ਟੋਰਾਂਟੋ /ਬਿਊਰੋ ਨਿਊਜ਼ : ਕੈਨੇਡਾ ਦੇ ਨਵੇਂ ਸਿਹਤ ਮੰਤਰੀ ਮਾਰਕ ਹਾਲੈਂਡ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਕੋਵਿਡ-19 ਦੇ ਤਾਜ਼ਾ ਹਾਲਾਤ ਉੱਤੇ ਬੜੀ ਬਾਰੀਕੀ ਨਾਲ ਨਜ਼ਰ ਰੱਖ ਰਹੀ ਹੈ। ਕਿਉਂਕਿ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਡਾਟਾ ਅਨੁਸਾਰ ਇੱਕ ਵਾਰੀ ਫਿਰ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਹਾਲੈਂਡ ਨੇ ਇਹ ਵੀ ਆਖਿਆ ਕਿ ਕੋਵਿਡ-19 ਦੇ ਨਵੇਂ ਵੇਰੀਐਂਟ ਈਜੀ.5 ਦੇ ਉਭਰਨ ਨਾਲ ਸਾਲ ਦੇ ਅਖੀਰ ਵਿੱਚ ਸਾਨੂੰ ਸਾਰਿਆਂ ਨੂੰ ਵਧੇਰੇ ਅਹਿਤਿਆਤ ਤੋਂ ਕੰਮ ਲੈਣਾ ਹੋਵੇਗਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਹਾਲੈਂਡ ਨੇ ਆਖਿਆ ਕਿ ਈਜੀ.5 ਤੇ ਓਮੀਕ੍ਰੌਨ ਦੇ ਹੋਰਨਾਂ ਵੇਰੀਐਂਟਸ ਦਾ ਰੋਜ਼ਾਨਾ ਮੁਲਾਂਕਣ ਕੀਤਾ ਜਾਂਦਾ ਹੈ ਅਤੇ ਹਾਲਾਤ ਉਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਇਸ ਦੀ ਪੂਰੀ ਸੰਭਾਵਨਾ ਪਹਿਲਾਂ ਤੋਂ ਹੀ ਸੀ। ਅਸੀਂ ਜਾਣਦੇ ਸੀ ਕਿ ਜਿਵੇਂ ਹੀ ਅਸੀਂ ਸਾਲ ਦੇ ਅੰਤ ਵੱਲ ਵਧਾਂਗੇ ਤਾਂ ਅਜਿਹੇ ਮਾਮਲਿਆਂ ਵਿੱਚ ਵਾਧਾ ਹੋ ਸਕਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਦੇਸ਼ ਭਰ ਵਿੱਚ ਅਜੇ ਵੀ ਕੋਵਿਡ-19 ਸਬੰਧੀ ਗਤੀਵਿਧੀ ਘੱਟ ਤੋਂ ਦਰਮਿਆਨੀ ਹੈ। ਘੱਟ ਤੋਂ ਘੱਟ ਟੈਸਟ ਅਜੇ ਲਿਖੇ ਜਾ ਰਹੇ ਹਨ ਤੇ ਅਜਿਹੇ ਮਾਮਲਿਆਂ ਦੇ ਪਾਜ਼ੀਟਿਵ ਆਉਣ ਦੀ ਦਰ 8.6 ਫੀਸਦੀ ਹੈ। ਹਾਲੈਂਡ ਨੇ ਆਖਿਆ ਕਿ ਜਿਹੋ ਜਿਹੇ ਹਾਲਾਤ ਪੈਦਾ ਹੁੰਦੇ ਹਨ ਉਸ ਹਿਸਾਬ ਨਾਲ ਕਾਰਵਾਈ ਕਰਨ ਵਾਸਤੇ ਫੈਡਰਲ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ।