੇ ਏਡੀਜੀਪੀ ਵਿਜੀਲੈਂਸ ਕੋਲੋਂ ਫਿਰ ਜਾਂਚ ਦੀ ਮੰਗ ਕੀਤੀ ਤਾਂ ਵਿਜੀਲੈਂਸ ਨੇ 15 ਫਰਵਰੀ 2023 ਤੋਂ ਫਿਰ ਜਾਂਚ ਸ਼ੁਰੂ ਕਰ ਦਿੱਤੀ।
ਪਿੰਡ ਦਾ 60 ਫੀਸਦੀ ਹਿੱਸਾ ਹੁਣ ਵੀ ਦਰਿਆ ਵਿਚ, ਬਾਹਰ ਸਰੋਂ ਅਤੇ ਕਣਕ ਦੇ ਖੇਤ : ਇਸ ਪਿੰਡ ਦੇ ਲੋਕਾਂ ਦੀ ਮੰਗ ‘ਤੇ, ਜਿਥੇ ਉਹ ਰਹਿੰਦੇ ਸਨ, ਉਥੇ ਪੰਚਾਇਤ ਵਲੋਂ ਵਿਕਾਸ ਕਰਵਾਏ ਗਏ। 1998 ਤੋਂ 2013 ਤੱਕ 21,77912 ਰੁਪਏ ਦੀ ਗਰਾਂਟ ਆਈ, ਜਿਸ ਦੇ ਤਹਿਤ 14 ਲੱਖ ਨਾਲ ਸ਼ਮਸ਼ਾਨਘਾਟ ਬਣਾਇਆ, ਦੋ ਨਲਕੇ ਲਗਵਾਏ ਗਏ, ਦੂਜਾ ਸ਼ਮਸ਼ਾਨਘਾਟ ਬਣਾਇਆ, ਮਨਰੇਗਾ ਦੇ ਤਹਿਤ 5 ਲੱਖ ਖਰਚ ਕੀਤੇ, ਸਫਾਈ ਸੇਵਕ ਦਾ 96362 ਵੇਤਨ ਦਿੱਤਾ ਗਿਆ। 18,1550 ਰੁਪਏ ਦੀ ਗ੍ਰਾਂਟ ਮਿਲੀ, ਰਸੀਦਾਂ ਜਿਸ ਪੰਚਾਇਤ ਸਕੱਤਰ ਦੇ ਕੋਲ ਸਨ, ਉਸਦੀ ਮੌਤ ਹੋ ਗਈ ਹੈ। ਉਥੇ ਇਕ ਵਿਅਕਤੀ ਦਾ ਕਹਿਣਾ ਸੀ ਕਿ ਇਕ ਆਰਟੀਆਈ ਤੋਂ ਜਾਣਕਾਰੀ ਮਿਲੀ ਸੀ ਕਿ ਪੰਜ ਸਾਲ ਵਿਚ ਕਰੀਬ 22 ਲੱਖ ਗ੍ਰਾਂਟ ਜਾਰੀ ਹੋਈ ਸੀ।
ਪਿੰਡ ਦਾ 60 ਫੀਸਦੀ ਹਿੱਸਾ ਹੁਣ ਵੀ ਦਰਿਆ ਦੇ ਅੰਦਰ,
ਬਾਹਰ ਸਰ੍ਹੋਂ ਅਤੇ ਕਣਕ ਦੇ ਖੇਤ * ਦੂਰ ਕਿਨਾਰੇ ਬਣਿਆ ਹੈ ਇਕ ਗੁਰੂਘਰ
ਫਿਰੋਜ਼ਪੁਰ ਤੋਂ 70 ਕਿਲੋਮੀਟਰ ਦੂਰ ਪਿੰਡ ਚੱਕ ਮਨੂਮਾਛੀ ਦੀ ਹਕੀਕਤ ਜਾਣਨ ਲਈ ਮੀਡੀਆ ਦੀ ਟੀਮ ਉਥੇ ਪਹੁੰਚੀ। ਪਿੰਡ ਦਾ 60 ਫੀਸਦੀ ਹਿੱਸਾ ਯਾਨੀ 500 ਏਕੜ ਵਿਚੋਂ 300 ਏਕੜ ਜ਼ਮੀਨ ਦਰਿਆ ਵਿਚ ਹੀ ਹੈ। ਬਾਕੀ ਵਿਚ ਕਣਕ ਅਤੇ ਸਰ੍ਹੋਂ ਦੇ ਖੇਤ ਹਨ।
ਪਿੰਡ ਦੇ ਕਦੀ ਜ਼ਿੰਦਾ ਹੋਣ ਦੀ ਇਕ ਹੀ ਨਿਸ਼ਾਨੀ ਹੈ-ਕੱਚਾ ਰਸਤਾ। ਉਹ ਰਸਤਾ ਅੱਜ ਵੀ ਦਰਿਆ ਤੱਕ ਲੈ ਜਾਂਦਾ ਹੈ। ਇਸ ਪਿੰਡ ਦੇ ਰਕਬੇ ਦੇ ਕਰੀਬ ਅੱਧਾ ਕਿਲੋਮੀਟਰ ਦੂਰ ਇਕ ਗੁਰਦੁਆਰਾ ਸਾਹਿਬ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਕਈ ਮਹੀਨਿਆਂ ਤੋਂ ਇੱਥੇ ਕੋਈ ਨਹੀਂ ਆਇਆ ਹੋਵੇਗਾ। ਇਸ ਤੋਂ ਇਲਾਵਾ ਇਸ ਖੇਤਰ ਵਿਚ ਕੁਝ ਨਹੀਂ ਹੈ। ਇਸ ਸਬੰਧੀ ਇਕ ਵਿਅਕਤੀ ਨੇ ਦੱਸਿਆ ਕਿ ਇਥੋਂ ਦੇ ਲੋਕਾਂ ਦੇ ਦੂਜੇ ਪਿੰਡਾਂ ਵਿਚ ਜਾਣ ਤੋਂ ਬਾਅਦ ਵੀ ਇਸੇ ਪਿੰਡ ਦੇ ਨਾਮ ‘ਤੇ ਉਨ੍ਹਾਂ ਲੋਕਾਂ ਦੇ ਵੋਟ ਹਨ, ਜਿਸ ਅਧਾਰ ‘ਤੇ 2018 ਤੱਕ ਪਿੰਡ ਦੀ ਪੰਚਾਇਤ ਬਣਦੀ ਰਹੀ। ਸਾਲ 2018 ਵਿਚ ਇਸ ਪਿੰਡ ਦੇ ਕਿਸੇ ਵਿਅਕਤੀ ਨੇ ਆਪਣੀ ਨਾਮਜ਼ਦਗੀ ਨਹੀਂ ਭਰੀ ਅਤੇ ਪੰਚਾਇਤ ਨਹੀਂ ਬਣੀ। ਇਸੇ ਦੌਰਾਨ ਪਿੰਡ ਚੱਕ ਮਨੂਮਾਛੀ ਦੇ ਸਰਪੰਚ ਰਹੇ ਵਿਰਸਾ ਸਿੰਘ ਨੇ ਹਾਲ ਹੀ ਵਿਚ ਬੀਡੀਪੀਓ ਦਫਤਰ ਵਿਚ ਦਿੱਤੇ ਗਏ ਲਿਖਤ ਬਿਆਨ ਵਿਚ ਦੱਸਿਆ ਕਿ 1988 ਦੇ ਹੜ੍ਹਾਂ ਦੌਰਾਨ ਇਹ ਪਿੰਡ ਢਹਿ ਗਿਆ ਸੀ।

Check Also

ਕਿਸਾਨ ਅੰਦੋਲਨ ਨੇ ਕੇਂਦਰ ਤੇ ਪੰਜਾਬ ਨੂੰ ਲਿਆਂਦਾ ਆਹਮੋ-ਸਾਹਮਣੇ

ਪੰਜਾਬ ਦੇ ਕਈ ਖੇਤਰਾਂ ‘ਚ ਇੰਟਰਨੈੱਟ ਬੰਦ ਕਰਨ ‘ਤੇ ਭਗਵੰਤ ਮਾਨ ਨੇ ਮੋਦੀ ਸਰਕਾਰ ਨੂੰ …