10.4 C
Toronto
Saturday, November 8, 2025
spot_img
Homeਹਫ਼ਤਾਵਾਰੀ ਫੇਰੀ2.26 ਲੱਖ ਭਾਰਤੀ ਵਿਦਿਆਰਥੀ ਪਹੁੰਚੇ ਕੈਨੇਡਾ

2.26 ਲੱਖ ਭਾਰਤੀ ਵਿਦਿਆਰਥੀ ਪਹੁੰਚੇ ਕੈਨੇਡਾ

ਇਨ੍ਹਾਂ ‘ਚ 80 ਹਜ਼ਾਰ ਵਿਦਿਆਰਥੀ ਪੰਜਾਬ ਅਤੇ ਚੰਡੀਗੜ੍ਹ ਨਾਲ ਸਬੰਧਤ

ਚੰਡੀਗੜ੍ਹ/ਬਿਊਰੋ ਨਿਊਜ਼ : ਸਾਲ 2022 ਵਿਚ ਵੱਖ-ਵੱਖ ਕੋਰਸਾਂ ਦੇ ਤਹਿਤ ਐਡਮਿਸ਼ਨ ਲੈ ਕੇ ਕੈਨੇਡਾ ਪਹੁੰਚੇ 5.5 ਲੱਖ ਇੰਟਰਨੈਸ਼ਨਲ ਵਿਦਿਆਰਥੀਆਂ ਵਿਚੋਂ 2.26 ਲੱਖ ਇਕੱਲੇ ਭਾਰਤ ਵਿਚੋਂ ਹਨ। ਇਨ੍ਹਾਂ ਵਿਚੋਂ ਵੀ 80 ਹਜ਼ਾਰ ਵਿਦਿਆਰਥੀ ਸਿਰਫ ਪੰਜਾਬ ਅਤੇ ਚੰਡੀਗੜ੍ਹ ਤੋਂ ਹਨ। ਇਕ ਪਾਸੇ ਕੈਨੇਡਾ ਵਿਚ ਪਹੁੰਚਣ ਵਾਲੇ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਉਥੇ ਪੰਜਾਬ ਵਿਚ ਟੈਕਨੀਕਲ ਕਾਲਜਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਟੈਕਨੀਕਲ ਕੋਰਸਿਜ਼ ਦੀਆਂ ਸੀਟਾਂ ਦੀ ਗਿਣਤੀ ਵੀ ਪੰਜ ਸਾਲਾਂ ਵਿਚ 1.44 ਲੱਖ ਤੋਂ ਘਟ ਕੇ 2022-23 ਵਿਚ 71,762 ਰਹਿ ਗਈ ਹੈ। ਇਮੀਗਰੇਸ਼ਨ ਰਿਫਿਊਜ਼ੀ ਐਂਡ ਸਿਟੀਜਨਸ਼ਿਪ ਕੈਨੇਡਾ (ਆਈਆਰਸੀਸੀ) ਵਲੋਂ ਜਾਰੀ ਰਿਪੋਰਟ ਦੇ ਅਨੁਸਾਰ ਕੈਨੇਡਾ ਵਿਚ ਸਾਲ 2022 ਵਿਚ 184 ਦੇਸ਼ਾਂ ਤੋਂ ਰਿਕਾਰਡ 5 ਲੱਖ 51 ਹਜ਼ਾਰ 405 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ 2 ਲੱਖ 26 ਹਜ਼ਾਰ 450 ਭਾਰਤੀ ਵਿਦਿਆਰਥੀ ਹਨ। ਇਸ ਤੋਂ ਬਾਅਦ ਜਨਵਰੀ, 2023 ਵਿਚ ਕੈਨੇਡਾ ਪਹੁੰਚੇ ਨਵੇਂ ਵਿਦਿਆਰਥੀਆਂ ਦੇ ਨਾਲ ਇਹ ਅੰਕੜਾ ਹੋਰ ਵੀ ਵਧ ਗਿਆ ਹੈ।
ਕੈਨੇਡਾ ਵਿਚ ਸਾਲ 2022 ਵਿਚ ਪੜ੍ਹ ਰਹੇ 8.07 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚੋਂ 3 ਲੱਖ 19 ਹਜ਼ਾਰ 130 ਇਕੱਲੇ ਭਾਰਤ ਵਿਚੋਂ ਹਨ। ਇਸ ਤੋਂ ਬਾਅਦ ਚੀਨ ਦੇ 1 ਲੱਖ, ਫਿਲੀਪੀਨਜ਼ ਦੇ 32,445, ਫਰਾਂਸ ਦੇ 21,660 ਅਤੇ ਨਾਈਜੀਰੀਆ ਦੇ ਵੀ 21,660 ਵਿਦਿਆਰਥੀ ਹਨ। ਸਾਲ 2021 ਵਿਚ 444,260 ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਦਿੱਤਾ ਗਿਆ ਸੀ। ਸਟੱਡੀ ਵੀਜ਼ਾ ਦੇ ਜਾਣਕਾਰ ਜਤਿਨ ਕੁਮਾਰ ਦਾ ਕਹਿਣਾ ਹੈ ਕਿ ਕੋਵਿਡ ਤੋਂ ਬਾਅਦ ਕੈਨੇਡਾ ਵਲੋਂ ਵਿਦਿਆਰਥੀਆਂ ਲਈ ਕੰਮ ਕਰਨ ਦੇ ਘੰਟੇ ਵਧਾ ਦਿੱਤੇ ਜਾਣ ਤੋਂ ਬਾਅਦ ਤੋਂ ਵਿਦਿਆਰਥੀ ਪਹਿਲਾਂ ਤੋਂ ਕਿਤੇ ਤੇਜ਼ੀ ਨਾਲ ਕੈਨੇਡਾ ਪਹੁੰਚ ਰਹੇ ਹਨ।
ਇਧਰ, ਪੰਜਾਬ ਵਿਚ 148 ਕਾਲਜ ਬੰਦ, ਕਈ ਕੋਰਸਾਂ ਦੀਆਂ ਸੀਟਾਂ ਖਾਲੀ
ਪੰਜਾਬ ਵਿਚ ਇਸ ਸਮੇਂ ਹਰ ਬੀਤਦੇ ਸਾਲ ਦੇ ਨਾਲ ਟੈਕਨੀਕਲ ਕਾਲਜ ਬੰਦ ਹੁੰਦੇ ਜਾ ਰਹੇ ਹਨ। ਆਲ ਇੰਡੀਆ ਕਾਊਂਸਲ ਫਾਰ ਟੈਕਨੀਕਲ ਐਜੂਕੇਸ਼ਨ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਲੰਘੇ ਪੰਜ ਸਾਲਾਂ ਵਿਚ ਪੰਜਾਬ ‘ਚ ਟੈਕਨੀਕਲ ਕਾਲਜਾਂ ਦੀ ਗਿਣਤੀ 393 ਤੋਂ ਘਟ ਕੇ 255 ‘ਤੇ ਆ ਗਈ ਹੈ। ਸਾਲ 2018-19 ਵਿਚ ਪੰਜਾਬ ‘ਚ ਟੈਕਨੀਕਲ ਕੋਰਸਾਂ ਦੀਆਂ ਸੀਟਾਂ ਦੀ ਗਿਣਤੀ 1.44 ਲੱਖ ਸੀ, ਜੋ ਕਿ 2023 ਵਿਚ ਘਟ ਕੇ 71,762 ਰਹਿ ਗਈ ਹੈ। ਇਨ੍ਹਾਂ ਸੀਟਾਂ ਵਿਚੋਂ ਵੀ ਕਰੀਬ 50 ਫੀਸਦੀ ਖਾਲੀ ਰਹਿ ਰਹੇ ਹਨ। ਇੰਜੀਨੀਅਰਿੰਗ ਕਾਲਜਾਂ ਵਿਚ ਕੰਪਿਊਟਰ ਸਾਇੰਸ ਅਤੇ ਇਨਫਰਮੇਸ਼ਨ ਟੈਕਨਾਲੋਜੀ ਨੂੰ ਛੱਡ ਕੇ ਕਿਸੇ ਕੋਰਸ ਵਿਚ ਸੀਟਾਂ ਨਹੀਂ ਭਰ ਰਹੀਆਂ ਹਨ।

 

RELATED ARTICLES
POPULAR POSTS