Breaking News
Home / ਹਫ਼ਤਾਵਾਰੀ ਫੇਰੀ / ਗੁਰੂ ਸਾਹਿਬਾਨ ਸਬੰਧੀ ਅਪਸ਼ਬਦ ਬੋਲਣ ਵਾਲੇ ਨਾਰਾਇਣ ਦਾਸ ਨੇ ਸਿੱਖ ਪੰਥ ਤੋਂ ਮੰਗੀ ਮਾਫੀ

ਗੁਰੂ ਸਾਹਿਬਾਨ ਸਬੰਧੀ ਅਪਸ਼ਬਦ ਬੋਲਣ ਵਾਲੇ ਨਾਰਾਇਣ ਦਾਸ ਨੇ ਸਿੱਖ ਪੰਥ ਤੋਂ ਮੰਗੀ ਮਾਫੀ

ਚਾਰੋ ਤਖ਼ਤਾਂ ਦੇ ਨਾਂ ਖ਼ਤ ਲਿਖ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਮੂਹਰੇ ਪੇਸ਼ ਹੋ ਮਾਫੀ ਮੰਗਣ ਦੀ ਪ੍ਰਗਟਾਈ ਇੱਛਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਅਪਸ਼ਬਦ ਬੋਲਣ ਵਾਲੇ ਨਾਰਾਇਣ ਦਾਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਈਮੇਲ ਭੇਜ ਕੇ ਆਪਣੀ ਗਲਤੀ ਮੰਨਦੇ ਹੋਏ ਖਾਲਸਾ ਪੰਥ ਤੋਂ ਮੁਆਫ਼ੀ ਮੰਗ ਲਈ ਹੈ। ਨਾਰਾਇਣ ਨਿਵਾਸ ਆਸ਼ਰਮ ਰਿਸ਼ੀਕੇਸ਼ ਦੇ ਨਾਰਾਇਣ ਦਾਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੇ ਪੱਤਰ ਦੀ ਸ਼ੁਰੂਆਤ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਨਾਲ ਕੀਤੀ ਹੈ। ਨਾਰਾਇਣ ਦਾਸ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਚ ਦਰਜ ਭਗਤਾਂ ਦੀ ਬਾਣੀ ਦੇ ਸਬੰਧ ‘ਚ ਉਨ੍ਹਾਂ ਕੋਲੋਂ ਬੋਲੇ ਗਏ ਗਲਤ ਸ਼ਬਦਾਂ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਖਾਲਸਾ ਪੰਥ ਦੀ ਸ਼ਰਨ ‘ਚ ਆ ਕੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਾਜ਼ਰ ਹੋ ਕੇ ਮੁਆਫ਼ੀ ਮੰਗਣਾ ਚਾਹੁੰਦਾ ਹਾਂ। ਨਾਰਾਇਣ ਦਾਸ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਵਾਇਰਲ ਹੋਈ ਵੀਡੀਓ ‘ਚ ਜਾਣੇ-ਅਣਜਾਣੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਗਤਾਂ ਦੀ ਬਾਣੀ ਦੇ ਬਾਰੇ ‘ਚ ਗਲਤ ਬੋਲ ਗਿਆ।
ਉਨ੍ਹਾਂ ਨੇ ਕਿਹਾ ਕਿ ਕੋਈ ਕਾਲ ਚੱਕਰ ਹੀ ਸੀ ਜੋ ਗੁਰਬਾਣੀ ਦੇ ਬਾਰੇ ਗਲਤ ਸ਼ਬਦਾਵਲੀ ਬੋਲੀ ਗਈ। ਉਨ੍ਹਾਂ ਨੇ ਆਖਰ ‘ਚ ਖਾਲਸਾ ਪੰਥ ਤੋਂ ਇਹ ਆਸ ਪ੍ਰਗਟ ਕੀਤੀ ਕਿ ਅਕਾਲ ਤਖ਼ਤ ਸਾਹਿਬ ‘ਤੇ ਹਾਜ਼ਰ ਹੋ ਕੇ ਗਲਤੀ ਦੀ ਮੁਆਫ਼ੀ ਮੰਗਣ ਦਾ ਮੌਕਾ ਜ਼ਰੂਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਖਾਲਸਾ ਪੰਥ ਦੇ ਹਰ ਹੁਕਮ ਨੂੰ ਮੰਨਣ ਦਾ ਵਿਸ਼ਵਾਸ ਦਿਵਾਇਆ।
ਮੁਆਫ਼ੀਨਾਮੇ ਦੀ ਕਾਪੀ ਹੋਰ ਤਖ਼ਤਾਂ ਨੂੰ ਵੀ ਭੇਜੀ ਗਈ
ਨਾਰਾਇਣ ਦਾਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖ ਪੰਥ ‘ਚ ਇਸ ਦਾ ਵਿਰੋਧ ਹੋ ਰਿਹਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਨਾਰਾਇਣ ਦਾਸ ਦੇ ਖਿਲਾਫ ਕੇਸ ਦਰਜ ਕਰਵਾਉਣ ਦੀ ਹਦਾਇਤ ਕੀਤੀ ਸੀ। ਇਸ ਦੇ ਚਲਦੇ ਹੀ ਦਮਦਮੀ ਟਕਸਾਲ ਅਤੇ ਐਸਜੀਪੀਸੀ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੱਤਰ ਦੀ ਕਾਪੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ, ਤਖ਼ਤ ਸ੍ਰੀ ਸੱਚਖਡ ਸ੍ਰੀ ਨਾਂਦੇੜ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ, ਐਸਜੀਪੀਸੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਮੈਨੇਜਮੈਂਟ, ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਅਤੇ ਸਮੂਹ ਸਿੱਖ ਜਥੇਬੰਦੀਆਂ ਨੂੰ ਭੇਜੀ ਗਈ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …