ਕਿਹਾ : ਕੈਨੇਡਾ ਤੇ ਭਾਰਤ ਵਿਚਾਲੇ ਰਿਸ਼ਤਿਆਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਜਾਰੀ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਵਿਚ ਪਿਛਲੇ ਸਮੇਂ ਦੌਰਾਨ ਕੜਵਾਹਨ ਆ ਗਈ ਸੀ। ਹੁਣ ਇਨ੍ਹਾਂ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਦੋਵੇਂ ਦੇਸ਼ਾਂ ਦੇ ਆਗੂਆਂ ਵਲੋਂ ਵੱਡੇ ਕਦਮ ਚੁੱਕੇ ਜਾ ਰਹੇ ਹਨ।
ਇਸ ਦੌਰਾਨ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਦੱਸਿਆ ਕਿ ਕੈਨੇਡਾ ਆਪਣੀ ਇੰਡੋ-ਪੈਸੇਫਿਕ ਰਣਨੀਤੀ ਨੂੰ ਮੁੜ ਵਿਚਾਰ ਕਰਕੇ ਤਿਆਰ ਕਰੇਗਾ, ਜਿਸ ਵਿਚ ਉਨ੍ਹਾਂ ਦੇ ਆਰਥਿਕ ਹਿੱਤਾਂ ਨੂੰ ਤਰਜੀਹ ‘ਤੇ ਰੱਖਿਆ ਜਾਵੇਗਾ।
ਆਸੀਅਨ ਸਿਖਰ ਸੰਮੇਲਣ ਲਈ ਮਲੇਸ਼ੀਆ ਦੌਰੇ ਦੌਰਾਨ ਕੁਆਲਾਲੰਪੁਰ ਤੋਂ ਬੋਲਦੇ ਹੋਏ ਅਨੀਤਾ ਆਨੰਦ ਨੇ ਕਿਹਾ ਕਿ ਇਸ ਸਮੇਂ ਦੁਨੀਆ ਭਰ ਦੇ ਦੇਸ਼ਾਂ ਦੀ ਅਰਥ ਵਿਵਸਥਾ ਮੰਦੇ ਦੌਰ ‘ਚੋਂ ਗੁਜ਼ਰ ਰਹੀ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੀ ਕੂਟਨੀਤੀ ਘਰੇਲੂ ਹਿੱਤਾਂ ਨੂੰ ਵੀ ਧਿਆਨ ‘ਚ ਰੱਖੇ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਦਿਨੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀ-7 ਮੀਟਿੰਗ ਕਾਫੀ ਅਹਿਮ ਰਹੀ ਸੀ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਇਸ ਬਾਰੇ ਕਦਮ ਬੜੇ ਹੀ ਧਿਆਨ ਨਾਲ ਚੁੱਕੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੈਨੇਡਾ ਤੇ ਭਾਰਤ ਲੰਬੇ ਸਮੇਂ ਤੋਂ ਲੋਕਤੰਤਰ ਦੇ ਬਹੁਵਾਦ ਦੇ ਸਿਧਾਂਤਾਂ ‘ਤੇ ਕੰਮ ਕਰਦੇ ਰਹੇ ਹਨ। ਅਸੀਂ ਦੋਵਾਂ ਦੇਸ਼ਾਂ ਵਿਚਾਲੇ ਅੰਤਰਰਾਸ਼ਟਰੀ ਪੱਧਰ ‘ਤੇ ਵਪਾਰ ਤੇ ਲੋਕਾਂ ਦੇ ਆਪਸੀ ਸੰਪਰਕਾਂ ਨੂੰ ਹੋਰ ਸੁਧਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।