Breaking News
Home / ਪੰਜਾਬ / ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਦੇਹਾਂਤ

ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਦੇਹਾਂਤ

ਪਿਛਲੇ ਦਿਨੀਂ ਹੀ ਬ੍ਰਹਮਪੁਰਾ ਨੂੰ ਬਣਾਇਆ ਗਿਆ ਸੀ ਪਾਰਟੀ ਦਾ ਸਰਪ੍ਰਸਤ
ਚੰਡੀਗੜ੍ਹ/ਬਿਊਰੋ ਨਿਊਜ਼ : ਬਜ਼ੁਰਗ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਹ 85 ਸਾਲਾਂ ਦੇ ਸਨ। ਸਾਬਕਾ ਸੰਸਦ ਮੈਂਬਰ ਬ੍ਰਹਮਪੁਰਾ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਸਨ ਤੇ ਉਨ੍ਹਾਂ ਪੀਜੀਆਈ ਚੰਡੀਗੜ੍ਹ ਵਿੱਚ ਆਖਰੀ ਸਾਹ ਲਏ। ਬ੍ਰਹਮਪੁਰਾ ਨੂੰ ਅਜੇ ਪਿੱਛੇ ਜਿਹੇ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੋਰ ਕਮੇਟੀ ਦੇ ਕੀਤੇ ਪੁਨਰਗਠਨ ਮੌਕੇ ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ ਸੀ। ਚਾਰ ਵਾਰ ਵਿਧਾਇਕ ਰਹੇ ਬ੍ਰਹਮਪੁਰਾ ਨੇ 2014 ਤੋਂ 2019 ਦੇ ਅਰਸੇ ਦੌਰਾਨ ਖਡੂਰ ਸਾਹਿਬ ਸੰਸਦੀ ਹਲਕੇ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਨੂੰ ਅਕਸਰ ‘ਮਾਝੇ ਦਾ ਜਰਨੈਲ’ ਵੀ ਕਿਹਾ ਜਾਂਦਾ ਸੀ। ਪਾਰਟੀ ਲੀਡਰਸ਼ਿਪ ਖਿਲਾਫ ਬਗਾਵਤ ਦਾ ਝੰਡਾ ਚੁੱਕਣ ਮਗਰੋਂ ਬ੍ਰਹਮਪੁਰਾ ਨੂੰ 2018 ਵਿੱਚ ਪਾਰਟੀ ‘ਚੋਂ ਬਰਖਾਸਤ ਕਰ ਦਿੱਤਾ ਗਿਆ ਸੀ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨਾਂ ਦੀ ਆਪਣੀ ਵੱਖਰੀ ਪਾਰਟੀ ਵੀ ਬਣਾਈ ਸੀ। ਇਸ ਤੋਂ ਬਾਅਦ ਰਣਜੀਤ ਸਿੰਘ ਬ੍ਰਹਮਪੁਰਾ ਦਸੰਬਰ 2021 ਵਿੱਚ ਮੁੜ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਏ ਸਨ।
ਮੁੱਖ ਮੰਤਰੀ ਭਗਵੰਤ ਮਾਨ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਸਣੇ ਹੋਰ ਕਈ ਸਿਆਸੀ ਆਗੂਆਂ ਨੇ ਬ੍ਰਹਮਪੁਰਾ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਬਜ਼ੁਰਗ ਅਕਾਲੀ ਆਗੂ ਦੇ ਅਕਾਲ ਚਲਾਣੇ ‘ਤੇ ਬ੍ਰਹਮਪੁਰਾ ਪਰਿਵਾਰ ਕੋਲ ਦੁੱਖ ਪ੍ਰਗਟਾਇਆ ਹੈ।

 

Check Also

ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਨੇ ਰੋਕੀ ਪ੍ਰਧਾਨ ਮੰਤਰੀ ਜਨ ਆਰੋਗ ਯੋਜਨਾ

ਨੱਢਾ ਬੋਲੇ : ਦਿੱਲੀ ’ਚ ਪਾਰਟੀ ਦੀ ਜੈ ਜੈ ਕਾਰ ਕਰਨ ਦੀ ਬਜਾਏ ਆਪਣੇ ਸੂਬੇ …