ਬੱਚਿਆਂ ਦੀ ਵਰਦੀ ‘ਤੇ ਘੁਟਾਲੇ ਦਾ ਦਾਗ
ਹਰ ਬੱਚੇ ਦੀ ਵਰਦੀ ਲਈ 600 ਰੁਪਏ ਅਲਾਟ * ਸਸਤੀ ਵਰਦੀ ਖਰੀਦ ਕੇ ਬਿੱਲ ਦਿਖਾ
ਰਹੇ ਪੂਰਾ * ਜੋ ਨਿੱਜੀ ਸਕੂਲਾਂ ‘ਚ ਪੜ੍ਹ ਰਹੇ ਉਨ੍ਹਾਂ ਦੇ ਨਾਮ ‘ਤੇ ਵੀ ਖਰੀਦਦਾਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਤੈਅ ਮਾਪਦੰਡ ਤੋਂ ਘਟੀਆ ਵਰਦੀ ਦਿੱਤੇ ਜਾਣ ਦੀਆਂ ਸ਼ਿਕਾਇਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕਈ ਜ਼ਿਲ੍ਹਿਆਂ ਵਿਚ ਬੱਚਿਆਂ ਦੇ ਮਾਂ-ਬਾਪ ਵਲੋਂ ਕਈ ਜ਼ਿਲ੍ਹਿਆਂ ਦੇ ਅਧਿਆਪਕਾਂ ਵਲੋਂ ਹੀ ਵਰਦੀਆਂ ਨੂੰ ਲੈ ਕੇ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ।
ਕਈ ਜਗ੍ਹਾ ‘ਤੇ ਬਿੱਲ ਵਧਾ ਚੜ੍ਹਾ ਕੇ ਦਿਖਾਏ ਜਾ ਰਹੇ ਹਨ, ਤਾਂ ਕਈ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ ਤੋਂ ਕਿਤੇ ਜ਼ਿਆਦਾ ਵਰਦੀਆਂ ਖਰੀਦਣ ਦਾ ਬਿੱਲ ਦਿਖਾ ਦਿੱਤਾ ਗਿਆ।
ਵਰਦੀ ਖਰੀਦ ਦੀ ਜਾਂਚ ਨੂੰ ਲੈ ਕੇ ਸਿੱਖਿਆ ਵਿਭਾਗ ਨੇ ਪੰਜਾਬ ਭਰ ਵਿਚ ਖਰੀਦ ਬਿੱਲ ਮੰਗਵਾਏ ਹਨ, ਜਿਸ ਦੇ ਅਧਾਰ ‘ਤੇ ਅੱਗੇ ਦੀ ਜਾਂਚ ਹੋਵੇਗੀ।
ਪੰਜਾਬ ਸਰਕਾਰ ਨੇ 9 ਜਨਵਰੀ 2023 ਨੂੰ ਜਾਰੀ ਕੀਤੇ ਗਏ ਪੱਤਰ ਵਿਚ ਸਕੂਲਾਂ ਨੂੰ ਆਪਣੇ ਪੱਧਰ ‘ਤੇ ਖਰਚ ਕਰਕੇ ਵਰਦੀਆਂ ਖਰੀਦਣ ਲਈ ਕਿਹਾ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਅਤੇ ਪ੍ਰੀ ਪ੍ਰਾਇਮਰੀ ਵਿਚ 3 ਲੱਖ 51 ਹਜ਼ਾਰ 724 ਬੱਚਿਆਂ ਦੀਆਂ ਵਰਦੀਆਂ ਲਈ 21 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਪ੍ਰਤੀ ਬੱਚਾ 600 ਰੁਪਏ ਅਲਾਟ ਕੀਤੇ ਗਏ ਹਨ।
* 2 ਕੇਸਾਂ ਤੋਂ ਸਮਝੋ ਮਾਮਲੇ ਦੀ ਗੰਭੀਰਤਾ
ਕੇਸ 1 : ਸੰਗਰੂਰ ਵਿਚ ਪੁਰਾਣੀ ਵਰਦੀ ਦੀ ਖਰੀਦ, ਬਿਲ ਵੀ ਵਧਾ ਕੇ ਦਿਖਾਇਆ
ਸੰਗਰੂਰ ਦੇ ਬਲਾਕ-1 ਪ੍ਰਾਇਮਰੀ ਸਿੱਖਿਆ ਅਧਿਕਾਰੀ ਨੇ 1548 ਬੱਚਿਆਂ ਦੀ ਵਰਦੀ ਦੀ ਖਰੀਦ ਕੀਤੀ।
ਮਾਪਿਆਂ ਦਾ ਆਰੋਪ ਹੈ ਕਿ ਹਰ ਵਰਦੀ ‘ਤੇ 150 ਰੁਪਏ ਦਾ ਘਪਲਾ ਕੀਤਾ ਗਿਆ ਹੈ। ਵਰਦੀ ਦਾ ਰੰਗ ਵੀ ਤੈਅ ਰੰਗ ਤੋਂ ਅਲੱਗ ਹੈ। ਮਾਮਲੇ ਦੀ ਜਾਂਚ ਜ਼ਿਲ੍ਹਾ ਪੱਧਰ ‘ਤੇ ਸ਼ੁਰੂ ਹੋ ਚੁੱਕੀ ਹੈ।
ਐਲੀਮੈਂਟਰੀ ਟੀਚਰ ਯੂਨੀਅਨ ਦੇ ਮੈਂਬਰਾਂ ਅਵਤਾਰ ਸਿੰਘ, ਜਤਿੰਦਰ ਸਿੰਘ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਇਸ ਬਾਰੇ ਵਿਚ ਪੱਤਰ ਲਿਖ ਕੇ ਜਾਣੂ ਕਰਾ ਦਿੱਤਾ ਹੈ। ਪੱਤਰ ਦੇ ਅਨੁਸਾਰ ਵਰਦੀ ਖਰੀਦ ਵਿਚ ਸਰਕਾਰੀ ਨਿਯਮਾਂ ਦੀ ਉਲੰਘਣਾ ਦਾ ਪੂਰਾ ਵੇਰਵਾ ਦੇ ਦਿੱਤਾ ਗਿਆ ਹੈ। ਟੀਚਰ ਯੂਨੀਅਨ ਨੇ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਦੇਣ ਦੀ ਮੰਗ ਕੀਤੀ ਹੈ।
ਕੇਸ-2 : ਪਿੰਡ ਰਾਮੂਵਾਲੀਆ ਵਿਚ ਪ੍ਰਾਈਵੇਟ ਅਦਾਰਿਆਂ ‘ਚ ਪੜ੍ਹਨ ਵਾਲੇ ਬੱਚਿਆਂ ਦੇ ਨਾਮ ‘ਤੇ ਖਰੀਦ
ਅੰਮ੍ਰਿਤਸਰ ਦੇ ਅਟਾਰੀ ਖੇਤਰ ਦੇ ਪਿੰਡ ਰਾਮੂਵਾਲੀਆ ਦੇ ਸਰਕਾਰੀ ਸਕੂਲ ਵਿਚ ਅਜਿਹੇ ਕਈ ਬੱਚਿਆਂ ਦੇ ਨਾਮ ‘ਤੇ ਵਰਦੀਆਂ ਖਰੀਦੀਆਂ ਗਈਆਂ, ਜੋ ਕਿਸੇ ਪ੍ਰਾਈਵੇਟ ਸਕੂਲ ਵਿਚ ਪੜ੍ਹਦੇ ਹਨ।
ਸਕੂਲ ਰਜਿਸਟਰ ਵਿਚ ਵੀ ਉਨ੍ਹਾਂ ਦੇ ਨਾਮ ਦਰਜ ਕੀਤੇ ਗਏ ਹਨ ਅਤੇ ਵਰਦੀ ਵੀ ਖਰੀਦ ਲਈ ਗਈ। ਸਕੂਲ ਦੇ ਰਜਿਸਟਰ ‘ਤੇ 45 ਬੱਚਿਆਂ ਦੇ ਨਾਮ ਦਰਜ ਹਨ, ਪਰ ਪੜ੍ਹਦੇ ਸਿਰਫ 15 ਹਨ, ਬਾਕੀ ਦੇ 22 ਬੱਚੇ ਨੇੜਲੇ ਪ੍ਰਾਈਵੇਟ ਸਕੂਲ ਵਿਚ ਪੜ੍ਹਦੇ ਹਨ। ਉਧਰ, ਸਰਕਾਰ ਦੇ ਅਨੁਸਾਰ 3 ਬੀਪੀਈਓ ਨੂੰ ਸਸਪੈਂਡ ਵੀ ਕਰ ਦਿੱਤਾ ਹੈ। ਇਨ੍ਹਾਂ ਵਿਚ ਵੇਰਕਾ ਬਲਾਕ ਦੇ ਯਸ਼ਪਾਲ ਸਿੰਘ, ਅੰਮ੍ਰਿਤਸਰ-4 ਦੇ ਰਵਿੰਦਰਜੀਤ ਕੌਰ ਅਤੇ ਚੌਗਾਵਾਂ-1 ਦੇ ਬੀਪੀਈਓ ਦਲਜੀਤ ਸਿੰਘ ਸ਼ਾਮਲ ਹਨ।
ਕੁਆਲਿਟੀ ਵੱਲ ਧਿਆਨ ਨਹੀਂ ਦਿੱਤਾ ਗਿਆ : ਮਾਪਿਆਂ ਦਾ ਆਰੋਪ
* ਇਸ ਤਰ੍ਹਾਂ ਹੋ ਰਿਹਾ ਵਰਦੀ ਖਰੀਦ ਵਿਚ ਘਪਲਾ
1.ਬੱਚਿਆਂ ਲਈ ਵਰਦੀ ਨੂੰ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਖਰੀਦਿਆ ਜਾਣਾ ਸੀ, ਪਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਜਾਂ ਹੋਰ ਅਧਿਕਾਰੀ ਹੀ ਵਰਦੀ ਖਰੀਦ ਕਰਕੇ ਸਕੂਲਾਂ ਵਿਚ ਭੇਜ ਰਹੇ ਹਨ।
2.ਵਰਦੀ ਦੀਆਂ ਕੀਮਤਾਂ ਵਿਚ ਪ੍ਰਤੀ ਵਿਦਿਆਰਥੀ 150 ਤੋਂ 200 ਰੁਪਏ ਤੱਕ ਦਾ ਮਾਰਜਨ ਹੈ। ਜਦਕਿ ਬਜਟ ਵਿਚ ਪ੍ਰਤੀ ਬੱਚੇ ਦੇ ਵਰਦੀ ਲਈ 600 ਰੁਪਏ ਅਲਾਟ ਕੀਤੇ ਗਏ ਹਨ।
3.ਕਈ ਮਾਮਲਿਆਂ ਵਿਚ ਬੀਤੇ ਸਾਲ ਦੀ ਪੁਰਾਣੀ ਵਰਦੀ ਨੂੰ ਹੀ ਸਕੂਲਾਂ ਨੂੰ ਦੇ ਦਿੱਤਾ ਗਿਆ ਹੈ, ਕਿਉਂਕਿ ਵਰਦੀ ਪਿਛਲੇ ਸਾਲ ਦੇ ਅਨੁਸਾਰ ਹੀ ਹੋਣੀ ਚਾਹੀਦੀ ਸੀ। ਪੁਰਾਣੀ ਹੋ ਚੁੱਕੀ ਵਰਤੀ ਦਾ ਅੰਤਰ ਸਾਫ ਨਜ਼ਰ ਆਉਂਦਾ ਹੈ।
ਕਾਰਵਾਈ ਕੀਤੀ ਜਾ ਰਹੀ ਹੈ, ਕਿਸੇ ਨੂੰ ਬਖਸ਼ਾਂਗੇ ਨਹੀਂ : ਹਰਜੋਤ ਬੈਂਸ
ਬੱਚਿਆਂ ਦੀ ਵਰਦੀ ਨੂੰ ਲੈ ਕੇ ਗੜਬੜੀਆਂ ਦੀਆਂ ਜੋ ਵੀ ਸ਼ਿਕਾਇਤਾਂ ਆ ਰਹੀਆਂ ਹਨ, ਉਸਦੀ ਪ੍ਰਮੁੱਖਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਰਿਪੋਰਟ ਮੰਗੀ ਗਈ ਹੈ।
ਤਰਨਤਾਰਨ ਦੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਲਜਿੰਦਰ ਕੌਰ ਨੂੰ ਅਨਿਯਮਤਾਵਾਂ ਦੇ ਚੱਲਦਿਆਂ ਸਸਪੈਂਡ ਵੀ ਕੀਤਾ ਜਾ ਚੁੱਕਾ ਹੈ। ਆਰੋਪੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਛੋਟ ਨਹੀਂ ਦਿੱਤੀ ਜਾਵੇਗੀ।