Breaking News
Home / ਪੰਜਾਬ / ਪੰਜਾਬ ‘ਚ ਗਰਮੀ ਦਾ ਕਹਿਰ ਵਧਿਆ, 20 ਸਾਲਾਂ ‘ਚ ਪਹਿਲੀ

ਪੰਜਾਬ ‘ਚ ਗਰਮੀ ਦਾ ਕਹਿਰ ਵਧਿਆ, 20 ਸਾਲਾਂ ‘ਚ ਪਹਿਲੀ

ਵਾਰ ਬਠਿੰਡਾ ਦਾ ਪਾਰਾ 47.5 ਡਿਗਰੀ ‘ਤੇ ਪਹੁੰਚਿਆ
ਬਠਿੰਡਾ/ਬਿਊਰੋ ਨਿਊਜ਼
ਪੰਜਾਬ ਸਮੇਤ ਉੱਤਰੀ ਭਾਰਤ ਵਿਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਇਹ ਸਾਰਾ ਇਲਾਕਾ ਇਕ ਭੱਠੀ ਵਾਂਗ ਤਪ ਰਿਹਾ ਹੈ, ਜਿਸ ਦਾ ਅੰਦਾਜ਼ਾ ਬਠਿੰਡਾ ਦੇ ਤਾਪਮਾਨ ਤੋਂ ਲਗਾਇਆ ਜਾ ਸਕਦਾ ਹੈ ਜਿੱਥੇ ਪਾਰਾ ਬੁੱਧਵਾਰ ਨੂੰ 47.5 ਡਿਗਰੀ ਸੈਲਸੀਅਸ ‘ਤੇ ਪੁੱਜ ਗਿਆ। ਦੱਸਣਯੋਗ ਹੈ ਕਿ ਪਿਛਲੇ 20 ਸਾਲਾਂ ਵਿਚ ਪਹਿਲੀ ਵਾਰ ਬਠਿੰਡਾ ਜ਼ਿਲ੍ਹੇ ਦਾ ਐਨਾ ਰਿਕਾਰਡ ਤੋੜ ਤਾਪਮਾਨ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ 8 ਜੂਨ, 2014 ਵਿਚ ਬਠਿੰਡਾ ਦਾ ਤਾਪਮਾਨ 47.2 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਸੀ। ਮੌਸਮ ਵਿਭਾਗ ਮੁਤਾਬਿਕ ਬਠਿੰਡਾ ਦਾ ਘੱਟੋ-ਘੱਟ ਤਾਪਮਾਨ 25.2 ਡਿਗਰੀ ਸੈਲਸੀਅਸ ਰਿਹਾ। ਜਦਕਿ ਹਵਾ ਵਿਚ ਨਮੀ ਦੀ ਵੱਧ ਤੋਂ ਵੱਧ ਮਾਤਰਾ 38 ਫ਼ੀਸਦੀ ਅਤੇ ਘੱਟੋ-ਘੱਟ 16 ਫ਼ੀਸਦੀ ਰਹੀ। ਮੌਸਮ ਮਾਹਿਰਾਂ ਮੁਤਾਬਿਕ ਪਿਛਲੇ 20 ਸਾਲਾਂ ‘ਚ ਅੱਜ ਛੇਵਾਂ ਮੌਕਾ ਹੈ, ਜਦੋਂ ਤਾਪਮਾਨ 47 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਰਿਹਾ ਹੋਵੇ। ਪਹਿਲਾਂ ਬਠਿੰਡਾ ਦਾ ਤਾਪਮਾਨ 12 ਮਈ, 2002 ਨੂੰ 47.0, 26 ਮਈ, 2010 ਨੂੰ 47.0, 24 ਮਈ 2013 ਨੂੰ 47.0, 8 ਜੂਨ, 2014 ਨੂੰ 47.2, 2 ਜੂਨ 2019 ਨੂੰ 47.0 ਡਿਗਰੀ ਸੈਲਸੀਅਸ ਰਿਹਾ ਸੀ। ਜੇਕਰ ਪੰਜਾਬ ਦੇ ਬਾਕੇ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਅਤੇ ਲੁਧਿਆਣਾ ਦਾ ਤਾਪਮਾਨ 44.2 ਰਿਹਾ। ਅੰਮ੍ਰਿਤਸਰ ਦਾ 43.5, ਜਦੋਂ ਕਿ ਚੰਡੀਗੜ੍ਹ ਦਾ ਤਾਪਮਾਨ 42.9 ਦਰਜ ਕੀਤਾ ਗਿਆ। ਗੁਆਂਢੀ ਸੂਬੇ ਹਰਿਆਣਾ ਦੇ ਨਰਨੌਲ ਦਾ ਤਾਪਮਾਨ 47.2 ਰਿਹਾ, ਜੋ ਕਿ ਆਮ ਨਾਲੋਂ 6 ਗੁਣਾ ਜ਼ਿਆਦਾ ਹੈ। ਹਿਸਾਰ ਦਾ ਤਾਪਮਾਨ 46.3, ਅੰਬਾਲਾ ਦਾ 43.8 ਅਤੇ ਕਰਨਾਲ ਦਾ 42.8 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਇਸੇ ਤਰ੍ਹਾਂ ਦੇ ਮੌਸਮ ਬਣੇ ਰਹਿਣ ਦੀ ਸੰਭਵਨਾ ਹੈ। 28 ਤੋਂ 31 ਮਈ ਵਿਚਕਾਰ ਕਈ ਜਗ੍ਹਾ ਧੂੜ ਭਰੀਆਂ ਹਵਾਵਾਂ ਦੇ ਨਾਲ-ਨਾਲ ਗਰਜ ਨਾਲ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਰਾਜਧਾਨੀ ਦਿੱਲੀ ਦਾ ਤਾਪਮਾਨ 47.2 ਦਰਜ ਕੀਤਾ ਗਿਆ। ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦਾ ਤਾਪਮਾਨ 49.6 ਰਿਹਾ ਜਦੋਂ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇੱਥੇ ਦਾ ਤਾਪਮਾਨ 50 ਡਿਗਰੀ ਸੀ।

Check Also

ਕਾਂਗਰਸ ਪਾਰਟੀ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ

ਰਾਣਾ ਕੰਵਰਪਾਲ ਸਿੰਘ ਬਣੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਨਵੀਂ ਦਿੱਲੀ/ਬਿਊਰੋ ਨਿਊਜ਼ : ਲੋਕ ਸਭਾ …