Breaking News
Home / ਪੰਜਾਬ / ਲੁਧਿਆਣਾ ‘ਚ ਪੰਜ ਸਾਲ ਪਹਿਲਾਂ ਹੋਏ ਵਾਅਦੇ ਸਿਰਫ ਲਾਰੇ ਸਾਬਤ ਹੋਏ

ਲੁਧਿਆਣਾ ‘ਚ ਪੰਜ ਸਾਲ ਪਹਿਲਾਂ ਹੋਏ ਵਾਅਦੇ ਸਿਰਫ ਲਾਰੇ ਸਾਬਤ ਹੋਏ

ਲੁਧਿਆਣਾ : ਸੂਬੇ ਦੀ ਸਨਅਤੀ ਰਾਜਧਾਨੀ ਮੰਨੇ ਜਾਂਦੇ ਲੁਧਿਆਣਾ ਵਿਚ ਪਿਛਲੇ ਪੰਜ ਸਾਲਾਂ ਦੌਰਾਨ ਕੋਈ ਵੱਡਾ ਪ੍ਰਾਜੈਕਟ ਸ਼ੁਰੂ ਨਹੀਂ ਹੋਇਆ। ਪੇਂਡੂ ਖੇਤਰਾਂ ਵਿਚ ਵੀ ਖ਼ਾਸ ਵਿਕਾਸ ਨਹੀਂ ਹੋਇਆ, ਜਿਸ ਕਾਰਨ ਲੋਕ ਨਿਰਾਸ਼ ਹਨ। ਪੰਜ ਸਾਲ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਜੋ ਵਾਅਦੇ ਲੋਕਾਂ ਨਾਲ ਕੀਤੇ ਗਏ ਸਨ, ਉਹ ਲਾਰੇ ਸਾਬਿਤ ਹੋਏ ਹਨ।
ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਲੁਧਿਆਣਾ ਸੰਸਦੀ ਹਲਕੇ ਵਿਚ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਨੇ ‘ਆਪ’ ਉਮੀਦਵਾਰ ਐੱਚ ਐੱਸ ਫੂਲਕਾ ਨੂੰ ਹਰਾਇਆ ਸੀ। ਲੋਕ ਸਭਾ ਚੋਣਾਂ ਦੌਰਾਨ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਸਿਹਤ ਦਾ ਹਵਾਲਾ ਦੇ ਕੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਚੋਣਾਂ ਤੋਂ ਐਨ ਪਹਿਲਾਂ ਆਨੰਦਪੁਰ ਸਾਹਿਬ ਤੋਂ ਟਿਕਟ ਬਦਲ ਕੇ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ। ਲੁਧਿਆਣਾ ਲੋਕ ਸਭਾ ਹਲਕੇ ਵਿਚ 9 ਵਿਧਾਨ ਸਭਾ ਹਲਕੇ ਆਉਂਦੇ ਹਨ, ਜਿਨ੍ਹਾਂ ਵਿਚ 6 ਵਿਧਾਨ ਸਭਾ ਹਲਕੇ ਲੁਧਿਆਣਾ ਸ਼ਹਿਰੀ (ਪੂਰਬੀ, ਪੱਛਮੀ, ਉੱਤਰੀ, ਦੱਖਣੀ, ਆਤਮ ਨਗਰ ਤੇ ਕੇਂਦਰੀ) ਤੇ 3 ਵਿਧਾਨ ਸਭਾ ਹਲਕੇ ਗਿੱਲ, ਦਾਖਾ, ਜਗਰਾਉਂ ਆਉਂਦੇ ਹਨ। ਲੁਧਿਆਣਾ ਦੇ ਲੋਕ ਰਵਨੀਤ ਸਿੰਘ ਬਿੱਟੂ ਤੋਂ ਨਿੱਜੀ ਤੌਰ ‘ਤੇ ਤਾਂ ਖੁਸ਼ ਹਨ, ਪਰ ਵਿਕਾਸ ਕਾਰਜਾਂ ਜਾਂ ਪ੍ਰਾਜੈਕਟਾਂ ਦੇ ਮਾਮਲੇ ਵਿਚ ਨਿਰਾਸ਼ ਹਨ। ਪੰਜ ਸਾਲਾਂ ਦੌਰਾਨ ਇਸ ਸੰਸਦੀ ਹਲਕੇ ਨੂੰ ਕੋਈ ਵੱਡਾ ਪ੍ਰਾਜੈਕਟ ਨਹੀਂ ਮਿਲ ਸਕਿਆ। ਬੁੱਢਾ ਨਾਲਾ, ਜਗਰਾਉਂ ਪੁਲ, ਸ਼ਹਿਰ ਦੇ ਅੰਦਰੂਨੀ ਫਾਟਕ, ਪਿੰਡਾਂ ਵਿਚ ਨਸ਼ਿਆਂ ਤੇ ਫੋਕਲ ਪੁਆਇੰਟ ਦੀਆਂ ਸਮੱਸਿਆਵਾਂ ਹੱਲ ਨਹੀਂ ਹੋ ਸਕੀਆਂ। ਪੰਜ ਸਾਲਾਂ ਦੌਰਾਨ ਇਸ ਹਲਕੇ ਵਿਚ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਇਲੈਕਟ੍ਰਾਨਿਕ ਪੌੜੀਆਂ, ਲਿਫਟ, ਅਸੁਰੱਖਿਅਤ ਐਲਾਨੇ ਜਗਰਾਉਂ ਪੁਲ ਨੂੰ ਪਾਸ ਕਰਵਾਉਣ (ਪੁਲ ਅਜੇ ਉਸਾਰੀ ਅਧੀਨ ਹੈ), ਸ਼ਹਿਰ ਤੇ ਪਿੰਡਾਂ ਦੇ ਪਾਰਕਾਂ ਵਿਚ ਜਿਮ, ਜਗਰਾਉਂ ਵਿਚ ਸੀਸੀਟੀਵੀ ਕੈਮਰੇ, ਧਰਮਸ਼ਾਲਾ, ਸ਼ਮਸ਼ਾਨਘਾਟਾਂ ਲਈ ਬਿਲਡਿੰਗ ਫੰਡ ਤੇ ਅੰਗਹੀਣ ਤੇ ਗੂੰਗੇ-ਬੋਲੇ ਲੋਕਾਂ ਨੂੰ ਮਸ਼ੀਨਾਂ ਵੰਡਣ ਦੇ ਕੈਂਪ ਲਾਉਣ ਦੇ ਕਾਰਜ ਕੀਤੇ ਗਏ ਹਨ। ਉਂਜ, ਸ਼ਹਿਰਾਂ ਨਾਲੋਂ ਜ਼ਿਆਦਾ ਗਿਲਾ ਤਿੰਨ ਪੇਂਡੂ ਵਿਧਾਨ ਸਭਾ ਹਲਕਿਆਂ ਦੇ ਲੋਕਾਂ ਵਿਚ ਹੈ। ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਚਾਹੇ ਸ਼ਨਿਚਰਵਾਰ ਤੇ ਐਤਵਾਰ ਨੂੰ ਹੀ ਹਲਕੇ ਵਿਚ ਆਉਂਦੇ ਸਨ, ਪਰ ਉਹ ਪਿੰਡਾਂ ਵਿਚ ਜ਼ਰੂਰ ਆਉਂਦੇ ਸਨ, ਉਨ੍ਹਾਂ ਦੀ ਸੁਣਵਾਈ ਵੀ ਵੱਧ ਸੀ। ਦਾਖਾ ਹਲਕੇ ਦੇ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਲੋਕ ਸਭਾ ਮੈਂਬਰ ਬਿੱਟੂ ਨੇ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਹੋ ਸਕੇ। ਪੰਜ ਸਾਲਾਂ ਦੌਰਾਨ ਗਿਣੇ-ਚੁਣੇ ਵਾਰ ਹੀ ਬਿੱਟੂ ਦੇ ਦਰਸ਼ਨ ਹੋ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਲਕੇ ਦੇ ਵਿਧਾਇਕ ਨੇ ਅਸਤੀਫ਼ਾ ਦਿੱਤਾ ਹੋਇਆ ਹੈ ਤੇ ਬਿੱਟੂ ਲੁਧਿਆਣੇ ਤੋਂ ਬਾਹਰ ਨਹੀਂ ਨਿਕਲਦੇ, ਇਸ ਤਰੀਕੇ ਨਾਲ ਪਿੰਡਾਂ ਦਾ ਵਿਕਾਸ ਕਿਵੇਂ ਹੋ ਸਕਦਾ ਹੈ। ਜਗਰਾਉਂ ਦੇ ਪਿੰਡ ਬਸੀਆਂ ਵਾਸੀ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿਚ ਸੜਕਾਂ, ਸੀਵਰੇਜ ਤੇ ਸਟਰੀਟ ਲਾਈਟ ਤਿੰਨੇ ਬੁਨਿਆਦੀ ਸਹੂਲਤਾਂ ਨਹੀਂ ਹਨ। ਸੜਕਾਂ ਟੁੱਟੀਆਂ ਹਨ ਤੇ ਮੀਂਹ ਵਿਚ ਗਲੀਆਂ ਪਾਣੀ ਨਾਲ ਭਰ ਜਾਂਦੀਆਂ ਹਨ।
ਚੋਣ ਜਿੱਤਣ ਤੋਂ ਬਾਅਦ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਕੀਮ ਤਹਿਤ ਪਰਮਵੀਰ ਚੱਕਰ ਹਾਸਲ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੇ ਪਿੰਡ ਈਸੇਵਾਲ ਨੂੰ ਗੋਦ ਲਿਆ ਸੀ। ਪਿੰਡ ਗੋਦ ਲੈਣ ਤੋਂ ਬਾਅਦ ਬਿੱਟੂ ਇੱਕ-ਦੋ ਵਾਰ ਹੀ ਇਸ ਪਿੰਡ ਗਏ, ਉਸ ਤੋਂ ਬਾਅਦ ਪਿੰਡ ਦੀ ਸਾਰ ਨਹੀਂ ਲਈ। ਪੰਜ ਸਾਲਾਂ ਦੌਰਾਨ ਪਿੰਡ ਨੂੰ ਸਿਰਫ਼ 10 ਲੱਖ ਰੁਪਏ ਦਿੱਤੇ ਗਏ ਸਨ, ਜਿਸ ਨਾਲ ਪਿੰਡ ਵਿਚ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਹੋਇਆ ਸੀ। ਪਿੰਡ ਗੋਦ ਲੈਣ ਸਮੇਂ ਬਿੱਟੂ ਨੇ ਵਾਅਦਾ ਕੀਤਾ ਸੀ ਕਿ ਪਿੰਡ ਵਿਚ ਸੀਵਰੇਜ, ਵਾਟਰ ਟਰੀਟਮੈਂਟ ਪਲਾਂਟ ਤੇ ਹਸਪਤਾਲ ਆਦਿ ਬਣਾਏ ਜਾਣਗੇ। ਹਾਲਾਂਕਿ ਇਸ ਮੁੱਦੇ ‘ਤੇ ਬਿੱਟੂ ਨੇ ਜਵਾਬ ਦਿੱਤਾ ਸੀ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ ਕੇਂਦਰ ਸਰਕਾਰ ਨੇ ਪੈਸੇ ਦੇਣੇ ਸਨ, ਜੋ ਜਾਰੀ ਨਹੀਂ ਕੀਤੇ ਗਏ।ਸਨਅਤੀ ਸ਼ਹਿਰ ਵਿਚੋਂ 16 ਕਿਲੋਮੀਟਰ ਤਕ ਨਿਕਲਣ ਵਾਲਾ ਬੁੱਢਾ ਨਾਲਾ ਵੀ ਅਜੇ ਤਕ ਸਾਫ਼ ਨਹੀਂ ਹੋ ਸਕਿਆ। ਪੰਜ ਸਾਲ ਪਹਿਲਾਂ ਬੁੱਢੇ ਨਾਲੇ ਨੂੰ ਵੀ ਸਾਫ਼ ਕਰਨ ਦੀ ਗੱਲ ਕਹੀ ਗਈ ਸੀ, ਪਰ ਸਿਰਫ਼ ਨਗਰ ਨਿਗਮ ਵੱਲੋਂ ਬਰਸਾਤਾਂ ਤੋਂ ਪਹਿਲਾਂ ਕੀਤੀ ਜਾਣ ਵਾਲੀ ਸਫ਼ਾਈ ਤੋਂ ਇਲਾਵਾ ਇਸ ਦੇ ਲਈ ਕੁਝ ਨਹੀਂ ਹੋਇਆ। ਬੁੱਢੇ ਨਾਲੇ ਦੇ ਆਲੇ-ਦੁਆਲੇ ਲੱਖਾਂ ਦੀ ਆਬਾਦੀ ਹੈ, ਜੋ ਨਾਲੇ ਦੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਹੈ। ਰਵਨੀਤ ਬਿੱਟੂ ਅਨੁਸਾਰ ਸੰਸਦੀ ਹਲਕੇ ਵਿਚ ਇਮਾਰਤਾਂ ਬਣਵਾਉਣ ‘ਤੇ 6.53 ਕਰੋੜ, ਸਟਰੀਟ ਲਾਈਟਾਂ ਤੇ ਸੋਲਰ ਲਾਈਟਾਂ ‘ਤੇ 1.24 ਕਰੋੜ, ਪਾਰਕਾਂ ਵਿਚ ਓਪਨ ਏਅਰ ਜਿਮ ‘ਤੇ 7.04 ਕਰੋੜ, ਸੜਕਾਂ ‘ਤੇ 2.91 ਕਰੋੜ, ਟਿਊਬਵੈੱਲਾਂ ‘ਤੇ 3.42 ਕਰੋੜ, ਵਾਟਰ ਸਪਲਾਈ ‘ਤੇ 1.77 ਕਰੋੜ ਤੇ ਜਗਰਾਉਂ ਵਿਚ ਸੀਸੀਟੀਵੀ ਕੈਮਰਿਆਂ ‘ਤੇ 12 ਲੱਖ ਖ਼ਰਚ ਕੀਤੇ ਹਨ। ਬਿੱਟੂ ਨੇ ਦੱਸਿਆ ਕਿ ਉਨ੍ਹਾਂ ਨੇ ਹਲਵਾਰਾ ਏਅਰਫੋਰਸ ਸਟੇਸ਼ਨ ‘ਤੇ ਕੌਮਾਂਤਰੀ ਉਡਾਣਾਂ ਉਤਾਰਨ ਦੀ ਯੋਜਨਾ ਨੂੰ ਵੀ ਮਨਜ਼ੂਰੀ ਦਿਵਾਈ।
ਐੱਮਪੀ ਕੋਟੇ ਵਿਚੋਂ 24.96 ਕਰੋੜ ਰੁਪਏ ਖ਼ਰਚੇ: ਬਿੱਟੂ
ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਉਨ੍ਹਾਂ ਆਪਣੇ 25 ਕਰੋੜ ਦੇ ਐੱਮਪੀ ਕੋਟੇ ਵਿਚੋਂ 24.96 ਕਰੋੜ ਰੁਪਏ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਵਿਚ ਖ਼ਰਚ ਕੀਤੇ ਹਨ। ਲੋਕ ਸਭਾ ਵਿਚ ਸੂਬੇ ਦੇ ਕਈ ਅਹਿਮ ਮੁੱਦੇ ਚੁੱਕੇ, ਜਿਨ੍ਹਾਂ ਵਿਚ ਬੁੱਢਾ ਦਰਿਆ, ਕਿਸਾਨੀ ਕਰਜ਼ੇ, ਨਸ਼ੇ ਤੇ ਹੋਰ ਮੁੱਦੇ ਸ਼ਾਮਲ ਹਨ। ਜਗਰਾਉਂ ਪੁਲ ਦਾ ਮੁੱਦਾ ਰੇਲਵੇ ਵਿਭਾਗ ਨਾਲ ਚੁੱਕ ਕੇ ਜਗਰਾਉਂ ਪੁਲ ਦੀ ਮੁੜ ਉਸਾਰੀ ਦੀ ਮਨਜ਼ੂਰੀ ਦਿਵਾਈ ਤੇ ਕੰਮ ਵਿਚ ਤੇਜ਼ੀ ਲਿਆਂਦੀ ਗਈ।
ਲੋਕਾਂ ਦੇ ਫੋਨ ਤੱਕ ਨਹੀਂ ਚੁੱਕਦੇ ਬਿੱਟੂ: ਫੂਲਕਾ
ਐੱਚ ਐੱਸ ਫੂਲਕਾ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਨੇ ਤਾਂ ਪੰਜ ਸਾਲਾਂ ਵਿਚ ਲੋਕਾਂ ਦੇ ਫੋਨ ਹੀ ਨਹੀਂ ਚੁੱਕੇ, ਕੰਮ ਕਰਵਾਉਣਾ ਤਾਂ ਦੂਰ ਦੀ ਗੱਲ ਹੈ, ਉਹ ਸਿਰਫ਼ ਇਕ ਵਿਧਾਨ ਸਭਾ ਖੇਤਰ ਵਿਚ ਹੀ ਘੁੰਮਦੇ ਰਹੇ ਹਨ। ਲੋਕ ਵਿਕਾਸ ਕਾਰਜਾਂ ਨੂੰ ਤਰਸ ਰਹੇ ਹਨ। ਗੋਦ ਲਏ ਪਿੰਡ ਵਿਚ ਬਿੱਟੂ ਨੇ ਕਦੇ ਗੇੜਾ ਨਹੀਂ ਮਾਰਿਆ।

Check Also

ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਵਿਚ ਕਾਰਪੋਰੇਟ ਅਦਾਰਿਆਂ ਖਿਲਾਫ ਲਗਾਤਾਰ ਧਰਨੇ ਜਾਰੀ

8 ਮਾਰਚ ਨੂੰ ਮਹਿਲਾ ਦਿਵਸ ਮੌਕੇ ਬੀਬੀਆਂ ਨੂੰ ਦਿੱਲੀ ਦੀਆਂ ਸਰਹੱਦਾਂ ‘ਤੇ ਪਹੁੰਚਣ ਦਾ ਸੱਦਾ …