ਭਾਰਤ ‘ਚ ਇਸ ਫਾਰਮੂਲੇ ਨਾਲ ਬਣੀ ਕੋਵੀਸ਼ੀਲਡ ਦੀਆਂ 175 ਕਰੋੜ ਡੋਜ਼ ਲੱਗੀਆਂ
ਲੰਡਨ/ਬਿਊਰੋ ਨਿਊਜ਼ : ਗਲੋਬਲ ਫਾਰਮਾਸਿਊਟੀਕਲ ਕੰਪਨੀ ਐਸਟਰਾਜ਼ੇਨੇਕਾ ਨੇ ਕਿਹਾ ਹੈ ਕਿ ਉਸ ਦੀ ਕੋਵਿਡ ਮਹਾਮਾਰੀ ਨੂੰ ਰੋਕਣ ਲਈ ਬਣੀ ਕਰੋਨਾ ਵੈਕਸੀਨ ਦੇ ਕਈ ਸਾਈਡ ਅਫੈਕਟਸ ਹੋ ਸਕਦੇ ਹਨ ਹਾਲਾਂਕਿ ਅਜਿਹਾ ਬਹੁਤ ਦੁਰਲੱਭ ਮਾਮਲਿਆਂ ਵਿਚ ਹੋਵੇਗਾ ਪਰ ਇਹ ਖੂਨ ਦੇ ਥੱਕੇ ਬਣਨ ਦਾ ਕਾਰਨ ਬਣ ਸਕਦੀ ਹੈ। ਬਰਤਾਨੀਆ ਦੀ ਟੈਲੀਗਰਾਫ ਦੀ ਰਿਪੋਰਟ ਅਨੁਸਾਰ ਐਸਟਰਾਜ਼ੇਨੇਕਾ ‘ਤੇ ਆਰੋਪ ਹੈ ਕਿ ਉਸਦੀ ਵੈਕਸੀਨ ਨਾਲ ਕਈ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਗੰਭੀਰ ਰੋਗਾਂ ਦਾ ਸਾਹਮਣਾ ਕਰ ਰਹੇ ਹਨ। ਇਸ ਕੰਪਨੀ ਖਿਲਾਫ ਅਦਾਲਤ ਵਿਚ 51 ਦੇ ਕਰੀਬ ਕੇਸ ਚੱਲ ਰਹੇ ਹਨ। ਪੀੜਤਾ ਨੇ ਐਸਟਰਾਜ਼ੇਨੇਕਾ ਤੋਂ ਇਕ ਹਜ਼ਾਰ ਕਰੋੜ ਰੁਪਏ ਦਾ ਹਰਜਾਨਾ ਮੰਗਿਆ ਹੈ। ਕਰੋਨਾ ਮਹਾਮਾਰੀ ਦੌਰਾਨ ਕੋਵੀਸ਼ੀਲਡ ਦੇ ਨਿਰਮਾਣ ਲਈ ਐਸਟਰਾਜ਼ੇਨੇਕਾ ਦੇ ਟੀਕਾ ਫਾਰਮੂਲਾ ਤਹਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਲਾਇਸੰਸ ਦਿੱਤਾ ਗਿਆ ਸੀ ਤੇ ਭਾਰਤ ਵਿੱਚ ਕੋਵੀਸ਼ੀਲਡ ਦੀਆਂ 174 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਸਨ।
ਵੈਕਸੀਨ ਨਾਲ ਰਿਸਕ 10 ਲੱਖ ਵਿਚੋਂ ਮਹਿਜ 1
ਅਮਰੀਕਨ ਸੋਸਾਇਟੀ ਆਫ ਹੇਮੇਟੋਲਾਜੀ ਦੇ ਪਬਲੀਕੇਸ਼ਨ ਦੇ ਅਨੁਸਾਰ ਵੈਕਸੀਨ ਨਾਲ ਸਾਈਡ ਇਫੈਕਟ ਦਾ ਖਤਰਾ 10 ਲੱਖ ਵਿਅਕਤੀਆਂ ਵਿਚੋਂ 3 ਤੋਂ 15 ਨੂੰ ਹੀ ਹੁੰਦਾ ਹੈ। ਇਸ ਵਿਚ ਵੀ 90 ਫੀਸਦੀ ਠੀਕ ਹੋ ਜਾਂਦੇ ਹਨ। ਇਸ ਵਿਚ ਮੌਤ ਦਾ ਖਤਰਾ ਬਹੁਤ ਹੀ ਘੱਟ ਹੁੰਦਾ ਹੈ। ਯਾਨੀ 10 ਲੱਖ ਵਿਚੋਂ 13 ਨੂੰ ਸਾਈਡ ਇਫੈਕਟ ਹੈ ਤਾਂ ਇਨ੍ਹਾਂ ਵਿਚੋਂ ਜਾਨ ਲੇਵਾ ਰਿਸਕ ਸਿਰਫ ਇਕ ਨੂੰ ਹੋਵੇਗਾ। ਜਿਸ ਟੀਟੀਐਸ ਦੇ ਚੱਲਦਿਆਂ ਖੂਨ ਦਾ ਥੱਕਾ ਜੰਮਦਾ ਹੈ, ਇਸਦੇ ਕੇਸ ਕੋਵਿਡ ਵੈਕਸੀਨ ਲੱਗਣ ਤੋਂ ਪਹਿਲਾਂ ਵੀ ਆ ਰਹੇ ਸਨ। ਜੋ ਕੋਵਿਡ ਦੇ ਮਰੀਜ਼ ਭਰਤੀ ਹੋਏ, ਉਨ੍ਹਾਂ ਦੀ ਜਾਂਚ ਵਿਚ ਬਲੱਡ ਥਿਨ ਹੋਣ ਜਾਂ ਕਲੌਟ ਬਣਨ ਦੀ ਗੱਲ ਸਾਹਮਣੇ ਆਈ ਸੀ। ਇਸ ਲਈ ਇਹ ਨਹੀਂ ਕਹਿ ਸਕਦੇ ਕਿ ਕੋਵੀਸ਼ੀਲਡ ਦੇ ਕਾਰਣ ਅਜਿਹਾ ਹੋਇਆ। ਹਾਲਾਂਕਿ ਹੁਣ ਡਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਕਿਸੇ ਵੀ ਵੈਕਸੀਨ ਦੇ ਸਾਈਡ ਇਫੈਕਟ 6 ਮਹੀਨੇ ਵਿਚ ਦਿਸ ਜਾਂਦੇ ਹਨ, ਪਰ ਹੁਣ ਤਾਂ ਦੋ ਸਾਲ ਤੋਂ ਜ਼ਿਆਦਾ ਦਾ ਸਮਾਂ ਲੰਘ ਚੁੱਕਾ ਹੈ।
ਭਾਰਤ ਬਾਇਓਟੈਕ ਨੇ ਕੋਵੈਕਸੀਨ ਨੂੰ ਦੱਸਿਆ ਸੁਰੱਖਿਅਤ
ਨਵੀਂ ਦਿੱਲੀ : ਕਰੋਨਾ ਦੀ ਵੈਕਸੀਨ ਕੋਵੀਸ਼ੀਲਡ ‘ਤੇ ਉਠ ਰਹੇ ਸਵਾਲਾਂ ਦੌਰਾਨ ਕੋਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈਕ ਨੇ ਕਿਹਾ ਹੈ ਕਿ ਸਾਡੀ ਵੈਕਸੀਨ ਸੁਰੱਖਿਅਤ ਹੈ। ਕੰਪਨੀ ਨੇ ਕਿਹਾ ਕਿ ਇਸ ਨੂੰ ਬਣਾਉਣ ਸਬੰਧੀ ਸਾਡੀ ਪਹਿਲੀ ਕੋਸ਼ਿਸ਼ ਲੋਕਾਂ ਦੀ ਸੁਰੱਖਿਆ ਸੀ ਅਤੇ ਦੂਜੀ ਵੈਕਸੀਨ ਦੀ ਗੁਣਵੱਤਾ।
ਭਾਰਤ ਬਾਇਓਟੈਕ ਨੇ ਸੋਸ਼ਲ ਮੀਡੀਆ ਸਾਈਟ ‘ਐਕਸ’ ‘ਤੇ ਇਕ ਪੋਸਟ ਵਿਚ ਇਹ ਗੱਲਾਂ ਕਹੀਆਂ ਹਨ।
ਕੰਪਨੀ ਨੇ ਕਿਹਾ ਕਿ ਕੋਵੈਕਸੀਨ ਭਾਰਤ ਸਰਕਾਰ ਦੇ ਕੋਵਿਡ-19 ਵੈਕਸੀਨ ਪ੍ਰੋਗਰਾਮ ਦੀ ਇਕਲੌਤੀ ਵੈਕਸੀਨ ਸੀ, ਜਿਸਦੇ ਟਰਾਇਲ ਭਾਰਤ ਵਿਚ ਹੋਏ ਸਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …