ਦੁਨੀਆ ਨੂੰ ਬਲਦੀ ਅੱਗ ‘ਚੋਂ ਕੱਢਣ ਲਈ ਗੁਰੂ ਨਾਨਕ ਦੇ ਰਾਹ ‘ਤੇ ਤੁਰਨਾ ਪਵੇਗਾ : ਸਤਿਗੁਰੂ ਉਦੇ ਸਿੰਘ
ਸੰਮੇਲਨ ‘ਚ ਵੱਖ-ਵੱਖ ਧਰਮਾਂ ਦੇ ਆਗੂਆਂ ਨੇ ਲਿਆ ਹਿੱਸਾ
ਮੈਲਬੌਰਨ : 23 ਅਪ੍ਰੈਲ 2023 ਨੂੰ ਆਸਟਰੇਲੀਆ ਦੇ ਮੈਲਬੌਰਨ ਵਿਖੇ ਨਾਮਧਾਰੀ ਸਮਾਜ ਵਲੋ ਇਕ ਸਰਬ ਧਰਮ ਸੰਮੇਲਨ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਧਰਮਾਂ ਦੇ ਨੁਮਾਇੰਦੇ ਸ਼ਾਮਿਲ ਹੋਏ। ਇਸ ਮੌਕੇ ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੇ ਸਿੰਘ ਨੇ ਕਿਹਾ ਕਿ ਇਤਿਹਾਸ ਵਿਚ ਬਸਤੀਵਾਦੀ ਦੇ ਦੌਰ ਦੌਰਾਨ ਨਾਮਧਾਰੀ ਸੰਪਰਦਾ ਨੇ ਆਪਣੀਆਂ ਸ਼ਾਨਦਾਰ ਰਵਾਇਤਾਂ ਨੂੰ ਕਾਇਮ ਰੱਖਦਿਆਂ ਸਮਾਜ ਸੇਵਾ ਦੇ ਨਾਲ-ਨਾਲ ਮਨੁੱਖੀ ਆਜ਼ਾਦੀ ਬਰਾਬਰਤਾ ਅਤੇ ਔਰਤਾਂ ਨੂੰ ਬਰਾਬਰ ਦਾ ਸਨਮਾਨ ਦੇਣ ਦੀ ਮੁਹਿੰਮ ਚਲਾਈ।
ਸਤਿਗੁਰੂ ਉਦੇ ਸਿੰਘ ਨੇ ਕਿਹਾ ਕਿ ਨਾਮਧਾਰੀ ਸੰਪਰਦਾ ਦੀ ਨੀਂਹ ਅਧਿਆਤਮਕ ਅਤੇ ਗੁਰਬਾਣੀ ‘ਤੇ ਟਿਕੀ ਹੋਈ ਹੈ। ਸਤਿਗੁਰੂ ਰਾਮ ਸਿੰਘ ਜੀ ਨੂੰ ਆਜ਼ਾਦੀ ਸੰਗਰਾਮ ਦੌਰਾਨ ਚਲਾਈ ਗਈ ਨਾ-ਮਿਲਵਰਤਨ ਲਹਿਰ ਦੇ ਬਾਨੀ ਵਜੋਂ ਜਾਣਿਆ ਜਾਂਦਾ ਹੈ। ਸਮਾਜ ਸੁਧਾਰ ਲਹਿਰ ਦੌਰਾਨ ਵਿਧਵਾਵਾਂ ਦੇ ਵਿਆਹਾਂ ਦੀ ਰਵਾਇਤ ਤੋੜ ਕੇ ਉਨ੍ਹਾਂ ਵੱਡਾ ਇਨਕਲਾਬੀ ਕਦਮ ਪੁੱਟਿਆ ਸੀ।
ਸਤਿਗੁਰੂ ਉਦੇ ਸਿੰਘ ਨੇ ਇਸ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਅੱਜ ਦੁਨੀਆ ਜਦੋਂ ਯੁੱਧ ਰੂਪੀ ਬਲਦੀ ਅੱਗ ‘ਤੇ ਬੈਠੀ ਹੈ, ਉਸ ਵੇਲੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਜਿਵੇਂ ਗੁਰੂ ਨਾਨਕ ਸਹਿਬ ਨੇ ਉਦਾਸੀਆਂ ਕਰਕੇ ਸਭ ਥਾਈਂ ਇਕ ਓਂਕਾਰ ਦਾ ਸੰਦੇਸ਼ ਦਿੱਤਾ ਸੀ ਅੱਜ ਉਸੇ ਉਪਰਾਲੇ ਨੂੰ ਲੈ ਕੇ ਨਾਮਧਾਰੀ ਸਮਾਜ ਅੱਗੇ ਵੱਧ ਰਿਹਾ ਹੈ ਅਤੇ ਇਸ ਵਿਚ ਬਹੁਤ ਸਾਰੇ ਧਰਮਾਂ ਦੇ ਲੋਕਾਂ ਦਾ ਸਹਿਯੋਗ ਹੈ।
ਵੱਖ-ਵੱਖ ਧਰਮਾਂ ਦੇ ਮੁਖੀ ਮੈਲਬੌਰਨ ਦੇ ਇਸ ਸਮਾਗਮ ਵਿਚ ਆਏ ਜਿਨ੍ਹਾਂ ਵਿਚ ਬਿਸ਼ਪ ਫਿਲਿਪ ਹੁੱਗਿੰਸ (ਅਗਲਿਕਨ ਚਰਚ), ਭ੍ਰਮਾ ਸਮਰਣ ਦਾਸ ( ਬੋਚਾਸੰਵਾਸੀ ਅਕਸ਼ਰ ਪੁਰਸ਼ੋਤਮ ਸਵਾਮੀ ਨਰਾਇਣ ਸੰਸਥਾਂ-), ਇਮਤਿਆਜ਼ ਨਵੀਦ ਅਹਿਮਦ (ਅਹਿਮਦੀਆ ਮੁਸਲਿਮ ਸੰਸਥਾ), ਸ੍ਰੀ ਨਿਵਾਸਨ (ਹਿੰਦੂ ਮੰਦਿਰ ਵਿਕਟੋਰੀਆ), ਅਭਿਜੀਤ ਭਿੜੇ (ਮੈਂਬਰ ਆਫ ਹਿੰਦੂ ਕੰਸਿਲ ਆਸਟ੍ਰੇਲੀਆ), ਮੁਸਤਫ਼ਾ ਪੂਨਾ ਵਾਲਾ (ਦਵੁੱਧੀ ਬੋਹਰਾ ਮੁਸਲਿਮ ਲੀਡਰ) ,ਆਸਟ੍ਰੇਲੀਆ ਸਰਕਾਰ ਦੇ ਮੰਤਰੀ ਮਿਸਟਰ ਜੇਸਨ ਵੁਡ ਅਤੇ ਭਾਰਤੀ ਸਫ਼ੀਰ ਮਨਪ੍ਰੀਤ ਵੋਹਰਾ ਅਤੇ ਅਹਿਮਦੀਆ ਮੁਸਲਮ ਸਮਾਜ ਤੋਂ ਡਾ. ਤਾਰਿਕ ਭੱਟ ਆਦਿ ਸ਼ਾਮਿਲ ਹੋਏ।