ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਵੇਂ ਸਿਹਤ ਮੰਤਰੀ ਮਾਰਕ ਹਾਲੈਂਡ ਦਾ ਕਹਿਣਾ ਹੈ ਕਿ ਯੂਨੀਵਰਸਲ ਫਾਰਮਾਕੇਅਰ ਪ੍ਰੋਗਰਾਮ ਨੂੰ ਲਾਗੂ ਕਰਨ ਸਬੰਧੀ ਬਿੱਲ ਇਸ ਸਾਲ ਦੇ ਅੰਤ ਵਿੱਚ ਪੇਸ਼ ਕਰ ਦਿੱਤਾ ਜਾਵੇਗਾ। ਨੈਸ਼ਨਲ ਯੂਨੀਵਰਸਲ ਫਾਰਮਾਕੇਅਰ ਪ੍ਰੋਗਰਾਮ ਕਾਇਮ ਕਰਨ ਲਈ ਇਸ ਸਾਲ ਦੇ ਅੰਤ ਤੱਕ ਬਿੱਲ ਪਾਸ ਕਰਨਾ ਲਿਬਰਲਾਂ ਤੇ ਐਨਡੀਪੀ ਦਰਮਿਆਨ ਹੋਏ ਹਾਊਸ ਆਫ ਕਾਮਨਜ਼ ਸਪਲਾਈ ਐਂਡ ਕਾਨਫੀਡੈਂਸ ਅਗਰੀਮੈਂਟ ਦੀ ਸ਼ਰਤ ਹੈ। ਇਸ ਡੈੱਡਲਾਈਨ ਨੂੰ ਪੂਰਾ ਕਰਨ ਲਈ ਸਰਕਾਰ ਵੱਲੋਂ ਇਸ ਬਿੱਲ ਨੂੰ ਦਸੰਬਰ ਤੋਂ ਪਹਿਲਾਂ ਹਾਊਸ ਆਫ ਕਾਮਨਜ਼ ਤੇ ਸੈਨੇਟ ਵਿੱਚ ਪਾਸ ਹੋਣਾ ਹੋਵੇਗਾ ਤੇ ਪਾਰਲੀਮੈਂਟ ਦੀਆਂ ਛੁੱਟੀਆਂ ਤੋਂ ਪਹਿਲਾਂ ਦੋ ਕਮੇਟੀ ਸਟੱਡੀਜ਼ ਵਿੱਚੋਂ ਵੀ ਲੰਘਣਾ ਹੋਵੇਗਾ। ਸਿਹਤ ਮੰਤਰੀ ਮਾਰਕ ਹਾਲੈਂਡ ਵੱਲੋਂ ਪਿਛਲੇ ਮਹੀਨੇ ਕੈਬਨਿਟ ਵਿੱਚ ਹੋਈ ਫੇਰਬਦਲ ਦੌਰਾਨ ਸਿਹਤ ਮੰਤਰੀ ਦਾ ਅਹੁਦਾ ਸਾਂਭਿਆ ਗਿਆ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸਬੰਧੀ ਗੱਲਬਾਤ ਚੱਲ ਰਹੀ ਹੈ ਤੇ ਹਾਊਸ ਆਫ ਕਾਮਨਜ਼ ਜਦੋਂ ਪਰਤੇਗਾ ਤਾਂ ਉਹ ਇਸ ਬਿੱਲ ਨੂੰ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ।